ਤਾਜਾ ਖਬਰਾਂ
ਪੰਜਾਬ ਵਿੱਚ ਬਿਜਲੀ ਮੁਲਾਜ਼ਮਾਂ ਨੇ ਆਪਣੀ ਚੱਲ ਰਹੀ ਹੜਤਾਲ ਹੋਰ ਦੋ ਦਿਨ ਲਈ ਵਧਾ ਕੇ 15 ਅਗਸਤ ਤੱਕ ਕਰਨ ਦਾ ਐਲਾਨ ਕੀਤਾ ਹੈ। ਪਿਛਲੇ ਦੋ ਦਿਨਾਂ ਤੋਂ ਚੱਲ ਰਹੀ ਹੜਤਾਲ ਨਾਲ ਪਹਿਲਾਂ ਹੀ ਆਮ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਟੈਕਨੀਕਲ ਸਟਾਫ ਵੀ ਇਸ ਸੰਘਰਸ਼ ਵਿੱਚ ਸ਼ਾਮਲ ਹੋ ਗਿਆ ਹੈ, ਜਿਸ ਕਾਰਨ ਵਿਭਾਗ ਦਾ ਸਾਰਾ ਕੰਮ ਠੱਪ ਹੋ ਗਿਆ ਹੈ।
ਹੜਤਾਲੀ ਕਰਮਚਾਰੀਆਂ ਨੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਚੇਤਾਵਨੀ ਦਿੱਤੀ ਹੈ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੀਵ੍ਰ ਕੀਤਾ ਜਾਵੇਗਾ। ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਹੋਣ ਨਾਲ ਲੋਕਾਂ ਨੂੰ ਗਰਮੀ ਵਿੱਚ ਬਿਨਾਂ ਪਾਣੀ ਤੇ ਬਿਜਲੀ ਦੇ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕਈ ਘਰਾਂ ਵਿੱਚ ਕੱਲ੍ਹ ਤੋਂ ਬਿਜਲੀ ਠੀਕ ਨਹੀਂ ਹੋ ਸਕੀ, ਜਿਸ ਕਾਰਨ ਲੋਕਾਂ ਨੇ ਸਰਕਾਰ ਨੂੰ ਤੁਰੰਤ ਹੱਲ ਲੱਭਣ ਲਈ ਅਪੀਲ ਕੀਤੀ ਹੈ।
ਬਿਜਲੀ ਮੁਲਾਜ਼ਮਾਂ ਦੇ ਆਗੂਆਂ ਨੇ ਲੋਕਾਂ ਦੀ ਪਰੇਸ਼ਾਨੀ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਉਹ ਖੁਦ ਆਮ ਲੋਕਾਂ ਨੂੰ ਤਕਲੀਫ਼ ਨਹੀਂ ਦੇਣਾ ਚਾਹੁੰਦੇ। ਉਨ੍ਹਾਂ ਦਾ ਦਾਅਵਾ ਹੈ ਕਿ ਜੇ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਮੰਨ ਲਵੇ ਤਾਂ ਉਹ ਤੁਰੰਤ ਹੜਤਾਲ ਖਤਮ ਕਰ ਦੇਣਗੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਅਣਗਹਿਲੀ ਕਾਰਨ ਹੜਤਾਲ ਦਾ ਸਮਾਂ ਹੁਣ 15 ਅਗਸਤ ਤੱਕ ਵਧਾਇਆ ਗਿਆ ਹੈ।
ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਵਿੱਚ ਵੱਧ ਮੁਆਵਜ਼ਾ, ਡਿਊਟੀ ਦੌਰਾਨ ਜ਼ਖਮੀ ਕਰਮਚਾਰੀਆਂ ਦਾ ਪੂਰਾ ਇਲਾਜ, ਠੇਕੇ ’ਤੇ ਕੰਮ ਕਰ ਰਹੇ ਕਰਮਚਾਰੀਆਂ ਦੀ ਸਥਾਈ ਭਰਤੀ, ਪੁਰਾਣੀ ਪੈਨਸ਼ਨ ਬਹਾਲੀ, ਤਨਖਾਹ ਸਮਾਨਤਾ, ਮਹਿਲਾ ਕਰਮਚਾਰੀਆਂ ਲਈ ਵੱਖਰੇ ਪਖਾਨੇ ਅਤੇ ਦਫ਼ਤਰਾਂ ਦੀ ਮੁਰੰਮਤ ਸ਼ਾਮਲ ਹਨ। ਇਸ ਸੰਘਰਸ਼ ਵਿੱਚ ਪੀਐਸਈਬੀ ਕਰਮਚਾਰੀ ਸੰਯੁਕਤ ਫੋਰਮ, ਬਿਜਲੀ ਕਰਮਚਾਰੀ ਏਕਤਾ ਮੰਚ, ਗਰਿੱਡ ਸਬ-ਸਟੇਸ਼ਨ ਕਰਮਚਾਰੀ ਯੂਨੀਅਨ, ਪਾਵਰਕਾਮ ਅਤੇ ਟ੍ਰਾਂਸਕੋ ਪੈਨਸ਼ਨਰ ਯੂਨੀਅਨ (ਈਟੀਯੂਸੀ) ਅਤੇ ਪੈਨਸ਼ਨਰ ਫੈਡਰੇਸ਼ਨ (ਪੰਜਾਬ) ਵਰਗੀਆਂ ਵੱਡੀਆਂ ਯੂਨੀਅਨਾਂ ਸ਼ਾਮਲ ਹਨ।
Get all latest content delivered to your email a few times a month.