ਤਾਜਾ ਖਬਰਾਂ
ਜਲੰਧਰ- ਜਲੰਧਰ ਦੇ ਨੰਦਰਪੁਰ ਨੇੜੇ ਰਾਤ 1 ਵਜੇ ਦੇ ਕਰੀਬ ਇੱਕ ਧਾਰਮਿਕ ਪ੍ਰੋਗਰਾਮ ਦੌਰਾਨ ਕੁੱਝ ਅਣਪਛਾਤੇ ਨੌਜਵਾਨ ਨੇ ਤੇਜ਼ਧਾਰ ਹਥਿਆਰਾਂ ਨਾਲ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਪ੍ਰੋਗਰਾਮ 'ਚ ਹਮਲੇ ਦੌਰਾਨ ਕਈ ਲੋਕ ਵੀ ਜ਼ਖ਼ਮੀ ਹੋਏ ਦੱਸੇ ਜਾ ਰਹੇ ਹਨ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਜੋਂ ਹੋਈ ਹੈ, ਜੋ ਕਿ ਨੰਦਰਪੁਰ ਦੇ ਅਸ਼ੋਕ ਨਗਰ ਦੀ ਲੇਨ ਨੰਬਰ ਤਿੰਨ ਵਿੱਚ ਕਿਰਾਏ 'ਤੇ ਰਹਿ ਰਿਹਾ ਸੀ। ਉਹ ਇੱਕ ਗਰੀਬ ਪਰਿਵਾਰ ਨਾਲ ਸਬੰਧਤ ਸੀ ਅਤੇ ਪਿਛਲੇ ਤਿੰਨ ਮਹੀਨਿਆਂ ਤੋਂ ਉੱਥੇ ਰਹਿ ਰਿਹਾ ਸੀ।
ਜਾਣਕਾਰੀ ਅਨੁਸਾਰ, ਇਹ ਘਟਨਾ ਇੱਕ ਧਾਰਮਿਕ ਪ੍ਰੋਗਰਾਮ ਦੌਰਾਨ ਹੋਏ ਝਗੜੇ ਨਾਲ ਸ਼ੁਰੂ ਹੋਈ ਸੀ। ਗੋਪੀ ਨੇ ਕੁਝ ਨੌਜਵਾਨਾਂ ਨੂੰ ਹਥਿਆਰਾਂ ਨਾਲ ਆਪਣੇ ਘਰ ਆਉਣ ਤੋਂ ਮਨ੍ਹਾ ਕੀਤਾ ਸੀ, ਜਿਸ ਕਾਰਨ ਉਹ ਗੁੱਸੇ ਵਿੱਚ ਆ ਗਏ।
ਇਸ ਤੋਂ ਬਾਅਦ ਦੋ ਗੱਡੀਆਂ ਵਿੱਚ ਸਵਾਰ ਮੁਲਜ਼ਮਾਂ ਨੇ ਗੋਪੀ ਦੇ ਘਰ 'ਤੇ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਸਿਰ 'ਤੇ ਹਮਲਾ ਕੀਤਾ ਅਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਸ ਹਮਲੇ ਵਿੱਚ ਦੋ ਔਰਤਾਂ ਅਤੇ ਇੱਕ ਆਦਮੀ ਵੀ ਜ਼ਖਮੀ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਹਮਲੇ ਵਿੱਚ ਗੋਪੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਕਿ ਗੋਲੀਆਂ ਦੇ ਛਰ੍ਹੇ ਲੱਗਣ ਕਾਰਨ ਕੁਝ ਹੋਰ ਲੋਕ ਜ਼ਖਮੀ ਹੋ ਗਏ। ਘਟਨਾ ਤੋਂ ਬਾਅਦ ਹਮਲਾਵਰ ਭੱਜ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ-1 ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਪੁਲਿਸ ਨੇ ਆਲੇ-ਦੁਆਲੇ ਦੇ ਇਲਾਕੇ ਦੇ ਸੀਸੀਟੀਵੀ ਫੁਟੇਜ ਨੂੰ ਸਕੈਨ ਕਰਨ ਦੇ ਨਾਲ-ਨਾਲ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਲਾਕੇ ਵਿੱਚ ਤਣਾਅ ਦਾ ਮਾਹੌਲ ਹੈ, ਜਿਸ ਕਾਰਨ ਵਾਧੂ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਘਟਨਾ ਪ੍ਰੋਗਰਾਮ ਦੌਰਾਨ ਹੋਈ ਪੁਰਾਣੀ ਰੰਜਿਸ਼ ਅਤੇ ਝਗੜੇ ਦਾ ਨਤੀਜਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
Get all latest content delivered to your email a few times a month.