ਤਾਜਾ ਖਬਰਾਂ
ਚੰਡੀਗੜ੍ਹ- ਪਹਾੜੀ ਇਲਾਕਿਆਂ ਵਿਚ ਹੋ ਰਹੀ ਭਾਰੀ ਬਾਰਿਸ਼ ਕਾਰਨ ਡੈਮਾਂ ਵਿਚ ਵਧੇ ਪਾਣੀ ਤੋਂ ਬਾਅਦ ਪੋਂਗ ਡੈਮ ਦੇ ਫਲੱਡ ਗੇਟ ਖੋਲ ਦਿੱਤੇ ਗਏ, ਜਿਸ ਕਾਰਨ ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਵੱਧ ਕੇ 1 ਲੱਖ ਕਿਊਸਿਕ ਤੱਕ ਜਾ ਪੁੱਜਾ। ਇਸ ਤੋਂ ਬਾਅਦ ਬਿਆਸ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਵਿਚ ਵੀ ਬੀਤੇ ਕੱਲ੍ਹ ਤੋਂ ਪਾਣੀ ਦਾ ਪੱਧਰ ਵੱਧਣਾ ਸ਼ੁਰੂ ਹੋ ਗਿਆ ਸੀ, ਜੋ ਲਗਾਤਾਰ ਵੱਧ ਰਿਹਾ ਹੈ।
ਅੱਜ ਸਵੇਰੇ 11 ਵਜੇ ਦੇ ਕਰੀਬ ਹਰੀਕੇ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ ਵੱਧ ਕੇ 65417 ਕਿਊਸਿਕ ਹੋ ਗਿਆ, ਜਿਸ ਵਿਚੋਂ ਡਾਊਨ ਸਟਰੀਮ ਨੂੰ 52139 ਕਿਊਸਿਕ ਛੱਡਿਆ ਗਿਆ ਅਤੇ 50 ਹਜ਼ਾਰ ਕਿਊਸਿਕ ਪਾਣੀ ਡਾਊਨ ਸਟਰੀਮ ਨੂੰ ਛੱਡ ਦਿੱਤੇ ਜਾਣ ’ਤੇ ਹਰੀਕੇ ਰੈਗੂਲੇਸ਼ਨ ਵਿਭਾਗ ਵਲੋਂ ਲੋ ਫਲੱਡ ਐਲਾਨਿਆ ਜਾਂਦਾ ਹੈ ਜੋ ਅੱਜ ਐਲਾਨ ਦਿੱਤਾ ਗਿਆ।ਹਰੀਕੇ ਹੈੱਡ ਵਰਕਸ ਦੇ ਰੈਗੂਲੇਸ਼ਨ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ 11 ਵਜੇ ਹਰੀਕੇ ਹੈੱਡ ਵਰਕਸ ਦੇ ਅੱਪ ਸਟਰੀਮ ਵਿਚ 65417 ਕਿਊਸਿਕ ਪਾਣੀ ਦੀ ਆਮਦ ਸੀ, ਜਿਸ ਵਿਚੋਂ ਡਾਊਨ ਸਟਰੀਮ ਨੂੰ 52139 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ ਜਦ ਕਿ ਫਿਰੋਜ਼ਪੁਰ ਫੀਡਰ ਨਹਿਰ ਨੂੰ 7837 ਅਤੇ ਰਾਜਸਥਾਨ ਫੀਡਰ ਨਹਿਰ ਨੂੰ 13095 ਕਿਊਸਿਕ ਪਾਣੀ ਛੱਡਿਆ ਗਿਆ।
ਹਰੀਕੇ ਹੈੱਡ ਵਰਕਸ ਤੋਂ ਡਾਊਨ ਸਟਰੀਮ ਨੂੰ ਪਾਣੀ ਛੱਡੇ ਜਾਣ ਤੋਂ ਬਾਅਦ ਹਰੀਕੇ ਹਥਾੜ ਖੇਤਰ ਦੇ ਪਿੰਡਾਂ ਵਿਚ ਕਿਸਾਨਾਂ ਦੀਆਂ ਫ਼ਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ। ਕਿਸਾਨਾਂ ਦੇ ਖੇਤਾਂ ਵਿਚ 8-8 ਫੁੱਟ ਤੱਕ ਪਾਣੀ ਭਰ ਗਿਆ ਹੈ। ਹੜਾਂ ਕਾਰਨ ਹਥਾੜ ਖੇਤਰ ਦੇ ਲੋਕਾਂ ਨੂੰ ਵੱਡੀ ਮਾਰ ਪਈ ਹੈ।
Get all latest content delivered to your email a few times a month.