ਤਾਜਾ ਖਬਰਾਂ
ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਹੋਈ ਜੋਤੀ ਮਲਹੋਤਰਾ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ ਜਦੋਂ ਉਸਦੇ ਪਿਤਾ ਹਰੀਸ਼ ਮਲਹੋਤਰਾ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਇਕ ਪੱਤਰ ਲਿਖ ਕੇ ਆਪਣੀ ਧੀ ਦੀ ਬੇਗੁਨਾਹੀ ਦੀ ਗੁਹਾਰ ਲਾਈ।
ਪੱਤਰ ਵਿੱਚ ਉਨ੍ਹਾਂ ਦੱਸਿਆ ਕਿ ਪੁਲਿਸ ਨੇ ਜੋਤੀ ਨੂੰ ਜ਼ਬਰਦਸਤੀ ਖਾਲੀ ਕਾਗਜ਼ 'ਤੇ ਦਸਤਖਤ ਕਰਵਾ ਕੇ ਉਸਦਾ ਮਨਮਰਜ਼ੀ ਬਿਆਨ ਤਿਆਰ ਕੀਤਾ। ਹਰੀਸ਼ ਮਲਹੋਤਰਾ ਦਾ ਦਾਅਵਾ ਹੈ ਕਿ ਪੁਲਿਸ ਕੋਲ ਅਜੇ ਤੱਕ ਕੋਈ ਠੋਸ ਸਬੂਤ ਨਹੀਂ ਹਨ ਜੋ ਜੋਤੀ ਵਿਰੁੱਧ ਦੇਸ਼ਧ੍ਰੋਹ ਜਾਂ ਜਾਸੂਸੀ ਦੇ ਦੋਸ਼ ਨੂੰ ਸਾਬਤ ਕਰ ਸਕਣ।
ਉਨ੍ਹਾਂ ਹਿਸਾਰ ਦੇ ਐਸਪੀ ਦੇ ਇੱਕ ਬਿਆਨ ਦਾ ਵੀ ਹਵਾਲਾ ਦਿੱਤਾ ਹੈ, ਜਿਸ ਵਿੱਚ ਕਿਹਾ ਗਿਆ ਕਿ ਜੋਤੀ ਵਿਰੁੱਧ ਕੋਈ ਢੁੱਕਵਾਂ ਸਬੂਤ ਨਹੀਂ ਮਿਲਿਆ। ਇਨ੍ਹਾਂ ਆਧਾਰਾਂ 'ਤੇ ਹਰੀਸ਼ ਮਲਹੋਤਰਾ ਨੇ ਮਾਮਲੇ ਦੀ ਐਫਆਈਆਰ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।
ਪਿਤਾ ਦਾ ਕਹਿਣਾ ਹੈ ਕਿ ਜੋਤੀ ਇੱਕ ਟ੍ਰੈਵਲ ਬਲੌਗਰ ਹੈ, ਅਤੇ ਉਸ ਦੀ ਪਾਕਿਸਤਾਨ ਯਾਤਰਾ ਬਾਰੇ ਬਣਾਈਆਂ ਗਈਆਂ ਵੀਡੀਓਜ਼ ਸਧਾਰਨ ਯਾਤਰੀਆਂ ਵਾਲੀਆਂ ਹਨ, ਜਿਨ੍ਹਾਂ ਵਿੱਚ ਕੋਈ ਵੀ ਰਾਸ਼ਟਰਵਿਰੋਧੀ ਜਾਂ ਇਤਰਾਜ਼ਯੋਗ ਸਮੱਗਰੀ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੋਤੀ ਨੇ ਹੁਣ ਇਰਾਦਾ ਕਰ ਲਿਆ ਹੈ ਕਿ ਉਹ ਭਵਿੱਖ ਵਿੱਚ ਕਦੇ ਵੀ ਪਾਕਿਸਤਾਨ ਨਹੀਂ ਜਾਵੇਗੀ।
ਸੋਮਵਾਰ ਨੂੰ ਜੋਤੀ ਨੂੰ ਵੀਡੀਓ ਕਾਨਫਰੰਸ ਰਾਹੀਂ ਛੇਵੀਂ ਵਾਰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਉਸਦੀ ਨਿਆਂਇਕ ਹਿਰਾਸਤ 14 ਦਿਨਾਂ ਲਈ ਵਧਾ ਦਿੱਤੀ ਗਈ। ਹੁਣ ਮਾਮਲੇ ਦੀ ਅਗਲੀ ਸੁਣਵਾਈ 18 ਅਗਸਤ ਨੂੰ ਹੋਣੀ ਨਿਸ਼ਚਿਤ ਹੈ।
Get all latest content delivered to your email a few times a month.