ਤਾਜਾ ਖਬਰਾਂ
ਜੇਕਰ 'ਆਪ' ਸਰਕਾਰ ਇਸਨੂੰ ਵਾਪਸ ਨਹੀਂ ਲੈਂਦੀ, ਤਾਂ ਕਾਂਗਰਸ ਸਰਕਾਰ ਲਵੇਗੀ: ਵੜਿੰਗ
ਪਟਿਆਲਾ, 1 ਅਗਸਤ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਲੈਂਡ ਪੂਲਿੰਗ ਪਾਲਿਸੀ ਵਿਰੁੱਧ ਕਿਸਾਨਾਂ ਦੀ ਲੜਾਈ ਨੂੰ ਇਸਦੇ ਸਹੀ ਨਤੀਜੇ ਤੱਕ ਲੈ ਕੇ ਜਾਵੇਗੀ ਅਤੇ ਸਰਕਾਰ ਨੂੰ ਇਸਨੂੰ ਵਾਪਸ ਲੈਣ ਲਈ ਮਜਬੂਰ ਕਰ ਦੇਵੇਗੀ।
ਉਨ੍ਹਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਅਜਿਹਾ ਨਹੀਂ ਕਰਦੀ, ਤਾਂ 2027 ਵਿੱਚ ਬਣਨ ਵਾਲੀ ਕਾਂਗਰਸ ਦੀ ਸਰਕਾਰ ਇਸਨੂੰ ਰੱਦ ਕਰ ਦੇਵੇਗੀ।
ਇੱਥੇ ਲੈਂਡ ਪੂਲਿੰਗ ਪਾਲਿਸੀ ਵਿਰੁੱਧ ਆਯੋਜਿਤ ਇੱਕ ਵਿਸ਼ਾਲ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ, ਵੜਿੰਗ ਨੇ ਕਿਹਾ ਕਿ ਇਹ 'ਆਪ' ਸਰਕਾਰ ਦੀ ਕਿਸਾਨਾਂ ਤੋਂ ਜਮੀਨਾਂ ਖੋਹਣ ਅਤੇ ਬਾਅਦ ਵਿੱਚ ਆਪਣੀਆਂ ਵੱਖ-ਵੱਖ ਯੋਜਨਾਵਾਂ ਲਈ ਉਨ੍ਹਾਂ ਜ਼ਮੀਨਾਂ 'ਤੇ ਕਰਜ਼ਾ ਲੈਣ ਦੀ ਇੱਕ ਲੁਕਵੀਂ ਚਾਲ ਹੈ। ਜਿਨ੍ਹਾਂ ਸਕੀਮਾਂ ਨੂੰ ਉਹ ਲਾਗੂ ਕਰਨ ਵਿੱਚ ਅਸਫਲ ਰਹੀ ਹੈ।
ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਪਹਿਲਾਂ ਹੀ 4.5 ਲੱਖ ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ ਦੇ ਬੋਝ ਹੇਠਾਂ ਦੱਬ ਚੁੱਕਾ ਹੈ। ਉਨ੍ਹਾਂ ਕਿਹਾ ਕਿ 'ਆਪ' ਨਾ ਸਿਰਫ਼ ਪੰਜਾਬ ਨੂੰ ਦੀਵਾਲੀਏਪਨ ਵੱਲ ਧੱਕ ਰਹੀ ਹੈ, ਸਗੋਂ 50,000 ਏਕੜ ਜ਼ਮੀਨ ਵਿੱਚ ਕੰਕਰੀਟ ਦਾ ਜੰਗਲ ਬਣਾਉਣ ਦੀ ਕੋਸ਼ਿਸ਼ ਵੀ ਕਰ ਰਹੀ ਹੈ, ਜੋ ਇਸਨੇ ਕਿਸਾਨਾਂ ਤੋਂ ਜ਼ਬਰਦਸਤੀ ਖੋਹਣੀ ਹੈ।
ਆਲ ਇੰਡੀਆ ਕਿਸਾਨ ਕਾਂਗਰਸ ਦੇ ਚੇਅਰਮੈਨ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਦੇ ਵਿਚਾਰਾਂ ਦਾ ਸਮਰਥਨ ਕਰਦਿਆਂ, ਉਨ੍ਹਾਂ ਕਿਹਾ ਕਿ ਕਿਤੇ ਵੀ ਕੋਈ ਨਵੀਂ ਸ਼ਹਿਰੀ ਜਾਇਦਾਦ ਬਣਾਉਣ ਦੀ ਨਾ ਤਾਂ ਕੋਈ ਮੰਗ ਹੈ ਅਤੇ ਨਾ ਹੀ ਕੋਈ ਲੋੜ ਹੈ।
ਵੜਿੰਗ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਪੰਜਾਬ ਇੱਕ ਖੇਤੀਬਾੜੀ ਸੂਬਾ ਹੈ ਅਤੇ ਇਸਦੀ ਆਰਥਿਕਤਾ ਖੇਤੀਬਾੜੀ 'ਤੇ ਨਿਰਭਰ ਹੈ। ਉਨ੍ਹਾਂ ਕਿਹਾ ਕਿ ਸੂਬਾ ਹਰ ਸਾਲ ਖੇਤੀਬਾੜੀ ਉਪਜ ਤੋਂ ਲਗਭਗ 80,000 ਕਰੋੜ ਰੁਪਏ ਹਾਸਿਲ ਕਰਦਾ ਹੈ। ਇਨ੍ਹਾਂ ਹਾਲਾਤਾਂ ਵਿੱਚ ਜੇਕਰ 50,000 ਏਕੜ ਜ਼ਮੀਨ ਖੋਹ ਲਈ ਜਾਂਦੀ ਹੈ, ਤਾਂ ਇਹ ਪੰਜਾਬ ਦੀ ਆਰਥਿਕਤਾ ਨੂੰ ਹੋਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗੀ।
ਸੂਬਾ ਕਾਂਗਰਸ ਪ੍ਰਧਾਨ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਇਹ ਮਾਮਲਾ ਸੰਸਦ ਵਿੱਚ ਵੀ ਚੁੱਕਿਆ ਹੈ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਡਾ. ਮਨਮੋਹਨ ਸਿੰਘ ਸਰਕਾਰ ਵੱਲੋਂ ਪਾਸ ਕੀਤੇ ਗਏ ਭੂ ਪ੍ਰਾਪਤੀ ਕਾਨੂੰਨ ਦੇ ਉਪਬੰਧਾਂ ਦੀ ਵਰਤੋਂ ਕਰਕੇ ਸੂਬਾ ਸਰਕਾਰ ਨੂੰ ਕਿਸਾਨਾਂ ਦੀ ਜ਼ਮੀਨ ਜ਼ਬਰਦਸਤੀ ਨਾ ਖੋਹਣ ਸਬੰਧੀ ਨਿਰਦੇਸ਼ ਜਾਰੀ ਕਰੇ।
ਇਸ ਮੌਕੇ ਬੋਲਦਿਆਂ, ਸੁਖਪਾਲ ਸਿੰਘ ਖਹਿਰਾ ਨੇ ਕਿਸਾਨਾਂ ਨੂੰ ਕਾਂਗਰਸ ਵੱਲੋਂ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਪਾਲਿਸੀ ਦੀ ਕੋਈ ਲੋੜ ਨਹੀਂ ਹੈ ਅਤੇ ਕਾਂਗਰਸ ਇਸਨੂੰ ਲਾਗੂ ਨਹੀਂ ਹੋਣ ਦੇਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਵਿਜੇ ਇੰਦਰ ਸਿੰਗਲਾ, ਧਰਮਵੀਰ ਗਾਂਧੀ, ਮੋਹਿਤ ਮਹਿੰਦਰਾ, ਗੁਰਸ਼ਰਨ ਕੌਰ ਰੰਧਾਵਾ, ਸਾਧੂ ਸਿੰਘ ਧਰਮਸੋਤ, ਹਰਦਿਆਲ ਸਿੰਘ ਕੰਬੋਜ, ਹੈਰੀ ਮਾਨ, ਕਿਰਨਜੀਤ ਸਿੰਘ ਮਿੱਠਾ, ਹਰਵਿੰਦਰ ਸਿੰਘ ਖਨੌੜਾ, ਨਰੇਸ਼ ਦੁੱਗਲ, ਦਰਬਾਰਾ ਸਿੰਘ, ਵਿਸ਼ਨੂੰ ਸ਼ਰਮਾ ਆਦਿ ਹਾਜ਼ਰ ਸਨ।
Get all latest content delivered to your email a few times a month.