ਤਾਜਾ ਖਬਰਾਂ
ਪੰਜਾਬ ਸਰਕਾਰ ਵੱਲੋਂ ਭੀਖ ਮੰਗਣ ਵਾਲੇ ਬੱਚਿਆਂ ਦੀ ਜ਼ਿੰਦਗੀ ਨੂੰ ਸੁਧਾਰਨ ਅਤੇ ਉਨ੍ਹਾਂ ਨੂੰ ਸਿੱਖਿਆ, ਸੁਰੱਖਿਆ ਅਤੇ ਆਤਮ-ਨਿਰਭਰ ਜੀਵਨ ਵੱਲ ਲਿਜਾਣ ਲਈ ਚਲਾਈ ਜਾ ਰਹੀ ਪ੍ਰੋਜੈਕਟ ਜੀਵਨਜੋਤ 2.0 ਮੁਹਿੰਮ ਨਿਰੰਤਰ ਸਫਲਤਾ ਵੱਲ ਵਧ ਰਹੀ ਹੈ। ਇਸ ਸੰਬੰਧੀ ਜਾਣਕਾਰੀ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਹੁਣ ਤੱਕ 245 ਵਿਸ਼ੇਸ਼ ਰੈਡਜ਼ ਦੌਰਾਨ ਭੀਖ ਮੰਗ ਰਹੇ 214 ਬੱਚਿਆਂ ਨੂੰ ਬਚਾਇਆ ਗਿਆ, ਜਿਨ੍ਹਾਂ ਵਿਚੋਂ 106 ਬੱਚੇ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕੀਤੇ ਗਏ ਹਨ। ਇਹ ਨਤੀਜੇ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ ਜੋ ਸੂਬੇ ਵਿੱਚ ਬੱਚਿਆਂ ਦੀ ਭਵਿੱਖ-ਸੁਰੱਖਿਆ ਨੂੰ ਲੈ ਕੇ ਕੀਤੀ ਜਾ ਰਹੀ ਹੈ।
ਤਾਜ਼ਾ ਛਾਪਿਆਂ ਦੌਰਾਨ, ਸੂਬੇ ਦੇ 16 ਜ਼ਿਲ੍ਹਿਆਂ ਵਿੱਚ 16 ਥਾਵਾਂ 'ਤੇ ਚਲਾਈ ਗਈ ਕਾਰਵਾਈ ਵਿੱਚ ਸਿਰਫ 2 ਬੱਚੇ ਹੀ ਭੀਖ ਮੰਗਦੇ ਹੋਏ ਮਿਲੇ – ਇਕ ਬਰਨਾਲਾ ਅਤੇ ਦੂਜਾ ਸੰਗਰੂਰ ਤੋਂ। ਦਸਤਾਵੇਜ਼ੀ ਜਾਂਚ ਤੋਂ ਬਾਅਦ ਇਹ ਬੱਚੇ ਉਨ੍ਹਾਂ ਦੇ ਮਾਪਿਆਂ ਦੇ ਸਪੁਰਦ ਕਰ ਦਿੱਤੇ ਗਏ। ਇਹ ਦਰਸਾਉਂਦਾ ਹੈ ਕਿ ਮੁਹਿੰਮ ਸਹੀ ਦਿਸ਼ਾ ਵੱਲ ਅੱਗੇ ਵਧ ਰਹੀ ਹੈ।
ਡਾ. ਕੌਰ ਨੇ ਇਹ ਵੀ ਦੱਸਿਆ ਕਿ ਕੁੱਲ 16 ਬੱਚਿਆਂ ਦੀ ਡੀਐਨਏ ਟੈਸਟਿੰਗ ਲਈ ਪਛਾਣ ਹੋ ਚੁੱਕੀ, ਜਿਸ ਵਿਚੋਂ 15 ਲਈ ਦਸਤਾਵੇਜ਼ੀ ਕਾਰਵਾਈ ਮੁਕੰਮਲ ਹੋ ਚੁੱਕੀ ਹੈ ਤੇ 13 ਦੇ ਸੈਂਪਲ ਲਏ ਜਾ ਚੁੱਕੇ ਹਨ। ਇਸ ਨਾਲ ਨਾਲ ਅੰਮ੍ਰਿਤਸਰ, ਗੁਰਦਾਸਪੁਰ ਅਤੇ ਬਠਿੰਡਾ ਵਿੱਚ ਕੁੱਲ 4 ਮਾਪਿਆਂ ਵਿਰੁੱਧ ਐਫਆਈਆਰ ਦਰਜ ਕੀਤੀਆਂ ਗਈਆਂ ਹਨ।
ਮੰਤਰੀ ਨੇ ਕਿਹਾ, "ਇਹ ਕਾਰਵਾਈ ਸਿਰਫ ਸੰਖਿਆਵਾਂ ਦੀ ਗੱਲ ਨਹੀਂ, ਸੂਬੇ ਦੇ ਹਰੇਕ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਹੈ।" ਉਨ੍ਹਾਂ ਵਧੇਰੇ ਕਿਹਾ ਕਿ ਜੋ ਕੋਈ ਵੀ ਵਿਅਕਤੀ ਕਿਸੇ ਬੱਚੇ ਨੂੰ ਭੀਖ ਮੰਗਣ ਲਈ ਮਜਬੂਰ ਕਰੇਗਾ, ਉਸ ਉੱਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਸਮਾਜ ਸੇਵਕਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਅਜੇਹੀ ਮਾੜੀ ਪ੍ਰਥਾ ਦੇ ਖਾਤਮੇ ਲਈ ਸਰਕਾਰ ਨਾਲ ਸਹਿਯੋਗ ਕਰਨ। "ਸਾਡਾ ਵਚਨ ਹੈ ਕਿ ਹਰ ਬੱਚਾ ਸੁਰੱਖਿਅਤ, ਸਿੱਖਿਆਯੋਗ ਅਤੇ ਆਤਮ-ਨਿਰਭਰ ਹੋਵੇ," ਉਨ੍ਹਾਂ ਨੇ ਕਿਹਾ।
ਅੰਤ ਵਿੱਚ ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਭੀਖ ਮੰਗਦਾ ਬੱਚਾ ਦਿੱਸੇ, ਤਾਂ ਤੁਰੰਤ ਚਾਈਲਡ ਹੈਲਪਲਾਈਨ 1098 'ਤੇ ਜਾਣਕਾਰੀ ਦੇਣ, ਤਾਂ ਜੋ ਸਮੇਂ-ਸਿਰ ਕਾਰਵਾਈ ਕਰਕੇ ਉਸ ਦੀ ਜ਼ਿੰਦਗੀ ਬਦਲੀ ਜਾ ਸਕੇ।
Get all latest content delivered to your email a few times a month.