IMG-LOGO
ਹੋਮ ਪੰਜਾਬ: ਮਹਿਲ ਸਿੰਘ ਭੁੱਲਰ ਤੇ ਐਮ.ਐਫ. ਫਾਰੂਕੀ ਵੱਲੋਂ ਰਾਜਦੀਪ ਸਿੰਘ ਗਿੱਲ...

ਮਹਿਲ ਸਿੰਘ ਭੁੱਲਰ ਤੇ ਐਮ.ਐਫ. ਫਾਰੂਕੀ ਵੱਲੋਂ ਰਾਜਦੀਪ ਸਿੰਘ ਗਿੱਲ ਦੀ ਕਿਤਾਬ ‘ਐਵਰ ਆਨਵਰਡਜ਼’ ਰਿਲੀਜ਼

Admin User - Jul 29, 2025 07:29 PM
IMG

ਆਲ ਇੰਡੀਆ ਪੁਲਿਸ ਖੇਡਾਂ ਦੇ 60 ਸਾਲ ਦੇ ਇਤਿਹਾਸ ਨੂੰ ਸਾਂਭਦੀ ਹੈ ਆਪਣੇ ਕਿਸਮ ਦੀ ਨਿਵੇਕਲੀ ਤੇ ਪਹਿਲੀ ਪੁਸਤਕ

ਪੰਜਾਬ ਪੁਲਿਸ ਦੀ ਪੂਰੀ ਦੁਨੀਆਂ ਵਿੱਚ ਖੇਡਾਂ ਕਰਕੇ ਵੱਖਰੀ ਪਛਾਣ: ਮਹਿਲ ਸਿੰਘ ਭੁੱਲਰ

ਪੰਜਾਬ ਪੁਲਿਸ ਦੀ ਅਮੀਰ ਖੇਡ ਵਿਰਾਸਤ ਨੂੰ ਅੱਗੇ ਲਿਜਾਣ ਲਈ ਉਪਰਾਲੇ ਨਿਰੰਤਰ ਜਾਰੀ: ਐਮ.ਐਫ. ਫਾਰੂਕੀ

ਪੰਜਾਬ ਪੁਲਿਸ ਦੀਆਂ ਖੇਡ ਪ੍ਰਾਪਤੀਆਂ ਨੂੰ ਲਿਖਤੀ ਰੂਪ ਵਿੱਚ ਸਾਂਭਣ ਲਈ ਉਪਰਾਲੇ ਜਾਰੀ ਰਹਿਣਗੇ: ਰਾਜਦੀਪ ਸਿੰਘ ਗਿੱਲ

ਜਲੰਧਰ, 29 ਜੁਲਾਈ-

ਸਾਬਕਾ ਡੀਜੀਪੀ ਰਾਜਦੀਪ ਸਿੰਘ ਗਿੱਲ ਵੱਲੋਂ ਆਲ ਇੰਡੀਆ ਪੁਲਿਸ ਖੇਡਾਂ ਦੇ 60 ਸਾਲ ਦੇ ਇਤਿਹਾਸ ਨੂੰ ਸਾਂਭਦੀ ਆਪਣੇ ਕਿਸਮ ਦੀ ਨਿਵੇਕਲੀ ਤੇ ਪਹਿਲੀ ਕਿਤਾਬ ‘ਐਵਰ ਆਨਵਰਡਜ਼’ ਨੂੰ ਅੱਜ ਪੀਏਪੀ ਦੇ ਕੈਂਪਸ ਵਿੱਚ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਵੱਡੇ ਖਿਡਾਰੀਆਂ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤਾ ਗਿਆ। ਰਿਲੀਜ਼ ਦੀ ਰਸਮ ਸਾਬਕਾ ਡੀਜੀਪੀ ਮਹਿਲ ਸਿੰਘ ਭੁੱਲਰ ਅਤੇ ਪੀਏਪੀ ਦੇ ਏਡੀਜੀਪੀ ਐਮ.ਐਫ. ਫਾਰੂਕੀ ਨੇ ਰਿਲੀਜ਼ ਕੀਤਾ।

ਮਹਿਲ ਸਿੰਘ ਭੁੱਲਰ ਨੇ ਇਸ ਨਿਵੇਕਲੇ ਉਪਰਾਲੇ ਲਈ ਕਿਤਾਬ ਦੇ ਲੇਖਕ ਨੂੰ ਵਧਾਈ ਦਿੰਦਿਆਂ ਆਪਣੇ ਨਾਲ ਸਰਵਿਸ ਸਮੇਂ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਜਿੱਥੇ ਆਪਣੀ ਬਹਾਦਰੀ ਤੇ ਸਮਰਪਣ ਭਾਵਨਾ ਨਾਲ ਡਿਊਟੀ ਕਰਨ ਲਈ ਜਾਣੀ ਜਾਂਦੀ ਹੈ ਉੱਥੇ ਖੇਡਾਂ ਇਸ ਨੂੰ ਸਭ ਤੋਂ ਵੱਖਰਾ ਬਣਾਉਂਦੀ ਹੈ। ਪੰਜਾਬ ਪੁਲਿਸ ਨੂੰ ਆਪਣੇ ਖਿਡਾਰੀਆਂ ਉੱਤੇ ਸਦਾ ਮਾਣ ਹੈ। ਇਹ ਕਿਤਾਬ 700 ਪੰਨਿਆਂ ਦੀ ਹੈ।

 ਐਮ.ਐਫ. ਫਾਰੂਕੀ ਨੇ ਸ੍ਰੀ ਭੁੱਲਰ ਤੇ ਸ੍ਰੀ ਗਿੱਲ ਵੱਲੋਂ ਪੰਜਾਬ ਪੁਲਿਸ ਵਿੱਚ ਕਾਇਮ ਕੀਤੀ ਅਮੀਰ ਵਿਰਾਸਤ ਨੂੰ ਅੱਗੇ ਵਧਾਇਆ ਦੀ ਗੱਲ ਆਖਦਿਆਂ ਕਿਹਾ ਕਿ ਅੱਜ ਵੀ ਉਹ ਸਾਡੇ ਲਈ ਪ੍ਰੇਰਨਾ ਦਾ ਸ੍ਰੋਤ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਅਮਰੀਕਾ ਵਿਖੇ ਵਿਸ਼ਵ ਪੁਲਿਸ ਖੇਡਾਂ ਵਿੱਚ ਪੰਜਾਬ ਪੁਲਿਸ ਦੇ ਖਿਡਾਰੀਆਂ ਨੇ ਵੱਡੀਆਂ ਮੱਲਾਂ ਮਾਰੀਆਂ।

ਰਾਜਦੀਪ ਸਿੰਘ ਗਿੱਲ ਨੇ ਦੱਸਿਆ ਕਿ ਇਸ ਕਿਤਾਬ ਵਿੱਚ 1951 ਤੋਂ 2010 ਤੱਕ ਆਲ ਇੰਡੀਆ ਪੁਲਿਸ ਖੇਡਾਂ ਦੇ ਨਤੀਜੇ ਸ਼ਾਮਲ ਹਨ ਅਤੇ ਹਰ ਸਾਲ ਦੀਆਂ ਸਾਰੀਆਂ ਮੀਟਾਂ ਦੇ ਨਤੀਜੇ, ਬੈਸਟ ਅਥਲੀਟ, ਓਵਰ ਆਲ ਟਰਾਫੀ, ਟੀਮ ਖੇਡਾਂ ਦੇ ਖਿਡਾਰੀਆਂ ਦੇ ਵੇਰਵਿਆਂ ਤੋਂ ਇਲਾਵਾ ਪੁਰਾਣੀਆਂ ਦੁਰਲੱਭ ਤਸਵੀਰਾਂ ਅਤੇ ਵੱਡੇ ਖਿਡਾਰੀਆਂ ਦੇ ਸੰਖੇਪ ਜੀਵਨ ਵੇਰਵੇ ਵੀ ਸ਼ਾਮਲ ਹਨ। 

ਉਨ੍ਹਾਂ ਕਿਹਾ ਕਿ ਪਹਿਲੀ ਆਲ ਇੰਡੀਆ ਪੁਲਿਸ ਖੇਡਾਂ 1951 ਵਿੱਚ ਕਟਕ (ਉੜੀਸਾ) ਵਿਖੇ ਹੋਈਆਂ ਸਨ ਜਿਸ ਵਿੱਚ ਸਿਰਫ 22 ਐਥਲੈਟਿਕ ਈਵੈਂਟ ਕਰਵਾਏ ਗਏ ਸਨ। ਹੌਲੀ-ਹੌਲੀ ਇਸ ਵਿੱਚ ਨਵੀਆਂ ਖੇਡਾਂ ਸ਼ਾਮਲ ਹੁੰਦੀਆਂ ਗਈਆਂ ਅਤੇ 1982 ਵਿੱਚ ਮਹਿਲਾ ਖਿਡਾਰਨਾਂ ਦੇ ਮੁਕਾਬਲੇ ਵੀ ਸ਼ਾਮਲ ਕੀਤੇ ਗਏ। ਇਸ ਕਿਤਾਬ ਵਿੱਚ ਉਨ੍ਹਾਂ ਆਲ ਇੰਡੀਆ ਪੁਲਿਸ ਦੇ ਘੋੜਸਵਾਰੀ ਅਤੇ ਸ਼ੂਟਿੰਗ ਈਵੈਂਟ ਵੀ ਸ਼ਾਮਲ ਕੀਤੇ ਹਨ।

ਸ਼੍ਰੀ ਗਿੱਲ ਨੇ ਅੱਗੇ ਆਖਿਆ ਕਿ ਇਸ ਕਿਤਾਬ ਲਈ ਸਾਰੇ ਅੰਕੜੇ ਅਤੇ ਫੋਟੋਆਂ ਇਕੱਠੀਆਂ ਕਰਨਾ ਇੱਕ ਔਖਾ ਕੰਮ ਸੀ ਕਿਉਂਕਿ ਨਾ ਤਾਂ ਆਲ ਇੰਡੀਆ ਪੁਲਿਸ ਸਪੋਰਟਸ ਕੰਟਰੋਲ ਬੋਰਡ ਕੋਲ ਕੋਈ ਜਾਣਕਾਰੀ ਸੀ ਤੇ ਨਾ ਹੀ ਕਿਸੇ ਰਾਜ ਪੁਲਿਸ ਕੋਲ ਸੀ। ਉਨ੍ਹਾਂ ਨੇ ਕਿਤਾਬ ਲਈ ਲੋੜੀਂਦੀ ਸਾਰੀ ਜਾਣਕਾਰੀ ਰਾਜ/ਕੇਂਦਰੀ ਖੇਡ ਦਫਤਰਾਂ, ਅਖਬਾਰਾਂ, ਲਾਇਬ੍ਰੇਰੀਆਂ, ਸੇਵਾਮੁਕਤ ਖਿਡਾਰੀਆਂ ਦੀਆਂ ਕਿਤਾਬਾਂ ਅਤੇ ਰਸਾਲਿਆਂ ਤੋਂ ਇਕੱਠੀ ਕੀਤੀ। ਇਸ ਪ੍ਰਕਿਰਿਆ ਵਿੱਚ ਕੁੱਲ 10 ਸਾਲ ਲੱਗ ਗਏ। ਇਸ ਕੰਮ ਲਈ ਉਨ੍ਹਾਂ ਦੇ ਸਹਾਇਕ ਰਹੇ ਮਹਿੰਦਰ ਸਿੰਘ, ਲਖਵੀਰ ਸਿੰਘ, ਤੇ ਇੰਦਰਵੀਰ ਸ਼ਰਮਾ ਦਾ ਉਚੇਚਾ ਧੰਨਵਾਦ ਕੀਤਾ।

ਇਸ ਮੌਕੇ ਹਾਕੀ ਓਲੰਪਿਕਸ ਮੈਡਲਿਸਟ ਸੁਰਿੰਦਰ ਸਿੰਘ ਸੋਢੀ, ਅਰਜੁਨਾ ਐਵਾਰਡੀ ਸੱਜਣ ਸਿੰਘ ਚੀਮਾ ਤੇ ਪਦਮਾ ਸ਼੍ਰੀ ਬਹਾਦਰ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਦੀਆਂ ਖੇਡ ਪ੍ਰਾਪਤੀਆਂ ਦਾ ਸਿਹਰਾ ਅਸ਼ਵਨੀ ਕੁਮਾਰ, ਮਹਿਲ ਸਿੰਘ ਭੁੱਲਰ ਤੇ ਰਾਜਦੀਪ ਸਿੰਘ ਗਿੱਲ ਜਿਹੇ ਸੁਹਿਰਦ ਅਧਿਕਾਰੀਆਂ ਨੂੰ ਜਾਂਦਾ ਹੈ ਜਿਨ੍ਹਾਂ ਹਮੇਸ਼ਾ ਔਖੇ ਵੇਲੇ ਹਰ ਖਿਡਾਰੀ ਦੀ ਬਾਂਹ ਫੜੀ। 

ਮੰਚ ਸੰਚਾਲਨ ਖੇਡ ਲੇਖਕ ਨਵਦੀਪ ਸਿੰਘ ਗਿੱਲ ਨੇ ਕਰਦਿਆਂ ਕਿਤਾਬ ਬਾਰੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਆਖਿਆ ਕਿ ਪੰਜਾਬੀਆਂ ਨੂੰ ਇਹ ਮਿਹਣਾ ਹੁੰਦਾ ਹੈ ਕਿ ਪੰਜਾਬੀ ਇਤਿਹਾਸ ਸਿਰਜਣਾਂ ਜਾਣਦੇ ਹਨ, ਸਾਂਭਣਾ ਨਹੀਂ। ਉਨ੍ਹਾਂ ਕਿਹਾ ਕਿ ਇਸ ਪੁਸਤਕ ਰਾਹੀਂ ਲੇਖਕ ਨੇ ਪੁਲਿਸ ਖੇਡਾਂ ਦੇ ਨਾਲ ਪੰਜਾਬ ਦਾ ਵੀ ਖੇਡ ਇਤਿਹਾਸ ਸਾਂਭਿਆ ਹੈ ਜੋ ਆਉਣ ਵਾਲੀ ਪੀੜ੍ਹੀ ਲਈ ਪ੍ਰੇਰਨਾ ਦਾ ਸ੍ਰੋਤ ਹੋਵੇਗਾ। 

ਇਸ ਮੌਕੇ ਪਦਮਾ ਸ਼੍ਰੀ ਸੁਨੀਤਾ ਰਾਣੀ, ਗੁਰਦੇਵ ਸਿੰਘ ਗਿੱਲ, ਕਰਨਲ ਬਲਬੀਰ ਸਿੰਘ, ਹਰਦੀਪ ਸਿੰਘ, ਤਾਰਾ ਸਿੰਘ, ਰਣਧੀਰ ਸਿੰਘ ਧੀਰਾ, ਜੈਪਾਲ ਸਿੰਘ (ਸਾਰੇ ਅਰਜੁਨਾ ਐਵਾਰਡੀ), ਕੁਲਦੀਪ ਸਿੰਘ ਭੁੱਲਰ, ਸੁੱਚਾ ਸਿੰਘ (ਦੋਵੇਂ ਧਿਆਨ ਚੰਦ ਐਵਾਰਡੀ), ਓਲੰਪੀਅਨ ਸੰਦੀਪ ਕੁਮਾਰ, ਕੁਸ਼ਤੀ ਕੋਚ ਪੀ ਆਰ ਸੌਂਧੀ,ਪੀਏਪੀ ਦੇ ਖੇਡ ਸਕੱਤਰ ਨਵਜੋਤ ਸਿੰਘ ਮਾਹਲ, ਕੌਮਾਂਤਰੀ ਖਿਡਾਰੀ ਅਜੈਬ ਸਿੰਘ, ਕੁਲਵਿੰਦਰ ਸਿੰਘ ਥਿਆੜਾ, ਸਰਵਣ ਸਿੰਘ, ਅਮਨਦੀਪ ਕੌਰ, ਰਾਜਵਿੰਦਰ ਕੌਰ, ਗੁਰਸ਼ਰਨਜੀਤ ਕੌਰ, ਰਣਦੀਪ ਕੌਰ, ਰਾਜਪਾਲ ਸਿੰਘ, ਸਾਬਕਾ ਆਈਪੀਐਸ ਅਮਰ ਸਿੰਘ ਚਹਿਲ ਤੇ ਯੁਰੇਂਦਰ ਸਿੰਘ ਹੇਅਰ ਆਦਿ ਹਾਜ਼ਰ ਸਨ। 

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.