IMG-LOGO
ਹੋਮ ਪੰਜਾਬ: ਐਡਵੋਕੇਟ ਧਾਮੀ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਨੇ ਬੰਦੀ ਸਿੰਘਾਂ...

ਐਡਵੋਕੇਟ ਧਾਮੀ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਤੇ ਸਿੱਖ ਵਿਦਿਆ ਨੂੰ ਸਮਰਪਿਤ ਅਹਿਮ ਫੈਸਲੇ ਲਏ

Admin User - Jul 28, 2025 08:57 PM
IMG

-ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਯੂਨੀਵਰਸਿਟੀ ਵਿਖੇ ਨੌਵੇਂ ਪਾਤਸ਼ਾਹ ਦੇ ਨਾਂ ’ਤੇ ਚੇਅਰ ਸਥਾਪਤ ਕਰਨ ਨੂੰ ਪ੍ਰਵਾਨਗੀ

-ਨੌਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਸ਼ਤਾਬਦੀ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕਰੇ ਕੇਂਦਰ ਸਰਕਾਰ- ਐਡਵੋਕੇਟ ਧਾਮੀ

-ਸ਼੍ਰੋਮਣੀ ਕਮੇਟੀ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਮਰੀਜ਼ਾਂ ਤੇ ਲੋੜਵੰਦਾਂ ਲਈ ਭੇਜੇਗੀ ਲੰਗਰ- ਐਡਵੋਕੇਟ ਧਾਮੀ


ਅੰਮ੍ਰਿਤਸਰ, 28 ਜੁਲਾਈ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਅੱਜ ਇਕ ਮਤਾ ਪਾਸ ਕਰਕੇ ਭਾਰਤ ਸਰਕਾਰ ਪਾਸੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਚ ‘ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਚੇਅਰ’ ਸਥਾਪਤ ਕਰਨ ਨੂੰ ਪ੍ਰਵਾਨਗੀ ਦੇ ਨਾਲ ਨਾਲ ਕਈ ਹੋਰ ਅਹਿਮ ਫੈਸਲੇ ਵੀ ਕੀਤੇ ਗਏ।

ਇਕੱਤਰਤਾ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 2019 ’ਚ ਮਨਾਏ 550ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤ ਸਰਕਾਰ ਨੇ ਕੁਝ ਸਿੱਖ ਬੰਦੀ ਸਿੰਘਾਂ ਦੀ ਰਿਹਾਈ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਤਬਦੀਲੀ ਦਾ ਨੋਟੀਫਿਕੇਸ਼ਨ ਕੀਤਾ ਸੀ, ਜਿਸ ਨੂੰ ਅੱਜ ਤੱਕ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹੁਣ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਇੱਕ ਇਤਿਹਾਸਕ ਮੌਕਾ ਹੈ, ਜਿਸ ’ਤੇ ਭਾਰਤ ਸਰਕਾਰ ਨੂੰ ਆਪਣੇ ਵੱਲੋਂ ਕੀਤਾ ਹੋਇਆ ਫੈਸਲਾ ਤੁਰੰਤ ਲਾਗੂ ਕਰਨਾ ਚਾਹੀਦਾ ਹੈ। ਇਹ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਲਈ ਸ਼ਹਾਦਤ ਦੇਣ ਵਾਲੇ ਗੁਰੂ ਸਾਹਿਬ ਨੂੰ ਸੱਚੀ ਸ਼ਰਧਾਜਲੀ ਹੋਵੇਗੀ। 

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਗੁਰੂ ਸਾਹਿਬਾਨ ਦੇ ਸੰਦੇਸ਼ਾਂ, ਉਪਦੇਸ਼ਾਂ ਅਤੇ ਪ੍ਰੇਰਣਾ ਦੀ ਸੇਧ ਵਿਚ ਸ਼੍ਰੋਮਣੀ ਕਮੇਟੀ ਹਮੇਸ਼ਾ ਮਾਨਵ ਹਿਤਕਾਰੀ ਕਾਰਜਾਂ ਲਈ ਯਤਨਸ਼ੀਲ ਰਹੀ ਹੈ ਅਤੇ ਇਸੇ ਦਿਸ਼ਾ ਵਿਚ ਗੁਰੂ ਨਾਨਕ ਹਸਪਤਾਲ ਸ੍ਰੀ ਅੰਮ੍ਰਿਤਸਰ ਵਿਖੇ ਮਰੀਜ਼ਾਂ ਅਤੇ ਲੋੜਵੰਦਾਂ ਲਈ ਲੰਗਰ ਸੇਵਾ ਦਾ ਪ੍ਰਬੰਧ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਸੇਵਾ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਤੋਂ ਰੋਜ਼ਾਨਾ ਸਵੇਰੇ ਅਤੇ ਸ਼ਾਮ ਨੂੰ ਭੇਜੀ ਜਾਇਆ ਕਰੇਗੀ।

ਐਡਵੋਕੇਟ ਧਾਮੀ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਾਹਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ‘ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਚੇਅਰ’ ਸਥਾਪਤ ਕਰਨ ਨੂੰ ਵੀ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਜਲਦ ਹੀ ਯੂਨੀਵਰਸਿਟੀ ਵੱਲੋਂ ਕਾਰਵਾਈ ਮੁਕੰਮਲ ਕਰਨ ਉਪਰੰਤ ਇਸ ਨੂੰ ਕਾਰਜਸ਼ੀਲ ਕਰ ਦਿੱਤਾ ਜਾਵੇਗਾ। ਇਸ ਵਿਚ ਨੌਵੇਂ ਪਾਤਸ਼ਾਹ ਜੀ ਦੇ ਜੀਵਨ, ਯਾਤਰਾਵਾਂ ਅਤੇ ਸ਼ਹਾਦਤ ਬਾਰੇ ਮੌਲਿਕ ਅਤੇ ਖੋਜ ਕਾਰਜ ਕਰਨ ਦੇ ਨਾਲ-ਨਾਲ ਗੁਰੂ ਸਾਹਿਬ ਦੀ ਪਾਵਨ ਗੁਰਬਾਣੀ ਬਾਰੇ ਦਾਰਸ਼ਨਿਕ ਅਧਿਐਨ ਦਾ ਕੰਮ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਨਿਸ਼ਚੈ ਪ੍ਰਸ਼ਾਸਕੀ ਸੇਵਾਵਾਂ ਅਕੈਡਮੀ ਅਤੇ ਨਿਸ਼ਚੈ ਜੂਡੀਸ਼ਲੀ ਅਕੈਡਮੀ ਦੀ ਲਗਾਤਾਰਤਾ ਵਿਚ ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ ਵਿਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਨੂੰ ਨੈਸ਼ਨਲ ਡਿਫੈਂਸ ਅਕੈਡਮੀ ਦੀ ਪ੍ਰੀਖਿਆ ਦੀ ਤਿਆਰੀ ਵੀ ਕਰਵਾਈ ਜਾਵੇਗੀ। ਚੁਣੇ ਗਏ ਵਿਦਿਆਰਥੀਆਂ ਨੂੰ ਗ੍ਰੈਜੂਏਸ਼ਨ ਦੀ ਮੁਫ਼ਤ ਪੜ੍ਹਾਈ ਅਤੇ ਮਹੀਨਾਵਾਰ ਵਜੀਫ਼ਾ ਦਿੱਤਾ ਜਾਵੇਗਾ। 

ਰਾਜਿਸਥਾਨ ’ਚ ਬੀਤੇ ਕੱਲ੍ਹ ਗੁਰਸਿੱਖ ਲੜਕੀ ਨੂੰ ਪੇਪਰ ਦੇਣ ਤੋਂ ਰੋਕਣ ਦੇ ਮਾਮਲੇ ਬਾਰੇ ਗੱਲ ਕਰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਵੀ ਇਸ ਦੇਸ਼ ਦੇ ਬਾਸ਼ਿੰਦੇ ਹਨ ਅਤੇ ਇਥੋਂ ਦੇ ਤਰੱਕੀ ਅਤੇ ਸੁਰੱਖਿਆ ਲਈ ਸਿੱਖਾਂ ਨੇ ਵੱਡੀਆਂ ਘਾਲਨਾਵਾਂ ਘਾਲੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਦਾ ਸੰਵਿਧਾਨ ਸਿੱਖਾਂ ਨੂੰ ਪੰਜ ਕਕਾਰ ਰੱਖਣ ਦੀ ਖੁੱਲ੍ਹ ਦਿੰਦਾ ਹੈ ਤਾਂ ਕੁਝ ਲੋਕਾਂ ਵੱਲੋਂ ਕੀਤੀਆਂ ਅਜਿਹੀਆਂ ਹਰਕਤਾਂ ਸਿੱਖ ਮਨਾਂ ਨੂੰ ਸੱਟ ਮਾਰਦੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਅਜਿਹਾ ਮਾਮਲਾ ਆਇਆ ਸੀ, ਜਿਸ ਸਬੰਧੀ ਸ਼੍ਰੋਮਣੀ ਕਮੇਟੀ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਵੀ ਸੰਸਥਾ ਵੱਲੋਂ ਢੁੱਕਵੇਂ ਕਦਮ ਚੁੱਕੇ ਜਾਣਗੇ।

ਐਡਵੋਕੇਟ ਧਾਮੀ ਨੇ ਭਾਰਤ ਅਤੇ ਪਾਕਿਸਤਾਨ ਵਿਚ ਪਿਛਲੇ ਸਮੇਂ ਬਣੇ ਤਲਖ਼ੀ ਭਰੇ ਹਾਲਾਤਾਂ ਕਾਰਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜਾਣ ਵਾਲੇ ਸ਼ਰਧਾਲੂਆਂ ’ਤੇ ਲਗਾਈ ਗਈ ਰੋਕ ਨੂੰ ਤੁਰੰਤ ਹਟਾਉਣ ਦੀ ਮੰਗ ਕਰਦਿਆਂ ਕਿਹਾ ਕਿ ਇਸ ਪਾਵਨ ਅਸਥਾਨ ਨਾਲ ਸਿੱਖ ਸ਼ਰਧਾਲੂਆਂ ਦੀ ਭਾਵਨਾਵਾਂ ਜੁੜੀਆਂ ਹੋਈਆਂ ਹਨ ਅਤੇ ਇਹ ਲਾਂਘਾ ਆਪਸੀ ਪਿਆਰ, ਸਦਭਾਵਨਾ ਅਤੇ ਸਾਂਝਾਂ ਦਾ ਪ੍ਰਤੀਕ ਹੈ, ਜਿਸ ਨੂੰ ਜਲਦ ਖੋਲ੍ਹਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਜਥਿਆਂ ਨੂੰ ਵੀ ਇਜਾਜ਼ਤ ਦਿੱਤੇ ਜਾਣ ਦੀ ਦੋਹਾਂ ਸਰਕਾਰਾਂ ਪਾਸੋਂ ਮੰਗ ਕੀਤੀ ਗਈ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਨਾਂਦੇੜ ਦੇ ਪ੍ਰਬੰਧਕਾਂ ਵੱਲੋਂ ਪੁੱਜੀ ਮੰਗ ਅਨੁਸਾਰ ਤਖ਼ਤ ਸਾਹਿਬ ਅਤੇ ਦੱਖਣ ਪ੍ਰਦੇਸ਼ ਦੀਆਂ ਸੰਗਤਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 200 ਪਾਵਨ ਸਰੂਪ ਭੇਜਣ ਦਾ ਵੀ ਫੈਸਲਾ ਕੀਤਾ ਗਿਆ ਹੈ। ਇਹ ਪਾਵਨ ਸਰੂਪ ਸ਼੍ਰੋਮਣੀ ਕਮੇਟੀ ਵੱਲੋਂ ਮਰਯਾਦਾ ਅਨੁਸਾਰ ਤਖ਼ਤ ਸਾਹਿਬ ’ਤੇ ਪਹੁੰਚਾਏ ਜਾਣਗੇ।

ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ’ਚ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਬੀਤੇ ਦਿਨੀਂ ਸ੍ਰੀਨਗਰ ਵਿਖੇ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਦੌਰਾਨ ਹੋਈ ਮਰਯਾਦਾ ਦੀ ਉਲੰਘਣਾ ’ਤੇ ਨਿੰਦਾ ਮਤਾ ਵੀ ਪਾਸ ਕੀਤਾ ਗਿਆ।

ਇਕੱਤਰਤਾ ’ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਲਿਆਣ, ਜਨਰਲ ਸਕੱਤਰ ਸ. ਸ਼ੇਰ ਸਿੰਘ ਮੰਡਵਾਲਾ, ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ, ਅੰਤ੍ਰਿੰਗ ਕਮੇਟੀ ਮੈਂਬਰ ਸ. ਅਮਰੀਕ ਸਿੰਘ ਵਿਛੋਆ, ਸ. ਸੁਰਜੀਤ ਸਿੰਘ ਤੁਗਲਵਾਲ, ਸ. ਪਰਮਜੀਤ ਸਿੰਘ ਖ਼ਾਲਸਾ, ਸ. ਸੁਰਜੀਤ ਸਿੰਘ ਗੜ੍ਹੀ, ਸ. ਬਲਦੇਵ ਸਿੰਘ ਕਾਇਮਪੁਰ, ਸ. ਦਲਜੀਤ ਸਿੰਘ ਭਿੰਡਰ, ਸ. ਜਸਵੰਤ ਸਿੰਘ ਪੁੜੈਣ, ਸ. ਪਰਮਜੀਤ ਸਿੰਘ ਰਾਏਪੁਰ, ਓਐਸਡੀ ਸ. ਸਤਬੀਰ ਸਿੰਘ ਧਾਮੀ, ਸਕੱਤਰ ਸ. ਪ੍ਰਤਾਪ ਸਿੰਘ, ਇੰਜੀ: ਸੁਖਮਿੰਦਰ ਸਿੰਘ, ਸ. ਬਲਵਿੰਦਰ ਸਿੰਘ ਕਾਹਲਵਾਂ, ਨਿੱਜੀ ਸਕੱਤਰ ਸ. ਸ਼ਾਹਬਾਜ਼ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਮੀਤ ਸਕੱਤਰ ਸ. ਕੁਲਦੀਪ ਸਿੰਘ ਰੋਡੇ, ਸ. ਜਸਵਿੰਦਰ ਸਿੰਘ ਜੱਸੀ, ਸ. ਬਲਵਿੰਦਰ ਸਿੰਘ ਖੈਰਾਬਾਦ, ਸ. ਗੁਰਨਾਮ ਸਿੰਘ, ਸ. ਹਰਭਜਨ ਸਿੰਘ ਵਕਤਾ, ਕਾਨੂੰਨੀ ਸਲਾਹਕਾਰ ਸ. ਅਮਨਬੀਰ ਸਿੰਘ ਸਿਆਲੀ ਆਦਿ ਮੌਜੂਦ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.