ਤਾਜਾ ਖਬਰਾਂ
ਰੂਸ ਆਰਮੀ ਵਿੱਚ ਭਰਤੀ ਹੋਏ 12 ਭਾਰਤੀ ਅਜੇ ਵੀ ਲਾਪਤਾ
ਨਵੀਂ ਦਿੱਲੀ/ਚੰਡੀਗੜ੍ਹ, 24 ਜੁਲਾਈ-
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਾਰਲੀਮੈਂਟ ਵਿੱਚ ਵਿਦੇਸ਼ ਮੰਤਰਾਲੇ ਨੂੰ ਪ੍ਰਸ਼ਨ ਕਾਲ ਰਾਹੀਂ ਰੂਸੀ ਫੌਜ ਵਿੱਚ ਅਜੇ ਵੀ ਫਸੇ ਭਾਰਤੀਆਂ ਦਾ ਮੁੱਦਾ ਗੰਭੀਰਤਾ ਨਾਲ ਉਠਾਇਆ। ਪਾਰਲੀਮੈਂਟ ਦੇ ਚੱਲ ਰਹੇ ਮੌਨਸੂਨ ਸ਼ੈਸ਼ਨ ਭਾਵੇ ਹੰਗਾਮਿਆਂ ਦੀ ਭੇਟ ਚੜ੍ਹ ਰਿਹਾ ਹੈ ਪਰ ਸੰਸਦ ਮੈਂਬਰ ਵੱਲੋਂ ਪੁੱਛੇ ਲਿਖਤੀ ਸਵਾਲਾਂ ਦਾ ਜਵਾਬ ਸਰਕਾਰ ਨੂੰ ਪਾਰਲੀਮੈਂਟ ਵਿੱਚ ਦੇਣਾ ਹੀ ਪੈਂਦਾ ਹੈ। ਸੰਤ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਨੂੰ ਪੁੱਛਿਆ ਹੈ ਕਿ ਰੂਸ ਵਿੱਚ ਫਸੇ ਭਾਰਤੀਆਂ ਦੇ ਵੇਰਵੇ ਜੋ ਅਜੇ ਤੱਕ ਆਪਣੇ ਪਰਿਵਾਰਾਂ ਤੱਕ ਨਹੀ ਪਹੁੰਚ ਰਹੇ ਇਸ ਦੇ ਕੀ ਕਾਰਨ ਹਨ? ਉਨ੍ਹਾਂ ਇਹ ਵੀ ਪੁੱਛਿਆ ਕਿ ਰੂਸ ਵਿੱਚ ਫਸੇ ਇਨ੍ਹਾਂ ਭਾਰਤੀ ਨਾਗਰਿਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਭਾਰਤ ਸਰਕਾਰ ਕੀ ਕਦਮ ਚੁੱਕ ਰਹੀ ਹੈ? ਅਤੇ ਉਨ੍ਹਾਂ ਦੀ ਸੁਰੱਖਿਅਤ ਵਾਪਸੀ, ਉਨ੍ਹਾਂ ਦੀ ਦੇ ਯਾਤਰਾ ਪ੍ਰਬੰਧਾਂ ਅਤੇ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਕਾਨੂੰਨੀ ਸਹਾਇਤਾਂ ਵਰਗੇ ਸੰਵੇਦਸ਼ੀਲ ਮਾਮਲੇ ਵਿੱਚ ਉਨ੍ਹਾਂ ਭਾਰਤੀਆਂ ਦੀ ਕਿਵੇਂ ਸਹਾਇਤਾ ਕੀਤੀ ਜਾ ਰਹੀ ਹੈ ? ਸੰਤ ਸੀਚੇਵਾਲ ਨੇ ਇਸ ਸਵਾਲ ਨੂੰ ਹੋਰ ਵਿਸਥਾਰ ਦਿੰਦਿਆ ਪੁੱਛਿਆ ਕਿ ਰੂਸ ਵਿੱਚ ਫਸੇ ਭਾਰਤੀ ਨਾਗਰਿਕਾਂ ਦੀ ਵਾਪਸੀ ਨੂੰ ਸੁਚਾਰੂ ਬਣਾਉਣ ਵਿੱਚ ਸਰਕਾਰ ਨੂੰ ਕਿਹੜੇ ਅੱੜਕਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ? ਅਤੇ ਇਨ੍ਹਾਂ ਨੂੰ ਦੂਰ ਕਰਨ ਲਈ ਸਰਕਾਰ ਵੱਲੋਂ ਕੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ?
ਮੌਨਸੂਨ ਸ਼ੈਸ਼ਨ ਦੌਰਾਨ ਸੰਤ ਸੀਚੇਵਾਲ ਵੱਲੋਂ ਉਠਾਏ ਲਿਖਤੀ ਸਵਾਲ ਦਾ ਜਵਾਬ ਦਿੰਦਿਆ ਵਿਦੇਸ਼ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਦੱਸਿਆ ਕਿ ਰੂਸੀ ਹਥਿਆਰਬੰਦ ਸੈਨਾਵਾਂ ਵਿੱਚ 127 ਭਾਰਤੀ ਨਾਗਰਿਕ ਸਨ। ਉਨ੍ਹਾਂ ਵਿੱਚੋਂ 98 ਵਿਅਕਤੀ ਵਾਪਸ ਆ ਚੁੱਕੇ ਹਨ, ਉਨ੍ਹਾਂ ਦੱਸਿਆ ਕਿ 13 ਭਾਰਤੀ ਨਾਗਰਿਕ ਰੂਸੀ ਹਥਿਆਰਬੰਦ ਸੈਨਾਵਾਂ ਵਿੱਚ ਹਨ, ਜਿਨ੍ਹਾਂ ਵਿੱਚੋਂ 12 ਭਾਰਤੀਆਂ ਦੇ ਰੂਸੀ ਪੱਖ ਦੁਆਰਾ ਲਾਪਤਾ ਹੋਣ ਦੀ ਰਿਪੋਰਟ ਕੀਤੀ ਗਈ ਹੈ।
ਵਿਦੇਸ਼ ਰਾਜ ਮੰਤਰੀ ਨੇ ਦੱਸਿਆ ਕਿ ਸਬੰਧਤ ਰੂਸੀ ਅਧਿਕਾਰੀਆਂ ਨੂੰ ਬਾਕੀ ਰਹਿੰਦੇ/ਲਾਪਤਾ ਵਿਅਕਤੀਆਂ ਬਾਰੇ ਅੱਪਡੇਟ ਪ੍ਰਦਾਨ ਕਰਨ ਅਤੇ ਉਨ੍ਹਾਂ ਦੀ ਸੁਰੱਖਿਆ, ਤੰਦਰੁਸਤੀ ਅਤੇ ਜਲਦੀ ਛੁੱਟੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਰੂਸੀ ਹਥਿਆਰਬੰਦ ਸੈਨਾਵਾਂ ਵਿੱਚ ਜਿਨ੍ਹਾਂ ਭਾਰਤੀ ਨਾਗਰਿਕਾਂ ਦੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ, ਰੂਸ ਵਿੱਚ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਉਨ੍ਹਾਂ ਦੀ ਭਾਰਤ ਵਾਪਸੀ ਵਿੱਚ ਸਹਾਇਤਾ ਕੀਤੀ, ਜਿਸ ਵਿੱਚ ਯਾਤਰਾ ਦਸਤਾਵੇਜਾਂ ਦੀ ਸਹੂਲਤ ਅਤੇ ਜਿੱਥੇ ਵੀ ਲੋੜ ਹੋਵੇ ਹਵਾਈ ਟਿਕਟਾਂ ਪ੍ਰਦਾਨ ਕਰਨਾ ਵੀ ਸ਼ਾਮਲ ਹੈ।
ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਵਿੱਚ ਸਾਰੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਸਭ ਤੋਂ ਵੱਧ ਤਰਜੀਹ ਦਿੰਦੇ ਹਨ ਅਤੇ ਜਦੋਂ ਵੀ ਸਹਾਇਤਾ ਲਈ ਕੋਈ ਅਰਜ਼ੀ ਪ੍ਰਾਪਤ ਹੁੰਦੀ ਹੈ, ਤਾਂ ਉਸ`ਤੇ ਢੁਕਵੀ ਕਾਰਵਾਈ ਕੀਤੀ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਸਮੇਂ ਵਿੱਚ ਸੰਤ ਸੀਚੇਵਾਲ ਨੇ ਦੋ ਪਰਿਵਾਰਾਂ ਦੇ ਮੈਂਬਰਾਂ ਨੂੰ ਮਾਸਕੋ ਜਾਣ ਦੀਆਂ ਟਿਕਟਾਂ ਕਰਵਾ ਕੇ ਦਿੱਤੀਆਂ ਸਨ ਜਿੰਨ੍ਹਾਂ ਦੇ ਪਰਵਿਾਰਕ ਮੈਂਬਰ ਰੂਸ ਦੀ ਫੌਜ ਵਿੱਚ ਭਰਤੀ ਹੋਏ ਸਨ। ਇੰਨ੍ਹਾਂ ਦੋ ਨੌਜਵਾਨਾਂ ਨੂੰ ਰੂਸ ਵਿੱਚ ਕੋਈ ਪ੍ਰੇਸ਼ਾਨੀ ਨਾ ਆਵੇ ਤਾਂ ਭਾਰਤੀ ਦੂਤਾਵਾਸ ਦੇ ਨਾਂਅ ਸੰਤ ਸੀਚੇਵਾਲ ਵੱਲੋਂ ਪੱਤਰ ਵੀ ਲਿਖਕੇ ਦਿੱਤਾ ਗਿਆ ਸੀ ਕਿ ਇੰਨ੍ਹਾਂ ਨੌਜਵਾਨਾਂ ਦੀ ਮੱਦਦ ਕੀਤੀ ਜਾਵੇ ਤਾਂ ਉਹ ਆਪਣਿਆਂ ਨੂੰ ਲੱਭ ਸਕਣ।
Get all latest content delivered to your email a few times a month.