ਤਾਜਾ ਖਬਰਾਂ
ਪੰਜਾਬ ਵਿਜੀਲੈਂਸ ਬਿਊਰੋ ਨੇ ਰਾਜ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਅਧੀਨ ਤਰਨਤਾਰਨ ਜ਼ਿਲ੍ਹਾ ਖਪਤਕਾਰ ਸ਼ਿਕਾਇਤ ਨਿਵਾਰਣ ਫੋਰਮ ਵਿੱਚ ਤਾਇਨਾਤ ਪ੍ਰਧਾਨ ਦੇ ਰੀਡਰ ਵਰਿੰਦਰ ਗੋਇਲ ਨੂੰ 50,000 ਰੁਪਏ ਰਿਸ਼ਵਤ ਲੈੰਦਿਆਂ ਕਾਬੂ ਕੀਤਾ ਹੈ। ਇਹ ਗ੍ਰਿਫ਼ਤਾਰੀ ਵਿਜੀਲੈਂਸ ਬਿਊਰੋ ਨੂੰ ਮਿਲੀ ਇਕ ਲਿਖਤੀ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਕੀਤੀ ਗਈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦੇ ਪਤੀ, ਜੋ ਕਿ ਸਹਾਇਕ ਸਬ-ਇੰਸਪੈਕਟਰ ਸਨ, ਦੀ 2022 ਵਿੱਚ ਹਾਦਸੇ ਕਾਰਨ ਮੌਤ ਹੋ ਗਈ ਸੀ। ਪੰਜਾਬ ਪੁਲਿਸ ਵੱਲੋਂ ਮੁਆਵਜ਼ੇ ਵਜੋਂ 30 ਲੱਖ ਰੁਪਏ ਦੀ ਮੰਜੂਰੀ ਮਿਲੀ ਸੀ, ਪਰ ਬੈਂਕ ਨੇ ਭੁਗਤਾਨ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਮਾਮਲੇ ਨੂੰ ਜ਼ਿਲ੍ਹਾ ਖਪਤਕਾਰ ਫੋਰਮ ਵਿੱਚ ਚੁੱਕਿਆ ਗਿਆ।
ਮੁਲਜ਼ਮ ਵਰਿੰਦਰ ਗੋਇਲ ਨੇ ਸ਼ਿਕਾਇਤਕਰਤਾ ਨੂੰ ਕੇਸ ਵਿੱਚ ਫੈਸਲਾ ਉਸਦੇ ਹੱਕ ਵਿੱਚ ਕਰਵਾਉਣ ਦੀ ਗੱਲ ਕਹਿ ਕੇ 10% ਮੁਆਵਜ਼ੇ ਦੀ ਰਕਮ, ਜਿਸਦੀ ਮਾਤਰਾ 3 ਲੱਖ ਰੁਪਏ ਬਣਦੀ ਸੀ, ਰਿਸ਼ਵਤ ਵਜੋਂ ਮੰਗੀ। ਵਿਜੀਲੈਂਸ ਟੀਮ ਨੇ ਮੁਲਜ਼ਮ ਨੂੰ 50,000 ਰੁਪਏ ਦੀ ਪਹਿਲੀ ਕਿਸ਼ਤ ਲੈੰਦਿਆਂ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਰੰਗੇ ਹੱਥੀਂ ਫੜ ਲਿਆ।
ਮੁਲਜ਼ਮ ਖਿਲਾਫ ਅੰਮ੍ਰਿਤਸਰ ਰੇਂਜ ਦੇ ਵਿਜੀਲੈਂਸ ਥਾਣੇ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਹੇਠ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ।
Get all latest content delivered to your email a few times a month.