ਤਾਜਾ ਖਬਰਾਂ
ਰਾਜ ਨੇ ਸਿਰਫ਼ ਤਿੰਨ ਸਾਲਾਂ ਵਿੱਚ ਆਬਕਾਰੀ ਮਾਲੀਆ ਦੁੱਗਣਾ ਕੀਤਾ
ਟੈਕਸ ਕੰਪਲਿਆਂਸ ਵਿੱਚ ਪੰਜਾਬ ਚੋਟੀ ਦੇ ਤਿੰਨ ਰਾਜਾਂ ਵਿੱਚੋਂ ਇੱਕ
ਜੀ ਡੀ ਪੀ, ਜੀ ਐਸ ਟੀ, ਮਾਲੀਆ ਸੰਗ੍ਰਹਿ ਅਤੇ ਖਰਚ ਵਿੱਚ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ
ਡੇਰਾਬੱਸੀ, 23 ਜੁਲਾਈ:
ਪੰਜਾਬ ਦੇ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਅੱਜ ਕਿਹਾ ਕਿ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਪਣੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਰਾਜ ਦੀ ਡਿੱਗਦੀ ਆਰਥਿਕਤਾ ਨੂੰ ਸਫਲਤਾਪੂਰਵਕ ਸਥਿਰ ਕੀਤਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੀ ਡੀ ਪੀ ਅਤੇ ਹੋਰ ਮੁੱਖ ਆਰਥਿਕ ਸੂਚਕ ਅੰਕਾਂ ਵਿੱਚ ਪੰਜਾਬ ਦੇ ਪ੍ਰਦਰਸ਼ਨ ਨੂੰ ਹੋਰ ਅੱਗੇ ਵਧਾਉਣ ਲਈ ਨਿਰੰਤਰ ਯਤਨ ਜਾਰੀ ਹਨ।
ਐਲ ਐਮ ਥਾਪਰ ਸਕੂਲ ਆਫ਼ ਮੈਨੇਜਮੈਂਟ (ਐਲ ਐਮ ਟੀ ਐਸ ਐਮ) ਦੇ 19ਵੇਂ ਸਥਾਪਨਾ ਦਿਵਸ 'ਤੇ ਮੈਨੇਜਮੈਂਟ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਅਜਿਹੀ ਨਾਮਵਰ ਸੰਸਥਾ ਵਿੱਚ ਮੈਨੇਜਮੈਂਟ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਕਿਸਮਤ ਵਾਲੇ ਹਨ, ਕਿਉਂਕਿ ਐਲ ਐਮ ਟੀ ਐਸ ਐਮ ਨਾ ਸਿਰਫ਼ ਪ੍ਰਬੰਧਨ ਵਿੱਚ ਆਪਣੀ ਉੱਤਮਤਾ ਲਈ ਮਸ਼ਹੂਰ ਹੈ, ਸਗੋਂ ਇੰਜੀਨੀਅਰਿੰਗ ਸਿੱਖਿਆ ਲਈ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਨੇਜਮੈਂਟ ਗ੍ਰੈਜੂਏਟ ਰਾਜ ਅਤੇ ਦੇਸ਼ ਲਈ ਅਰਥਪੂਰਨ ਯੋਗਦਾਨ ਪਾਉਣ ਦੀ ਮੁੱਖ ਜ਼ਿੰਮੇਵਾਰੀ ਰੱਖਦੇ ਹਨ, ਕਿਉਂਕਿ ਉਹ ਆਪਣੇ ਨਾਲ ਨਵੇਂ ਵਿਚਾਰ ਅਤੇ ਗਤੀਸ਼ੀਲ ਊਰਜਾ ਲਿਆਉਂਦੇ ਹਨ।
ਨਵੀਂ ਸਥਾਪਿਤ ਐਲ ਐਮ ਟੀ ਐਸ ਐਮ-ਐਨ ਐੱਸ ਈ ਕੋਜੈਨਿਕ ਵਿੱਤ ਲੈਬ ਦਾ ਉਦਘਾਟਨ ਕਰਦੇ ਹੋਏ, ਵਿੱਤ ਮੰਤਰੀ ਨੇ ਕਿਹਾ ਕਿ ਇਹ ਸਹੂਲਤ ਵਿੱਤੀ ਅਤੇ ਆਰਥਿਕ ਸੂਝ-ਬੂਝ ਲਈ ਇੱਕ ਕੀਮਤੀ ਸਰੋਤ ਕੇਂਦਰ ਵਜੋਂ ਕੰਮ ਕਰੇਗੀ, ਜਿਸ ਨਾਲ ਵਿਦਿਆਰਥੀਆਂ ਨੂੰ ਬਹੁਤ ਲਾਭ ਹੋਵੇਗਾ।
ਪੰਜਾਬ ਦੇ ਵਿੱਤ ਮੰਤਰੀ ਵਜੋਂ ਆਪਣੇ ਨਿੱਜੀ ਸਫ਼ਰ ਅਤੇ ਤਜਰਬੇ ਨੂੰ ਸਾਂਝਾ ਕਰਦੇ ਹੋਏ, ਸ. ਚੀਮਾ ਨੇ ਕਿਹਾ ਕਿ ਭਾਵੇਂ ਇੱਕ ਵਕੀਲ ਤੋਂ ਸਿਆਸਤਦਾਨ ਬਣੇ ਹੋਣ ਦੇ ਨਾਤੇ ਰਾਜ ਦੇ ਵਿੱਤ ਦਾ ਪ੍ਰਬੰਧਨ ਕਰਨਾ ਸ਼ੁਰੂ ਵਿੱਚ ਉਨ੍ਹਾਂ ਲਈ ਚੁਣੌਤੀਪੂਰਨ ਸੀ, ਪਰ ਸਮਰਪਣ ਅਤੇ ਸਖ਼ਤ ਮਿਹਨਤ ਨੇ ਉਨ੍ਹਾਂ ਨੂੰ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਮਦਦ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਹੁਣ ਟੈਕਸ ਪਾਲਣਾ (ਟੈਕਸ ਕੰਪਲਿਆਂਸ) ਲਈ ਭਾਰਤ ਦੇ ਚੋਟੀ ਦੇ ਤਿੰਨ ਰਾਜਾਂ ਵਿੱਚੋਂ ਇੱਕ ਹੈ। ਰਾਜ ਜੀ ਡੀ ਪੀ ਵਿਕਾਸ, ਜੀ ਐਸ ਟੀ ਇਕੱਤਰ ਕਰਨ, ਸਮੁੱਚੇ ਮਾਲੀਏ ਅਤੇ ਖਰਚ ਵਿੱਚ ਸ਼ਾਨਦਾਰ ਪ੍ਰਗਤੀ ਦਰਜ ਕਰ ਰਿਹਾ ਹੈ।
ਸਰਕਾਰ ਦੀਆਂ ਵਿੱਤੀ ਪ੍ਰਾਪਤੀਆਂ ਨੂੰ ਉਜਾਗਰ ਕਰਦੇ ਹੋਏ, ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਪਿਛਲੀ ਸਰਕਾਰ (2017-2022) ਦੌਰਾਨ ਇਕੱਠੇ ਕੀਤੇ ਗਏ ਕੁੱਲ ਜੀ ਐਸ ਟੀ ਮੁਆਵਜ਼ਾ ਸੈੱਸ ਨੂੰ ਪਾਰ ਕਰ ਲਿਆ ਹੈ। ਪਿਛਲੇ ਤਿੰਨ ਸਾਲਾਂ ਵਿੱਚ, ਰਾਜ ਨੂੰ ਜੀ ਐਸ ਟੀ ਮੁਆਵਜ਼ਾ ਸੈੱਸ ਵਿੱਚ ਕੁੱਲ 63,000 ਕਰੋੜ ਰੁਪਏ ਪ੍ਰਾਪਤ ਹੋਏ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਮਾਨ ਸਰਕਾਰ ਦੇ ਕਾਰਜਕਾਲ ਦੌਰਾਨ ਆਬਕਾਰੀ ਮਾਲੀਆ ਦੁੱਗਣਾ ਹੋ ਗਿਆ ਹੈ, ਜੋ 6,152 ਕਰੋੜ ਰੁਪਏ ਤੋਂ ਵੱਧ ਕੇ 12,000 ਕਰੋੜ ਰੁਪਏ ਹੋ ਗਿਆ ਹੈ। ਇਸ ਤੋਂ ਇਲਾਵਾ, ਸਰਕਾਰ ਨੇ 55,000 ਤੋਂ ਵੱਧ ਯੋਗਤਾ-ਅਧਾਰਤ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਹਨ, ਜਿਸ ਨੇ ਨੌਜੁਆਨਾਂ ਵਿਦੇਸ਼ ਜਾਣ ਤੋਂ ਰੋਕਿਆ ਹੈ ਅਤੇ ਰਾਜ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਦਾਖਲੇ ਵਧਾਏ ਹਨ।
ਵਿੱਤ ਮੰਤਰੀ ਨੇ ਮਾਨ ਸਰਕਾਰ ਦੇ ਟੈਕਸ ਸੁਧਾਰਾਂ ਨੂੰ ਸੂਬੇ ਦੀ ਆਰਥਿਕ ਸਿਹਤ ਵਿੱਚ ਮਹੱਤਵਪੂਰਨ ਸੁਧਾਰ ਲਈ ਸਿਹਰਾ ਦਿੱਤਾ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਕਰੀਅਰ ਵਿੱਚ ਉੱਤਮਤਾ ਪ੍ਰਾਪਤ ਕਰਨ ਲਈ ਆਪਣੇ ਪੇਸ਼ੇਵਰ ਜੀਵਨ ਵਿੱਚ ਵਚਨਬੱਧ, ਇਮਾਨਦਾਰ ਅਤੇ ਸਮਰਪਿਤ ਰਹਿਣ ਦੀ ਅਪੀਲ ਕੀਤੀ।
ਇਸ ਤੋਂ ਪਹਿਲਾਂ, ਵਿਧਾਇਕ ਡੇਰਾਬੱਸੀ ਕੁਲਜੀਤ ਸਿੰਘ ਰੰਧਾਵਾ ਨੇ ਵਿੱਤ ਮੰਤਰੀ ਦਾ ਸਵਾਗਤ ਕੀਤਾ ਅਤੇ ਸਰਕਾਰ ਦੇ ਵਿਕਾਸ ਏਜੰਡੇ ਅਤੇ ਪੰਜਾਬ ਨੂੰ ਵਿੱਤੀ ਤੌਰ 'ਤੇ ਸਵੈ-ਨਿਰਭਰ ਬਣਾਉਣ ਵਿੱਚ ਸ. ਚੀਮਾ ਦੀ ਮਹੱਤਵਪੂਰਨ ਭੂਮਿਕਾ ਦੀ ਪ੍ਰਸ਼ੰਸਾ ਕੀਤੀ।
ਐਲ.ਐਮ. ਥਾਪਰ ਸਕੂਲ ਆਫ਼ ਮੈਨੇਜਮੈਂਟ ਦੇ ਡਾਇਰੈਕਟਰ ਪ੍ਰੋ. ਡੀ.ਪੀ. ਗੋਇਲ ਅਤੇ ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਪਟਿਆਲਾ ਦੇ ਪ੍ਰੋ. ਵਾਈਸ ਚਾਂਸਲਰ ਪ੍ਰੋ. ਅਜੇ ਬਾਤਿਸ਼ ਨੇ ਵੀ ਇਕੱਤਰਤਾ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਵਿੱਤ ਮੰਤਰੀ ਨੂੰ ਸੰਸਥਾ ਦੇ ਸਫ਼ਰ ਅਤੇ ਸਿੱਖਿਆ ਵਿੱਚ ਯੋਗਦਾਨ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਨੂੰ ਯਾਦਗਾਰੀ ਬਣਾਉਣ ਲਈ, ਵਿੱਤ ਮੰਤਰੀ ਚੀਮਾ ਨੇ ਐਲ ਐਮ ਟੀ ਐਸ ਐਮ ਕੈਂਪਸ ਵਿੱਚ ਇੱਕ ਪੌਦਾ ਵੀ ਲਗਾਇਆ, ਜੋ ਕਿ ਵਾਤਾਵਰਣ ਸਥਿਰਤਾ ਪ੍ਰਤੀ ਸਰਕਾਰ ਦੀ ਵਚਨਬੱਧਤਾ ਦਾ ਪ੍ਰਗਟਾਵਾ ਕਰਦਾ ਹੈ।
Get all latest content delivered to your email a few times a month.