IMG-LOGO
ਹੋਮ ਪੰਜਾਬ, ਸਿੱਖਿਆ, ਵਿਰਾਸਤ ਦਾ ਸਨਮਾਨ: ਪੰਜਾਬ ਦੇ 115 ਸਰਕਾਰੀ ਸਕੂਲਾਂ ਦਾ ਨਾਮ...

ਵਿਰਾਸਤ ਦਾ ਸਨਮਾਨ: ਪੰਜਾਬ ਦੇ 115 ਸਰਕਾਰੀ ਸਕੂਲਾਂ ਦਾ ਨਾਮ ਉੱਘੀਆਂ ਸ਼ਖ਼ਸੀਅਤਾਂ ਦੇ ਨਾਮ 'ਤੇ ਰੱਖਿਆ

Admin User - Jul 21, 2025 07:48 PM
IMG

 ਚੰਡੀਗੜ੍ਹ, 21 ਜੁਲਾਈ:  ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸੂਬੇ ਦੀਆਂ ਉੱਘੀਆਂ ਸ਼ਖ਼ਸੀਅਤਾਂ ਦੀ ਸ਼ਾਨਾਮੱਤੀ ਵਿਰਾਸਤ ਦੇ ਸਨਮਾਨ ਵਜੋਂ 'ਆਪ' ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 115 ਸਰਕਾਰੀ ਸਕੂਲਾਂ ਦਾ ਨਾਮ ਆਜ਼ਾਦੀ ਘੁਲਾਟੀਆਂ, ਸ਼ਹੀਦਾਂ ਅਤੇ ਕੌਮਾਂਤਰੀ ਪੱਧਰ 'ਤੇ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਦੇ ਨਾਮ 'ਤੇ ਰੱਖਿਆ ਹੈ।

ਜ਼ਿਕਰਯੋਗ ਹੈ ਕਿ ਸਕੂਲ ਸਿੱਖਿਆ ਵਿਭਾਗ ਨੇ 18 ਜੁਲਾਈ, 2025 ਨੂੰ 25 ਸਰਕਾਰੀ ਸਕੂਲਾਂ ਦਾ ਨਾਮ ਵੱਖ-ਵੱਖ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਦੇ ਨਾਮ 'ਤੇ ਰੱਖਿਆ ਹੈ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਕੱਲ੍ਹ ਐਲਾਨ ਕੀਤਾ ਸੀ ਕਿ ਜਲੰਧਰ ਜ਼ਿਲ੍ਹੇ ਦੇ ਬਿਆਸ ਪਿੰਡ ਦੇ ਸਕੂਲ ਦਾ ਨਾਮ ਕੌਮਾਂਤਰੀ ਪੱਧਰ ਉੱਤੇ ਨਾਮਣਾ ਖੱਟਣ ਵਾਲੇ ਉੱਘੇ ਮੈਰਾਥਨ ਦੌੜਾਕ ਸਰਦਾਰ ਫ਼ੌਜਾ ਸਿੰਘ ਦੇ ਨਾਮ 'ਤੇ ਰੱਖਿਆ ਜਾਵੇਗਾ।

ਪੰਜਾਬ ਭਵਨ ਵਿਖੇ ਅੱਜ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ . ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਨ੍ਹਾਂ ਪ੍ਰਸਿੱਧ ਸ਼ਖਸੀਅਤਾਂ ਦੀਆਂ ਤਸਵੀਰਾਂ ਅਤੇ ਉਹਨਾਂ ਦਾ ਸੰਖੇਪ ਜੀਵਨ ਬਿਊਰਾ ਉਨ੍ਹਾਂ ਦੇ ਨਾਮ ਵਾਲੇ ਸਕੂਲਾਂ ਵਿੱਚ ਪ੍ਰਦਰਸ਼ਿਤ ਕਰਨ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਕੁਰਬਾਨੀਆਂ ਅਤੇ ਯੋਗਦਾਨ ਤੋਂ ਜਾਣੂ ਕਰਵਾਇਆ ਜਾ ਸਕੇ ਅਤੇ ਉਹ ਮਹਾਨ ਸਖਸੀਅਤਾਂ ਤੋਂ ਪ੍ਰੇਰਨਾ ਲਾ ਸਕਣ। ਇਸ ਨਾਲ ਉਨ੍ਹਾਂ ਦੀ ਵਿਰਾਸਤ ਦਾ ਢੁਕਵਾਂ ਸਨਮਾਨ ਵੀ ਹੋਵੇਗਾ।

ਇਨ੍ਹਾਂ 115 ਸਕੂਲਾਂ ਦਾ ਨਾਮ ਗ਼ਦਰ ਲਹਿਰ ਦੇ ਨਾਇਕਾਂ, ਆਜ਼ਾਦੀ ਘੁਲਾਟੀਆਂ, ਸ਼ਹੀਦਾਂ ਅਤੇ ਪੰਜਾਬ ਦੀਆਂ ਉੱਘੀਆਂ ਸ਼ਖਸੀਅਤਾਂ ਦੇ ਸਨਮਾਨ ਲਈ ਰੱਖਿਆ ਗਿਆ ਹੈ।

ਹਰਜੋਤ ਸਿੰਘ ਬੈਂਸ ਨੇ ਅੱਗੇ ਦੱਸਿਆ ਕਿ ਸਕੂਲਾਂ ਦਾ ਨਾਮ ਬਦਲਣ ਨਾਲ ਵਿਦਿਆਰਥੀਆਂ ਨੂੰ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਦੇ ਜੀਵਨ ਅਤੇ ਕੁਰਬਾਨੀਆਂ ਤੋਂ ਪ੍ਰੇਰਿਤ ਮਿਲੇਗੀ। ਉਨ੍ਹਾਂ ਕਿਹਾ ਕਿ ‘ਆਪ’ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਾਲ 2023 ਵਿੱਚ ਖਟਕੜ ਕਲਾਂ ਦੇ ਸਰਕਾਰੀ ਹਾਈ ਸਕੂਲ ਦਾ ਨਾਮ ਬਦਲ ਕੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਸਰਕਾਰੀ ਹਾਈ ਸਕੂਲ ਰੱਖਿਆ ਸੀ, ਜੋ ਇਸ ਮਹਾਨ ਸ਼ਹੀਦ ਦੀ ਸ਼ਹਾਦਤ ਦੇ ਦਹਾਕਿਆਂ ਬਾਅਦ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ, “ਅਸੀਂ ਆਪਣੇ ਸ਼ਹੀਦਾਂ ਅਤੇ ਹੋਰ ਉੱਘੀਆਂ ਸ਼ਖ਼ਸੀਅਤਾਂ ਦਾ ਸਨਮਾਨ ਕਰਨ ਲਈ ਠੋਸ ਯਤਨ ਕਰ ਰਹੇ ਹਾਂ ਜਿਨ੍ਹਾਂ ਨੇ ਪੰਜਾਬ ਨੂੰ ਮਾਣ ਵਧਾਇਆ ਹੈ।”

'ਯੁੱਧ ਨਸ਼ਿਆਂ ਵਿਰੁੱਧ' ਪਹਿਲਕਦਮੀ ਬਾਰੇ ਮੀਡੀਆ ਦੇ ਇੱਕ ਸਵਾਲ ਦੇ ਜਵਾਬ ਵਿੱਚ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਵਿਸ਼ਾ ਮਾਹਿਰਾਂ ਨਾਲ ਮਿਲ ਕੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਸੰਵੇਦਨਸ਼ੀਲ ਤੇ ਜਾਗਰੂਕ ਕਰਨ ਲਈ ਇੱਕ ਪਾਠਕ੍ਰਮ ਤਿਆਰ ਕੀਤਾ ਜਾ ਰਿਹਾ ਹੈ, ਜੋ ਨਸ਼ਿਆਂ ਦੀ ਇਸ ਲਾਹਣਤ ਵਿਰੁੱਧ ਇੱਕ ਮਜ਼ਬੂਤ ਨੀਂਹ ਰੱਖੇਗਾ।

ਕੌਮੀ ਪੱਧਰ ਉੱਤੇ ਸਿਲੇਬਸ ਵਿੱਚ ਸਿੱਖ ਇਤਿਹਾਸ ਨੂੰ ਸ਼ਾਮਲ ਕਰਨ ਬਾਰੇ ਉੱਠ ਰਹੀ ਮੰਗ ਸਬੰਧੀ ਇੱਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਸਿੱਖਿਆ ਮੰਤਰੀ ਨੇ ਇਸ ਕਦਮ ਦਾ ਸਵਾਗਤ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਸਿੱਖ ਇਤਿਹਾਸ ਨੂੰ ਢੁਕਵੇਂ ਢੰਗ ਨਾਲ ਪੇਸ਼ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਤਰੀਕੇ ਨਾਲ ਪੜ੍ਹਾਇਆ ਜਾਣਾ ਚਾਹੀਦਾ ਹੈ ਤਾਂ ਜੋ ਅਸਲ ਮਾਅਨਿਆਂ ਵਿੱਚ ਇਸਦੀ ਮਹੱਤਤਾ ਨੂੰ ਉਜਾਗਰ ਕੀਤਾ ਜਾ ਸਕੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.