ਤਾਜਾ ਖਬਰਾਂ
ਚੰਡੀਗੜ੍ਹ- ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਬਿਹਾਰ ਵਿੱਚ ਪੱਤਰਕਾਰ ਅਜੀਤ ਅੰਜੁਮ ਖਿਲਾਫ਼ ਐਫ.ਆਈ. ਆਰ ਦਰਜ਼ ਕਰਨ ਦੀ ਸਖ਼ਤ ਨਿੰਦਾ ਕੀਤੀ ਹੈ, ਜਿਸ ਨੇ ਆਪਣੇ ਚੈਨਲ ਉਪਰ ਬਿਹਾਰ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਚੋਣ ਕਮਿਸ਼ਨ ਵੱਲੋਂ ਕੀਤੀ ਜਾ ਰਹੀ ਵਿਸ਼ੇਸ਼ ਤੀਬਰ ਸੋਧ (ਐਫ.ਆਈ.ਆਰ) ਵਿੱਚ ਹੋ ਰਹੀਆਂ ਧਾਂਦਲੀਆਂ ਦੇ ਮੁੱਦਾ ਉਠਾਇਆ ਸੀ।
ਪੱਤਰਕਾਰ ਅਜੀਤ ਅੰਜੁਮ ਨੇ ਆਪਣੇ ਚੈਨਲ ਉਪਰ ਇਹ ਖ਼ਬਰ ਚਲਾਈ ਸੀ ਕਿ ਕਿਸ ਤਰ੍ਹਾਂ ਚੋਣ ਕਮਿਸ਼ਨ ਦੀ ਵੈੱਬਸਾਈਟ ਤੇ ਅੱਧੇ ਅਧੂਰੇ ਫਾਰਮ ਅਪਲੋਡ ਕੀਤੇ ਗਏ ਹਨ ਜਿਹਨਾਂ ਨੂੰ ਵੋਟਰ ਸੂਚੀਆ ਦਾ ਆਧਾਰ ਬਣਾਇਆ ਜਾਣਾ ਹੈ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਕਿਹਾ ਕਿ ਅੰਜੁਮ ਨੇ ਇਹ ਵੀ ਖ਼ਬਰ ਨਸ਼ਰ ਕੀਤੀ ਸੀ ਕਿ ਬਿਹਾਰ ਦੇ ਬੇਗੂ ਸਰਾਏ ਇਲਾਕੇ ਵਿੱਚ ਵੋਟਰਾਂ ਨੂੰ ਡੁਪਲੀਕੇਟ ਫਾਰਮ ਨਹੀਂ ਦਿੱਤੇ ਗਏ। ਉਹਨਾਂ ਨੇ ਬਹੁਤ ਸਾਰੇ ਵੋਟਰਾਂ ਦੀਆਂ ਇੰਟਰਵਿਊ ਵੀ ਰਿਕਾਰਡ ਕਰਕੇ ਨਸ਼ਰ ਕੀਤੀਆਂ ਜਿਹਨਾਂ ਨੇ ਦੋਸ਼ ਲਾਇਆ ਕਿ ਵੋਟ ਕੇਂਦਰਾਂ ’ਤੇ ਬੀ.ਜੇ.ਪੀ ਦੇ ਵਰਕਰ ਅਤੇ ਕਾਰਜਕਰਤਾ ਮੋਜੂਦ ਸਨ ਜਦ ਇਹ ਫਾਰਮ ਭਰੇ ਜਾਣੇ ਸਨ ਅਤੇ ਬਹੁਤ ਸਾਰੇ ਸਾਧਾਰਨ ਵੋਟਰਾਂ ਨਾਲ ਪੱਖਪਾਤ ਕੀਤਾ ਜਾ ਰਿਹਾ ਸੀ।
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਮੰਗ ਕੀਤੀ ਕਿ ਅਜੀਤ ਅੰਜੁਮ ਖਿਲਾਫ ਦਰਜ ਕੀਤੀ ਐਫ.ਆਈ.ਆਰ ਤਰੁੰਤ ਖਾਰਜ ਕੀਤੀ ਜਾਵੇ ਤਾਂ ਜੋ ਪ੍ਰੈਸ ਅਤੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਬਹਾਲ ਕੀਤੀ ਜਾ ਸਕੇ।
ਇਸ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਰਾਜਵਿੰਦਰ ਸਿੰਘ ਰਾਹੀ, ਗੁਰਪ੍ਰੀਤ ਸਿੰਘ (ਗਲੋਬਲ ਸਿੱਖ ਕੌਂਸਲ), ਸੁਰਿੰਦਰ ਸਿੰਘ ਕਿਸ਼ਨਪੁਰਾ ਅਤੇ ਡਾ. ਖੁਸ਼ਹਾਲ ਸਿੰਘ (ਜਨਰਲ ਸਕੱਤਰ) ਆਦਿ ਸ਼ਾਮਿਲ ਸਨ।
Get all latest content delivered to your email a few times a month.