IMG-LOGO
ਹੋਮ ਪੰਜਾਬ: ਰਾਜ ਵਿਆਪੀ ਮੁਹਿੰਮ ਤਹਿਤ ਗੁਰਦਾਸਪੁਰ ਜ਼ਿਲ੍ਹੇ ਵਿੱਚ ਦੋ ਬਾਲ ਵਿਆਹ...

ਰਾਜ ਵਿਆਪੀ ਮੁਹਿੰਮ ਤਹਿਤ ਗੁਰਦਾਸਪੁਰ ਜ਼ਿਲ੍ਹੇ ਵਿੱਚ ਦੋ ਬਾਲ ਵਿਆਹ ਰੋਕੇ ਗਏ: ਡਾ. ਬਲਜੀਤ ਕੌਰ

Admin User - Jul 16, 2025 04:32 PM
IMG

ਡਾ. ਬਲਜੀਤ ਕੌਰ ਵੱਲੋਂ ਬਾਲ ਵਿਆਹਾਂ ਦੇ ਮਾਮਲਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਜਨਤਕ ਸਹਿਯੋਗ ਦੀ ਕੀਤੀ ਅਪੀਲ

ਚੰਡੀਗੜ੍ਹ, 16 ਜੁਲਾਈ:

ਬਾਲ ਵਿਆਹ ਰੋਕੂ ਮੁਹਿੰਮ ਤਹਿਤ ਪੰਜਾਬ ਸਰਕਾਰ ਦੇ ਚੱਲ ਰਹੇ ਯਤਨਾਂ ਦੇ ਹਿੱਸੇ ਵਜੋਂ, ਬੀਤੇ ਦਿਨੀਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਬਾਲ ਵਿਆਹ ਦੇ ਦੋ ਮਾਮਲੇ ਸਫਲਤਾਪੂਰਵਕ ਰੋਕੇ ਗਏ।

ਇਹ ਜਾਣਕਾਰੀ ਦਿੰਦਿਆਂ, ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਵਿਭਾਗ, ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ (ਡੀ.ਸੀ.ਪੀ.ਯੂ.), ਸੀ.ਡੀ.ਪੀ.ਓ., ਬਾਲ ਭਲਾਈ ਕਮੇਟੀਆਂ ਅਤੇ ਚਾਈਲਡ ਹੈਲਪ ਲਾਈਨ ਟੀਮਾਂ ਵੱਲੋਂ ਪਿੰਡ ਸਹਾਣੇ ਚੱਕ (ਬਲਾਕ ਕਲਾਨੌਰ) ਅਤੇ ਗਾਧੀਆਂ ਪਨਿਆੜ  (ਬਲਾਕ ਗੁਰਦਾਸਪੁਰ) ਵਿਖੇ ਤੇਜ਼ ਅਤੇ ਤਾਲਮੇਲ ਵਾਲੀ ਕਾਰਵਾਈ ਕਰਕੇ ਇਹ ਦੋਵੇਂ ਬਾਲ ਵਿਆਹ ਰੁਕਵਾਏ ਗਏ।

ਡਾ. ਬਲਜੀਤ ਕੌਰ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਬਾਲ ਵਿਆਹ ਰੋਕੂ ਐਕਟ 2006 ਦੇ ਤਹਿਤ 18 ਸਾਲ ਤੋਂ ਘੱਟ ਉਮਰ ਦੀ ਲੜਕੀ ਅਤੇ 21 ਸਾਲ ਤੋਂ ਘੱਟ ਉਮਰ ਦੇ ਲੜਕੇ ਦਾ ਵਿਆਹ ਸਜ਼ਾਯੋਗ ਅਪਰਾਧ ਹੈ। ਯੋਜਨਾਬੱਧ ਵਿਆਹਾਂ ਦੀ ਜਾਣਕਾਰੀ ਮਿਲਣ 'ਤੇ ਤੁਰੰਤ ਦਖਲ ਅੰਦਾਜ਼ੀ ਕੀਤੀ ਗਈ ਅਤੇ ਦੋਵਾਂ ਪਰਿਵਾਰਾਂ ਨੂੰ ਕਾਨੂੰਨੀ ਨਿਯਮਾਂ, ਬੱਚਿਆਂ ਦੀ ਸਿਹਤ, ਸਿੱਖਿਆ ਅਤੇ ਭਵਿੱਖ 'ਤੇ ਬਾਲ ਵਿਆਹ ਦੇ ਨੁਕਸਾਨ ਬਾਰੇ ਵਿਸਥਾਰ ਨਾਲ ਸਮਝਾਇਆ ਗਿਆ।

ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਨੂੰ ਬਾਲ ਵਿਆਹ ਮੁਕਤ ਰਾਜ ਬਣਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬਾਲ ਵਿਆਹਾਂ ਦੀਆਂ ਘਟਨਾਵਾਂ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਨਿਰੰਤਰ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਅਤੇ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਇਕ ਪ੍ਰਗਤੀਸ਼ੀਲ ਅਤੇ ਬੱਚਿਆਂ ਲਈ ਸੁਖਮਈ ਭਵਿੱਖ ਵਾਲਾ ਰਾਜ ਬਣਾਇਆ ਜਾਵੇਗਾ।

ਪਰਿਵਾਰਕ ਮੈਂਬਰਾਂ ਨੇ ਅਧਿਕਾਰੀਆਂ ਨੂੰ ਆਪਣੇ ਸਹਿਯੋਗ ਦਾ ਭਰੋਸਾ ਦਿੱਤਾ ਅਤੇ ਵਿਆਹਾਂ ਨੂੰ ਕਾਨੂੰਨੀ ਉਮਰ ਤੱਕ ਮੁਲਤਵੀ ਕਰਨ ਦੀ ਸਹਿਮਤੀ ਦਿੱਤੀ। ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਦੀ ਤੁਰੰਤ ਰਿਪੋਰਟ ਕਰਨ ਲਈ ਪਰਿਵਾਰਾਂ ਅਤੇ ਪਿੰਡ ਵਾਸੀਆਂ ਨੂੰ ਚਾਈਲਡ ਹੈਲਪਲਾਈਨ ਨੰਬਰ 1098 ਦੀ ਜਾਣਕਾਰੀ ਵੀ ਦਿੱਤੀ ਗਈ।

ਡਾ. ਬਲਜੀਤ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਾਗਰੂਕ ਰਹਿਣ ਅਤੇ ਆਪਣੇ ਆਸ-ਪਾਸ ਜੇਕਰ ਕਿਸੇ ਵੀ ਬਾਲ ਵਿਆਹ ਦੀ ਜਾਣਕਾਰੀ ਮਿਲੇ ਤਾਂ ਤੁਰੰਤ  ਚਾਈਲਡ ਹੈਲਪ ਲਾਈਨ 1098 ਜਾਂ ਨਜ਼ਦੀਕੀ ਪੁਲਿਸ ਸਟੇਸ਼ਨ ਨੂੰ ਸੂਚਿਤ ਕਰਨ। ਉਨ੍ਹਾਂ ਨੇ ਇਹ ਵੀ ਵਿਸ਼ਵਾਸ ਦਿਵਾਇਆ ਕਿ ਸੂਚਨਾ ਦੇਣ ਵਾਲੇ ਦਾ ਨਾਂ ਅਤੇ ਪਤਾ ਗੁਪਤ ਰੱਖਿਆ ਜਾਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.