ਤਾਜਾ ਖਬਰਾਂ
ਰੂਪਨਗਰ, 15 ਜੁਲਾਈ: ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਸ਼ਹਿਰ ਦੇ ਪ੍ਰਸਿੱਧ ਤੇ ਇਤਿਹਾਸਕ ਸਥਾਨ ਮਹਾਰਾਜਾ ਰਣਜੀਤ ਸਿੰਘ ਪਾਰਕ ਨੂੰ ਹੋਰ ਸੁੰਦਰ ਅਤੇ ਨਵੀਨੀਕਰਨ ਦਾ ਕਾਰਜ ਜਲਦ ਸ਼ੁਰੂ ਕੀਤਾ ਜਾਵੇਗਾ।
ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਵਾਲੀਆ ਨੇ ਮਹਾਰਾਜਾ ਰਣਜੀਤ ਸਿੰਘ ਪਾਰਕ ਦਾ ਦੌਰਾ ਕਰਦਿਆਂ ਹੋਣ ਵਾਲੇ ਕੰਮਾਂ ਦਾ ਜਾਇਜ਼ਾ ਲੈਣ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ ਵੀ ਨਾਲ ਸਨ।
ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਰੂਪਨਗਰ ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਪਾਰਕ ਰੋਪੜ ਸ਼ਹਿਰ ਦਾ ਸਤਲੁਜ ਦਰਿਆ ਕੰਢੇ ਸਥਿਤ ਇਤਹਾਸਿਕ ਤੇ ਖੂਬਸੂਰਤ ਪਾਰਕ ਹੈ ਅਤੇ ਰੋਜ਼ਾਨਾ ਰੋਪੜ ਸ਼ਹਿਰ ਵਾਸੀ ਸਵੇਰ ਸ਼ਾਮ ਇੱਥੇ ਸੈਰ ਕਰਨ ਆਉਂਦੇ ਹਨ ਅਤੇ ਦੂਰ ਦੁਰਾਡਿਓ ਵੀ ਲੋਕ ਇੱਥੇ ਘੁੰਮਣ ਫਿਰਨ ਲਈ ਆਉਂਦੇ ਹਨ।
ਉਨ੍ਹਾਂ ਦੱਸਿਆ ਕਿ ਨਵੀਨੀਕਰਨ ਦੇ ਅਧੀਨ ਪਾਰਕ ਵਿੱਚ ਸੁੰਦਰਤਾ ਵਧਾਉਣ ਲਈ ਨਵੇਂ ਫੁੱਲਦਾਰ ਪੌਦੇ ਲਗਾਏ ਜਾਣਗੇ, ਸੁਰੱਖਿਆ ਦੇ ਮੱਦੇਨਜ਼ਰ ਲਾਈਟਾਂ ਲਗਾਈਆ ਜਾਣਗੀਆਂ, ਸੀਸਟੀਵੀ ਕੈਮਰੇ ਵੀ ਚਾਲੂ ਹਾਲਤ ਵਿੱਚ ਰੱਖੇ ਜਾਣਗੇ, ਤੁਰਨ ਵਾਲੇ ਰਸਤਿਆਂ ਨੂੰ ਸੁਧਾਰ ਕੇ ਫੁਟਪਾਥ ਨੂੰ ਨਵੀਂ ਰੂਪ-ਰੇਖਾ ਦਿੱਤੀ ਜਾਵੇਗੀ, ਬੱਚਿਆਂ ਲਈ ਅਲੱਗ ਤੋਂ ਕਿੱਡ ਸੈਕਸ਼ਨ ਬਣਾਇਆ ਜਾਵੇਗਾ, ਓਪਨ ਜ਼ਿੰਮ ਵਿੱਚ ਵੀ ਸੁਧਾਰ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪਾਰਕ ਵਿੱਚ ਲੋਕਾਂ ਦੇ ਖਾਣ ਪੀਣ ਲਈ ਕੈਫੇ ਦਾ ਢਾਂਚਾ ਤਿਆਰ ਕੀਤਾ ਜਾਵੇਗਾ, ਰਸਤਿਆਂ ਦੇ ਨਾਲ-ਨਾਲ ਫੁੱਲ ਅਤੇ ਪੌਦੇ ਲਗਾਏ ਜਾਣਗੇ ਅਤੇ ਫੁਹਾਰੇ ਦੀ ਮੁਰੰਮਤ ਕੀਤੀ ਜਾਵੇਗੀ, ਪੇਂਟਵਰਕ (ਮੂਰਤੀਆਂ, ਮਿਸਲ ਕਿਲ੍ਹਾ) ਆਦਿ ਕੰਮ ਸ਼ਾਮਿਲ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਨਵੀਨੀਕਰਨ ਨਗਰ ਨਿਵਾਸੀਆਂ ਨੂੰ ਸਿਹਤਮੰਦ ਅਤੇ ਸੁਖਦਾਈ ਵਾਤਾਵਰਣ ਪ੍ਰਦਾਨ ਕਰੇਗਾ ਅਤੇ ਪਰਿਵਾਰਾਂ ਲਈ ਮਨੋਰੰਜਨ ਦਾ ਕੇਂਦਰ ਸਾਬਤ ਹੋਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਪਾਰਕ ਦੀ ਸੰਭਾਲ ਅਤੇ ਸਫਾਈ ਵਿੱਚ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।
Get all latest content delivered to your email a few times a month.