IMG-LOGO
ਹੋਮ ਪੰਜਾਬ: ਗੁਰਦਾਸਪੁਰ ਸਟੇਟ ਯੂਨੀਵਰਸਿਟੀ ਵੱਲੋਂ ਆਪਣੇ ਗ੍ਰੈਜੂਏਟਾਂ ਨੂੰ ਭਵਿੱਖ ਲਈ ਤਿਆਰ...

ਗੁਰਦਾਸਪੁਰ ਸਟੇਟ ਯੂਨੀਵਰਸਿਟੀ ਵੱਲੋਂ ਆਪਣੇ ਗ੍ਰੈਜੂਏਟਾਂ ਨੂੰ ਭਵਿੱਖ ਲਈ ਤਿਆਰ ਕਰਨ ਵਾਸਤੇ ਆਧੁਨਿਕ ਕੋਰਸ ਸ਼ੁਰੂ ਕੀਤੇ ਜਾਣਗੇ: ਹਰਜੋਤ ਬੈਂਸ

Admin User - Jul 12, 2025 06:52 PM
IMG

• ਤਕਨੀਕੀ ਸਿੱਖਿਆ ਮੰਤਰੀ ਨੇ ਬਿਹਤਰ ਨਤੀਜਿਆਂ ਲਈ ਵਿਦਿਆਰਥੀ-ਕੇਂਦ੍ਰਿਤ ਸਿੱਖਣ ਦੇ ਮਾਹੌਲ 'ਤੇ ਦਿੱਤਾ ਜ਼ੋਰ

ਚੰਡੀਗੜ੍ਹ, 12 ਜੁਲਾਈ:

ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ, ਗੁਰਦਾਸਪੁਰ ਨੂੰ ਸੂਬੇ ਵਿੱਚ ਉਚੇਰੀ ਸਿੱਖਿਆ ਲਈ ਇੱਕ ਪਸੰਦੀਦਾ ਕੇਂਦਰ ਬਣਾਉਣ ਦੇ ਉਦੇਸ਼ ਨਾਲ ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅਧਿਕਾਰੀਆਂ ਇਸ ਅਕਾਦਮਿਕ ਸੈਸ਼ਨ ਤੋਂ ਇਸ ਯੂਨੀਵਰਸਿਟੀ ਵਿੱਚ ਆਧੁਨਿਕ ਅਤੇ ਉੱਦਮਤਾ 'ਤੇ ਕੇਂਦਰਤ ਕੋਰਸ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਭਵਿੱਖ ਲਈ ਤਿਆਰ ਬਰ ਤਿਆਰ ਗ੍ਰੈਜੂਏਟ ਪੈਦਾ ਕੀਤੇ ਜਾ ਸਕਣ।

ਸ. ਬੈਂਸ ਨੇ ਇੱਥੇ ਆਪਣੇ ਦਫ਼ਤਰ ਵਿਖੇ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਦੇ ਬੋਰਡ ਆਫ਼ ਗਵਰਨਰਜ਼ ਦੀ ਦੂਜੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅਧਿਕਾਰੀਆਂ ਨੂੰ ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ਲਈ ਯੂਨੀਵਰਸਿਟੀ ਵਿੱਚ ਵਿਦਿਆਰਥੀ-ਕੇਂਦ੍ਰਿਤ ਸਿੱਖਣ ਦੇ ਮਾਹੌਲ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਦਿਅਕ ਸੰਸਥਾਵਾਂ ਨੂੰ ਅਤਿ-ਆਧੁਨਿਕ ਬੁਨਿਆਦੀ ਢਾਂਚੇ ਨਾਲ ਲੈਸ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ।

ਯੂਨੀਵਰਸਿਟੀ ਵਿੱਚ ਦਾਖਲਿਆਂ 'ਚ ਹੋਰ ਵਾਧਾ ਕਰਨ ਦੇ ਨਿਰਦੇਸ਼ ਦਿੰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਿੱਖਿਆ ਦੇ ਮਿਆਰਾਂ ਨੂੰ ਹੋਰ ਉੱਚ ਚੁੱਕਣ ਲਈ ਰਣਨੀਤਕ ਯੋਜਨਾਬੰਦੀ ਲਈ ਦਾਖਲਿਆਂ ਦੇ ਰੁਝਾਨਾਂ ਬਾਰੇ ਵਿਆਪਕ ਤੇ ਸਹੀ ਅੰਕੜਿਆਂ ਨੂੰ ਦਰਜ ਕੀਤਾ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦਾ ਧਿਆਨ ਰੋਜ਼ਗਾਰ ਅਤੇ ਸਟਾਰਟਅੱਪਸ 'ਤੇ ਕੇਂਦਰਤ ਹੈ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਹਰੇਕ ਵਿਦਿਆਰਥੀ ਨੂੰ ਉੱਦਮਤਾ, ਸਟਾਰਟਅੱਪ ਅਤੇ ਰੋਜ਼ਗਾਰ ਦੇ ਸਮਰੱਥ ਬਣਾਉਣ ਲਈ ਤਿਆਰ ਕੀਤਾ ਜਾਣਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਨਵੇਂ ਬਿਜ਼ਨਸ ਆਈਡੀਆ ਵਿਕਸਤ ਕਰਨ ਅਤੇ ਅਰਥਪੂਰਨ ਰੋਜ਼ਗਾਰ ਲਈ ਤਿਆਰ ਕਰਨ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਅਜਿਹੇ ਉਪਰਾਲਿਆਂ ਬਾਰੇ ਯੋਜਨਾਬੱਧ ਢੰਗ ਨਾਲ ਅੰਕੜਿਆਂ ਦਾ ਰੱਖ-ਰਖਾਅ ਕੀਤਾ ਜਾਣਾ ਚਾਹੀਦਾ ਹੈ। 

ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਜੋਕੇ ਸਮੇਂ ਦੀ ਲੋੜ ਮੁਤਾਬਕ ਨੌਕਰੀ ਅਤੇ ਤਕਨੀਕੀ ਦ੍ਰਿਸ਼ਟੀਕੋਣ ਨਾਲ ਸੰਬੰਧਿਤ ਹੁਨਰਾਂ ਨਾਲ ਲੈਸ ਕਰਨ ਲਈ ਅਕਾਦਮਿਕ ਪਾਠਕ੍ਰਮ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ, ਡੇਟਾ ਸਾਇੰਸ ਅਤੇ ਫਿਨਟੈਕ ਵਰਗੇ ਅਤਿ-ਆਧੁਨਿਕ ਪ੍ਰੋਗਰਾਮਾਂ ਨੂੰ ਸ਼ਾਮਲ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਉੱਘੇ ਉਦਯੋਗਪਤੀਆਂ, ਵਾਈਸ ਚਾਂਸਲਰਾਂ ਅਤੇ ਪ੍ਰਮੁੱਖ ਸੰਸਥਾਵਾਂ ਦੇ ਡਾਇਰੈਕਟਰਾਂ, ਵਿਸ਼ਾ ਮਾਹਿਰਾਂ ਅਤੇ ਵੱਖ-ਵੱਖ ਖੇਤਰਾਂ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੂੰ ਯੂਨੀਵਰਸਿਟੀ ਵਿੱਚ ਬੁਲਾਇਆ ਜਾਵੇ ਤਾਂ ਜੋ ਵਿਦਿਆਰਥੀਆਂ ਨਾਲ ਉਹ ਆਪਣੇ ਤਜਰਬੇ ਅਤੇ ਗਿਆਨ ਸਾਂਝਾ ਕਰਨ ਅਤੇ ਉਨ੍ਹਾਂ ਦੀ ਅਕਾਦਮਿਕ ਸੂਝ ਵਧਾਉਣ ਅਤੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਵੱਡੇ ਸੁਪਨੇ ਦੇਖਣ ਲਈ ਪ੍ਰੇਰਿਤ ਕਰਨ।

ਉਨ੍ਹਾਂ ਨੇ ਵਿਆਪਕ ਫੈਕਲਟੀ ਸਿਖਲਾਈ ਅਤੇ ਵਿਕਾਸ ਪ੍ਰੋਗਰਾਮਾਂ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਖੋਜ ਇੱਕ ਯੂਨੀਵਰਸਿਟੀ ਦਾ ਅਹਿਮ ਹਿੱਸਾ ਹੈ, ਜੋ ਇਸਦੇ ਮਿਆਰ ਅਤੇ ਸ਼ਾਖ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਯੂਨੀਵਰਸਿਟੀ ਨੂੰ ਇਲਾਕਾ-ਅਧਾਰਤ ਖੋਜ ਖੇਤਰਾਂ ਦੀ ਪਛਾਣ ਕਰਨ ਅਤੇ ਸਥਾਨਕ ਪ੍ਰਸ਼ਾਸਨ ਨਾਲ ਮਿਲ ਕੇ ਅਜਿਹੀਆਂ ਖੋਜਾਂ ਕਰਨ ਲਈ ਕਿਹਾ ਜੋ ਸਿੱਧੇ ਤੌਰ 'ਤੇ ਸਥਾਨਕ ਭਾਈਚਾਰੇ ਨੂੰ ਲਾਭ ਪਹੁੰਚਾਉਂਦੀਆਂ ਹੋਣ ਅਤੇ ਖੇਤਰੀ ਵਿਕਾਸ ਵਿੱਚ ਯੋਗਦਾਨ ਪਾਉਂਦੀਆਂ ਹੋਣ।

ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਐਸ.ਕੇ. ਮਿਸਰਾ ਨੇ ਤਕਨੀਕੀ ਸਿੱਖਿਆ ਮੰਤਰੀ ਨੂੰ ਜਾਣੂ ਕਰਵਾਇਆ ਕਿ ਯੂਨੀਵਰਸਿਟੀ ਡਰੋਨ ਤਕਨਾਲੋਜੀ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਰੋਬੋਟਿਕਸ ਸਮੇਤ ਉੱਭਰ ਰਹੀਆਂ ਤਕਨਾਲੋਜੀਆਂ ਵਿੱਚ ਸੈਂਟਰਜ਼ ਆਫ਼ ਐਕਸੀਲੈਂਸ ਸਥਾਪਤ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਸੈਂਟਰ ਆਫ਼ ਐਕਸੀਲੈਂਸ ਹੁਨਰ ਵਿਕਾਸ, ਖੋਜ, ਨਵੀਨਤਾ ਅਤੇ ਇੱਕ ਪ੍ਰਫੁੱਲਤ ਸਟਾਰਟਅੱਪ ਈਕੋਸਿਸਟਮ ਵਿਕਸਤ ਕਰਨ 'ਤੇ ਕੇਂਦ੍ਰਤ ਹੋਵੇਗਾ।

ਇਸ ਮੀਟਿੰਗ ਵਿੱਚ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਡਾਇਰੈਕਟਰ ਸ੍ਰੀ ਮੋਨੀਸ਼ ਕੁਮਾਰ, ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਸੁਸ਼ੀਲ ਮਿੱਤਲ, ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ, ਅੰਮ੍ਰਿਤਸਰ ਦੇ ਡਾਇਰੈਕਟਰ ਡਾ. ਸਮੀਰ ਸ੍ਰੀਵਾਸਤਵ, ਕੰਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ ਦੇ ਪ੍ਰਧਾਨ ਸ੍ਰੀ ਜਗਮੀਤ ਬੇਦੀ, ਐਸ.ਬੀ.ਐਸ.ਯੂ. ਦੇ ਰਜਿਸਟਰਾਰ ਡਾ. ਅਜੇ ਮਹਾਜਨ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਗੁਰਦਾਸਪੁਰ ਸਟੇਟ ਯੂਨੀਵਰਸਿਟੀ ਦੇ ਫੈਕਲਟੀ ਅਤੇ ਸਟਾਫ ਦੀਆਂ ਸੇਵਾਵਾਂ ਰੈਗੂਲਰ ਕਰਨ ਨੂੰ ਹਰੀ ਝੰਡੀ

ਇਸ ਬੋਰਡ ਆਫ਼ ਗਵਰਨਰਜ਼ ਦੀ ਮੀਟਿੰਗ ਦੌਰਾਨ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ, ਗੁਰਦਾਸਪੁਰ ਵਿੱਚ ਸਾਲ 2011 ਤੋਂ ਠੇਕੇ 'ਤੇ ਕੰਮ ਕਰ ਰਹੇ ਫੈਕਲਟੀ ਅਤੇ ਸਟਾਫ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਦਾ ਫੈਸਲਾ ਵੀ ਕੀਤਾ ਗਿਆ। ਇਸ ਤੋਂ ਇਲਾਵਾ ਬੋਰਡ ਆਫ਼ ਗਵਰਨਰਜ਼ ਨੇ ਯੂਨੀਵਰਸਿਟੀ ਦੇ ਫੈਕਲਟੀ ਅਤੇ ਸਟਾਫ ਲਈ 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਲਈ ਵੀ ਮਨਜ਼ੂਰੀ ਦੇ ਦਿੱਤੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.