ਤਾਜਾ ਖਬਰਾਂ
ਨਵੀਂ ਦਿੱਲੀ - ਅੱਜ ਤੋਂ ਠੀਕ ਇੱਕ ਮਹੀਨਾ ਪਹਿਲਾਂ ਯਾਨੀ 12 ਜੂਨ ਨੂੰ ਅਹਿਮਦਾਬਾਦ ਤੋਂ ਲੰਡਨ ਜਾ ਰਹੀ ਏਅਰ ਇੰਡੀਆ ਦੀ ਉਡਾਣ AI171 ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕੁਝ ਹੀ ਸਕਿੰਟਾਂ ਵਿੱਚ 260 ਲੋਕਾਂ ਦੀ ਇਸ ਹਾਦਸੇ 'ਚ ਜਾਨ ਚਲੀ ਗਈ। ਮ੍ਰਿਤਕਾਂ ਵਿੱਚ 229 ਯਾਤਰੀ, 12 ਚਾਲਕ ਦਲ ਦੇ ਮੈਂਬਰ ਅਤੇ ਹੋਰ 19 ਲੋਕ ਸ਼ਾਮਲ ਸਨ। ਇਸ ਹਾਦਸੇ ਦੇ ਪੀੜਤ ਪਰਿਵਾਰ ਅਜੇ ਤੱਕ ਸਦਮੇ ਤੋਂ ਨਹੀਂ ਉਭਰ ਸਕੇ ਹਨ। ਇਸ ਦੌਰਾਨ ਅੱਜ ਸ਼ਨੀਵਾਰ, 12 ਜੁਲਾਈ ਨੂੰ ਜਹਾਜ਼ ਹਾਦਸਿਆਂ ਦੀ ਜਾਂਚ ਕਰਨ ਵਾਲੀ ਏਜੰਸੀ, ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਨੇ ਇਸ ਹਾਦਸੇ ਬਾਰੇ 15 ਪੰਨਿਆਂ ਦੀ ਮੁੱਢਲੀ ਰਿਪੋਰਟ ਅੱਜ ਜਨਤਕ ਜਾਰੀ ਕੀਤੀ ਗਈ ਹੈ, ਜਿਸ ਵਿੱਚ ਕਈ ਹੈਰਾਨ ਕਰ ਦੇਣ ਵਾਲੇ ਖੁਲਾਸੇ ਹੋਏ ਹਨ।
ਮੁੱਢਲੀ ਜਾਂਚ ਦੇ ਅਨੁਸਾਰ, ਇਹ ਹਾਦਸਾ ਜਹਾਜ਼ ਦੇ ਦੋਵੇਂ ਇੰਜਣ ਬੰਦ ਹੋਣ ਕਾਰਨ ਵਾਪਰਿਆ ਹੈ। ਉਡਾਣ ਭਰਨ ਤੋਂ ਤੁਰੰਤ ਬਾਅਦ, ਦੋਵੇਂ ਫਿਊਲ ਸਵਿੱਚ ਇੱਕ-ਇੱਕ ਕਰਕੇ ਬੰਦ ਕਰ ਦਿੱਤੇ ਗਏ, ਜਿਸ ਕਾਰਨ ਦੋਵੇਂ ਇੰਜਣ ਵੀ ਬੰਦ ਹੋ ਗਏ। ਇਸ ਦੌਰਾਨ, ਕਾਕਪਿਟ ਰਿਕਾਰਡਿੰਗ ਦਰਸਾਉਂਦੀ ਹੈ ਕਿ ਇੱਕ ਪਾਇਲਟ ਨੇ ਦੂਜੇ ਨੂੰ ਪੁੱਛਿਆ, "ਕੀ ਤੁਸੀਂ ਸਵਿੱਚ ਬੰਦ ਕਰ ਦਿੱਤਾ?" ਦੂਜੇ ਨੇ ਜਵਾਬ ਦਿੱਤਾ, "ਨਹੀਂ।" ਰਿਪੋਰਟ ਦੇ ਵਿੱਚ ਸ਼ਾਮਲ ਸਾਰੇ ਨੁਕਤੇ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਜਹਾਜ਼ ਵਿੱਚ ਕੋਈ ਤਕਨੀਕੀ ਨੁਕਸ ਨਹੀਂ ਸੀ ਅਤੇ ਪਾਇਲਟ ਵੱਲੋਂ ਕੁਝ ਲਾਪਰਵਾਹੀ ਹੋਈ ਹੈ।
15 ਪੰਨਿਆਂ ਦੀ ਰਿਪੋਰਟ ਦੇ ਅਨੁਸਾਰ, ਉਡਾਣ ਭਰਨ ਤੋਂ ਲੈ ਕੇ ਹਾਦਸੇ ਤੱਕ ਪੂਰੀ ਉਡਾਣ ਸਿਰਫ 30 ਸਕਿੰਟ ਚੱਲੀ। ਹੁਣ ਤੱਕ, ਰਿਪੋਰਟ ਵਿੱਚ ਬੋਇੰਗ 787-8 ਜਹਾਜ਼ ਅਤੇ ਇੰਜਣ ਸੰਬੰਧੀ ਕਿਸੇ ਵੀ ਆਪਰੇਟਰ ਲਈ ਕੋਈ ਚੇਤਾਵਨੀ ਜਾਂ ਕਾਰਵਾਈ ਦੀ ਸਿਫਾਰਸ਼ ਨਹੀਂ ਕੀਤੀ ਗਈ ਹੈ।
Get all latest content delivered to your email a few times a month.