ਤਾਜਾ ਖਬਰਾਂ
ਪਾਤੜਾਂ ਸ਼ਹਿਰ ਦੇ ਹਾਮਝੇੜੀ ਬਾਈਪਾਸ ਚੌਕ ਨੇੜੇ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ‘ਚ ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਪਿੰਡ ਜਾਲਕੀਆਂ ਨਾਲ ਸੰਬੰਧਤ ਦੰਪਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ‘ਚ ਮੌਤ ਦਾ ਸ਼ਿਕਾਰ ਹੋਏ ਪ੍ਰੀਤਮ ਸਿੰਘ ਆਪਣੀ ਪਤਨੀ, ਇਕ ਨਾਬਾਲਿਗ ਲੜਕੀ ਅਤੇ ਛੋਟੀ ਬੱਚੀ ਸਮੇਤ ਮੋਟਰਸਾਈਕਲ ‘ਤੇ ਸਵਾਰ ਹੋ ਕੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਗੁੱਜਰਾਂ ਤੋਂ ਵਾਪਸ ਆਪਣੇ ਪਿੰਡ ਜਾ ਰਹੇ ਸਨ।
ਜਦੋਂ ਇਹ ਪਰਿਵਾਰ ਪਾਤੜਾਂ ਬਾਈਪਾਸ ਚੌਕ ਵਿੱਚ ਮੋੜ ਮੁੜ ਰਿਹਾ ਸੀ, ਤਦੋਂ ਸਾਹਮਣੇ ਤੋਂ ਆ ਰਹੀ ਪੀਆਰਟੀਸੀ ਦੀ ਬੱਸ ਨੇ ਉਨ੍ਹਾਂ ਦੀ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰੀ। ਟੱਕਰ ਇੰਨੀ ਭਿਆਨਕ ਸੀ ਕਿ ਪ੍ਰੀਤਮ ਸਿੰਘ ਅਤੇ ਉਸ ਦੀ ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸਾ ਵੇਖ ਕੇ ਇਲਾਕੇ ‘ਚ ਹਲਚਲ ਮਚ ਗਈ ਅਤੇ ਲੋਕ ਇਕੱਠੇ ਹੋ ਗਏ।
ਦੁਰਘਟਨਾ ‘ਚ ਮੋਟਰਸਾਈਕਲ ‘ਤੇ ਸਵਾਰ ਹੋਰ ਦੋ ਬੱਚੀਆਂ, ਜਿਨ੍ਹਾਂ ਵਿੱਚੋਂ ਇੱਕ ਪ੍ਰੀਤਮ ਸਿੰਘ ਦੀ ਨਜ਼ਦੀਕੀ ਰਿਸ਼ਤੇਦਾਰ ਅਮਨਪ੍ਰੀਤ ਕੌਰ ਦੱਸੀ ਜਾਂਦੀ ਹੈ ਅਤੇ ਦੂਜੀ ਛੋਟੀ ਬੱਚੀ ਪ੍ਰਿੰਸੀਆ ਹੈ, ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਈਆਂ। ਉਨ੍ਹਾਂ ਨੂੰ ਤੁਰੰਤ ਸ੍ਰੀ ਦੁਰਗਾ ਦਲ ਸੇਵਾ ਸੰਮਤੀ ਚੈਰੀਟੇਬਲ ਹਸਪਤਾਲ ਪਾਤੜਾਂ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਮੁਤਾਬਕ ਦੋਵੇਂ ਦੀ ਹਾਲਤ ਹੁਣ ਖ਼ਤਰੇ ਤੋਂ ਬਾਹਰ ਹੈ।
ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਭੇਜ ਦਿੱਤਾ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵਲੋਂ ਬੱਸ ਡਰਾਈਵਰ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਹਾਦਸੇ ਦੇ ਕਾਰਣਾਂ ਦੀ ਜਾਂਚ ਜਾਰੀ ਹੈ। ਇਹ ਹਾਦਸਾ ਇੱਕ ਵਾਰ ਫਿਰ ਸੜਕ ਸੁਰੱਖਿਆ ਪ੍ਰਬੰਧਾਂ ਅਤੇ ਬੱਸ ਚਾਲਕਾਂ ਦੀ ਲਾਪਰਵਾਹੀ ਨੂੰ ਉਜਾਗਰ ਕਰਦਾ ਹੈ।
Get all latest content delivered to your email a few times a month.