ਤਾਜਾ ਖਬਰਾਂ
ਚੰਡੀਗੜ੍ਹ/ਗੁਰਦਾਸਪੁਰ, 9 ਜੁਲਾਈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਪਾਕਿਸਤਾਨ ਦੀ ਆਈਐਸਆਈ ਵੱਲੋਂ ਸਮਰਥਿਤ ਅਤੇ ਪਾਕਿਸਤਾਨ ਵਿੱਚ ਸਥਿਤ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਦੇ ਸੰਚਾਲਕ ਹਰਵਿੰਦਰ ਰਿੰਦਾ ਦੁਆਰਾ ਰਚੀ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਸਫਲਤਾਪੂਰਵਕ ਨਾਕਾਮ ਕਰਦਿਆਂ ਗੁਰਦਾਸਪੁਰ ਦੇ ਜੰਗਲੀ ਖੇਤਰ ਵਿੱਚੋਂ ਅੱਤਵਾਦੀ ਹਾਰਡਵੇਅਰ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਬੁੱਧਵਾਰ ਨੂੰ ਇੱਥੇ ਦਿੱਤੀ।
ਬਰਾਮਦ ਕੀਤੇ ਗਏ ਅੱਤਵਾਦੀ ਹਾਰਡਵੇਅਰ ਖੇਪ ਵਿੱਚ ਦੋ ਏਕੇ—47 ਰਾਈਫਲਾਂ ਦੇ ਨਾਲ—ਨਾਲ 16 ਜ਼ਿੰਦਾ ਕਾਰਤੂਸ ਅਤੇ ਦੋ ਮੈਗਜ਼ੀਨ, ਅਤੇ ਦੋ ਪੀ—86 ਹੈਂਡ ਗ੍ਰਨੇਡ ਸ਼ਾਮਲ ਹਨ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਬਰਾਮਦ ਕੀਤੀ ਗਈ ਖੇਪ ਪਾਕਿਸਤਾਨੀ ਏਜੰਸੀਆਂ ਅਤੇ ਹਰਵਿੰਦਰ ਰਿੰਦਾ ਵੱਲੋਂ ਪੰਜਾਬ ਵਿੱਚ ਕਈ ਥਾਵਾਂ ’ਤੇ ਅੱਤਵਾਦੀ ਗਤੀਵਿਧੀਆਂ ਅੰਜਾਮ ਦੇਣ ਲਈ ਇੱਕ ਸੋਚੀ—ਸਮਝੀ ਸਾਜ਼ਿਸ਼ ਤਹਿਤ ਭਾਰਤ ਵਿੱਚ ਭੇਜੀ ਗਈ ਸੀ, ਜਿਸਦਾ ਉਦੇਸ਼ ਪੰਜਾਬ ਦੀ ਅਮਨ—ਸ਼ਾਂਤੀ ਨੂੰ ਭੰਗ ਕਰਨਾ ਸੀ।
ਡੀਜੀਪੀ ਨੇ ਕਿਹਾ ਕਿ ਖੁਫੀਆ ਜਾਣਕਾਰੀ ’ਤੇ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ, ਏਜੀਟੀਐਫ ਦੀਆਂ ਟੀਮਾਂ ਨੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਏਜੀਟੀਐਫ ਪ੍ਰਮੋਦ ਬਾਨ ਦੀ ਨਿਗਰਾਨੀ ਹੇਠ ਗੁਰਦਾਸਪੁਰ ਦੇ ਜੰਗਲੀ ਖੇਤਰ ਵਿੱਚ, ਹਰਵਿੰਦਰ ਰਿੰਦਾ ਗਿਰੋਹ ਦੇ ਕਾਰਕੁੰਨਾਂ ਤੱਕ ਪਹੁੰਚਣ ਤੋਂ ਪਹਿਲਾਂ ਹੀ , ਅੱਤਵਾਦੀ ਹਾਰਡਵੇਅਰ ਖੇਪ ਦਾ ਪਤਾ ਲਗਾਉਣ ਅਤੇ ਜ਼ਬਤ ਕਰਨ ਕਾਮਯਾਬੀ ਹਾਸਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਖੇਪ ਨੂੰ ਪ੍ਰਾਪਤ ਕਰਨ ਵਾਲੇ ਕਾਰਕੁਨਾਂ ਦੀ ਪਛਾਣ ਕਰਨ ਲਈ ਹੋਰ ਜਾਂਚ ਜਾਰੀ ਹੈ।
ਹੋਰ ਵੇਰਵੇ ਸਾਂਝੇ ਕਰਦੇ ਹੋਏ, ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਏਜੀਟੀਐਫ ਗੁਰਮੀਤ ਚੌਹਾਨ ਨੇ ਕਿਹਾ ਕਿ ਜਾਂਚ ਵਿੱਚ ਇਸ ਪਾਕਿ—ਆਈਐਸਆਈ ਸਮਰਥਿਤ ਮਾਡਿਊਲ ਵਿੱਚ ਵਿਦੇਸ਼—ਅਧਾਰਤ ਅੱਤਵਾਦੀਆਂ ਦੀ ਸ਼ਮੂਲੀਅਤ ਦਾ ਵੀ ਖੁਲਾਸਾ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਹਥਿਆਰਾਂ ਦੀ ਖੇਪ ਬਰਾਮਦ ਹੋਣ ਦੀ ਸੰਭਾਵਨਾ ਹੈ।
ਡੀਆਈਜੀ ਨੇ ਕਿਹਾ ਕਿ ਗੁਰਦਾਸਪੁਰ ਦੇ ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਵਿਖੇ ਵਿਸਫੋਟਕ ਐਕਟ ਅਤੇ ਆਰਮਜ਼ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।
Get all latest content delivered to your email a few times a month.