IMG-LOGO
ਹੋਮ ਪੰਜਾਬ: ਵੜਿੰਗ ਨੇ ਮੁੱਖ ਮੰਤਰੀ ਨੂੰ ਲੋਕਾਂ ਦੀ ਜਾਨ-ਮਾਲ ਦੀ ਰਾਖੀ...

ਵੜਿੰਗ ਨੇ ਮੁੱਖ ਮੰਤਰੀ ਨੂੰ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨ ਸਬੰਧੀ ਆਪਣੇ ਫਰਜ਼ ਦੀ ਯਾਦ ਦਿਵਾਈ...

Admin User - Jul 08, 2025 06:50 PM
IMG

ਕਿਹਾ: ਜੇਕਰ ਮੁੱਖ ਮੰਤਰੀ ਕੋਲ ਸ਼ਾਸਨ ਚਲਾਉਣ ਦਾ ਅਧਿਕਾਰ ਹੈ, ਤਾਂ ਉਹ ਇਸਨੂੰ ਨਿਭਾਉਣ ਲਈ ਪਾਬੰਦ ਵੀ ਹਨ

ਚੰਡੀਗੜ੍ਹ, 8 ਜੁਲਾਈ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੂਬੇ ਦੇ ਲੋਕਾਂ ਪ੍ਰਤੀ ਉਨ੍ਹਾਂ ਦੇ ਫਰਜ਼ ਅਤੇ ਜ਼ਿੰਮੇਵਾਰੀ ਦੀ ਯਾਦ ਦਿਵਾਈ ਹੈ।

ਉਨ੍ਹਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਤੁਸੀਂ ਇਕ ਵੱਡੇ ਫਤਵੇ ਨਾਲ ਪੰਜਾਬ ਦੇ ਚੁਣੇ ਹੋਏ ਮੁੱਖ ਮੰਤਰੀ ਹੋ। ਇਸਦੇ ਨਾਲ ਹੀ ਤੁਸੀਂ ਉਨ੍ਹਾਂ ਲੋਕਾਂ ਪ੍ਰਤੀ ਜ਼ਿੰਮੇਵਾਰ ਵੀ ਹੋ, ਜਿਨ੍ਹਾਂ ਨੇ ਤੁਹਾਨੂੰ ਉਨ੍ਹਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਚੁਣਿਆ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਇਸ ਮੁੱਦੇ ਦਾ ਸਿਆਸੀਕਰਨ ਨਹੀਂ ਕਰਨਾ ਚਾਹੁੰਦੀ ਹੈ, ਕਿਉਂਕਿ ਇਹ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਨਾਲ ਸਬੰਧਤ ਹੈ। ਲੇਕਿਨ ਕਾਂਗਰਸ ਅਜਿਹੀਆਂ ਸਾਰੀਆਂ ਘਟਨਾਵਾਂ ਵੱਲ ਅੱਖਾਂ ਨਹੀਂ ਮੋੜ ਵੀ ਸਕਦੀ ਹੈ।

ਸੂਬਾ ਕਾਂਗਰਸ ਪ੍ਰਧਾਨ ਨੇ ਹਾਲ ਹੀ ਵਿੱਚ ਗੈਂਗਸਟਰਾਂ ਵੱਲੋਂ ਕਥਿਤ ਤੌਰ 'ਤੇ ਫਿਰੌਤੀ ਲਈ ਨਿਸ਼ਾਨਾ ਬਣਾ ਕੇ ਕੀਤੀਆਂ ਗਈਆਂ ਹੱਤਿਆਵਾਂ ਦੀਆਂ ਘਟਨਾਵਾਂ ਵਿੱਚ ਹੋਏ ਭਾਰੀ ਵਾਧੇ ਦਾ ਹਵਾਲਾ ਦਿੰਦੇ ਹੋਏ, ਸੂਬੇ ਦੇ ਹਾਲਾਤਾਂ ਉਪਰ ਡੂੰਘੀ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਵਿਗੜਦੀ ਕਾਨੂੰਨ ਵਿਵਸਥਾ ਦੀ ਸਥਿਤੀ ਸੂਬੇ ਦੀ ਆਰਥਿਕਤਾ ਨੂੰ ਹੋਰ ਵੀ ਵਿਗਾੜ ਦੇਵੇਗੀ।

ਇਸ ਦੌਰਾਨ ਉਦਯੋਗਾਂ ਵਿੱਚ ਪੰਜਾਬ ਪ੍ਰਤੀ ਘਟਦੇ ਭਰੋਸੇ ਦਾ ਜਿਕਰ ਕਰਦਿਆਂ, ਵੜਿੰਗ ਨੇ ਖੁਲਾਸਾ ਕੀਤਾ ਕਿ ਸਾਲ 2022 ਵਿੱਚ ਪੰਜਾਬ ਦੇ ਉਦਯੋਗਪਤੀਆਂ ਨੇ ਉੱਤਰ ਪ੍ਰਦੇਸ਼ ਵਿੱਚ 2,950 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ, ਜਦੋਂ ਕਿ 2023 ਵਿੱਚ, ਉਨ੍ਹਾਂ ਨੇ ਉੱਤਰ ਪ੍ਰਦੇਸ਼ ਨਾਲ 9,000 ਕਰੋੜ ਰੁਪਏ ਦੇ ਨਿਵੇਸ਼ ਸਬੰਧੀ ਸਮਝੌਤਿਆਂ 'ਤੇ ਦਸਤਖਤ ਕੀਤੇ ਸਨ।

ਉਨ੍ਹਾਂ ਜ਼ਿਕਰ ਕੀਤਾ ਕਿ ਬੀਤੇ ਦਿਨ ਹੀ ਪੰਜਾਬ ਦੇ ਉਦਯੋਗਾਂ ਨੇ ਮੱਧ ਪ੍ਰਦੇਸ਼ ਵਿੱਚ 15,000 ਕਰੋੜ ਰੁਪਏ ਦੇ ਨਿਵੇਸ਼ ਦਾ ਵਾਅਦਾ ਕੀਤਾ ਹੈ।  ਜਿਸ ਬਾਰੇ ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਅਤੇ ਖਾਸ ਕਰਕੇ ਮੁੱਖ ਮੰਤਰੀ ਵਜੋਂ ਤੁਹਾਡੇ ਲਈ ਇੱਕ ਜਾਗਣ ਦੀ ਘੰਟੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਕਿ ਪੰਜਾਬ, ਜਿਹੜਾ ਕਦੇ ਕਾਰੋਬਾਰ ਲਈ ਇੱਕ ਪਸੰਦੀਦਾ ਨਿਵੇਸ਼ ਸਥਾਨ ਸੀ, ਹੁਣ ਇਥੋਂ ਉਦਯੋਗਾਂ ਦਾ ਪਲਾਇਣ ਕਿਉਂ ਹੋ ਰਿਹਾ ਹੈ।

ਲੁਧਿਆਣਾ ਸੰਸਦੀ ਹਲਕੇ ਦੀ ਵੀ ਨੁਮਾਇੰਦਗੀ ਕਰਨ ਵਾਲੇ ਵੜਿੰਗ ਨੇ ਖੁਲਾਸਾ ਕੀਤਾ ਕਿ ਉਹਨਾਂ ਵੱਲੋਂ ਉਦਯੋਗਾਂ ਦੇ ਨੁਮਾਇੰਦਿਆਂ ਨਾਲ ਸਿੱਧੇ ਅਤੇ ਨਿੱਜੀ ਤੌਰ ਤੇ ਹੋਈ ਗੱਲਬਾਤ ਤੋਂ ਸਾਫ ਪਤਾ ਚੱਲਦਾ ਹੈ ਕਿ ਸੂਬੇ ਵਿੱਚ ਲਗਾਤਾਰ ਖਰਾਬ ਹੁੰਦੀ ਕਾਨੂੰਨ ਵਿਵਸਥਾ ਦੀ ਹਾਲਤ ਕਾਰਨ ਉਨ੍ਹਾਂ ਵਿੱਚ ਡਰ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਅਬੋਹਰ ਵਿੱਚ ਸੰਜੇ ਵਰਮਾ ਦੇ ਦਿਨ-ਦਿਹਾੜੇ ਹੋਏ ਬੇਰਹਿਮੀ ਨਾਲ ਕਤਲ ਵਰਗੀਆਂ ਘਟਨਾਵਾਂ ਸਥਿਤੀ ਨੂੰ ਹੋਰ ਵੀ ਵਿਗਾੜਦੀਆਂ ਹਨ। ਇਹਨਾਂ ਹਾਲਾਤਾਂ ਦੇ ਮੱਦੇਨਜ਼ਰ, ਉਨ੍ਹਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ 'ਆਪ' ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਸੂਬਾ ਪਹਿਲਾਂ ਹੀ "ਕਰਜ਼ੇ ਦੇ ਜਾਲ" ਵਿੱਚ ਫਸਿਆ ਹੋਇਆ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.