ਤਾਜਾ ਖਬਰਾਂ
ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਨੇ ਬਰਮਿੰਘਮ ਦੇ ਐਜਬੈਸਟਨ ਮੈਦਾਨ 'ਤੇ ਖੇਡੇ ਗਏ ਦੂਜੇ ਟੈਸਟ ਮੈਚ ਵਿੱਚ ਇੰਗਲੈਂਡ ਨੂੰ 336 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਪੰਜ ਮੈਚਾਂ ਦੀ ਲੜੀ 1-1 ਨਾਲ ਬਰਾਬਰ ਹੋ ਗਈ ਹੈ।
608 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਇੰਗਲੈਂਡ ਦੀ ਟੀਮ ਮੈਚ ਦੇ ਆਖਰੀ ਦਿਨ 271 ਦੌੜਾਂ 'ਤੇ ਆਲ ਆਊਟ ਹੋ ਗਈ। ਇਹ ਇੰਗਲੈਂਡ ਦੀ ਧਰਤੀ 'ਤੇ ਦੌੜਾਂ ਦੇ ਮਾਮਲੇ ਵਿੱਚ ਭਾਰਤ ਦੀ ਸਭ ਤੋਂ ਵੱਡੀ ਜਿੱਤ ਹੈ। ਪਿਛਲਾ ਰਿਕਾਰਡ 279 ਦੌੜਾਂ ਨਾਲ ਜਿੱਤ ਦਾ ਸੀ। ਭਾਰਤ ਨੇ 1986 ਵਿੱਚ ਲੀਡਜ਼ ਵਿੱਚ ਇੰਗਲਿਸ਼ ਟੀਮ ਨੂੰ ਇਸ ਫਰਕ ਨਾਲ ਹਰਾਇਆ ਸੀ। ਇਸ ਤੋਂ ਇਲਾਵਾ, ਭਾਰਤ ਨੇ 58 ਸਾਲਾਂ ਵਿੱਚ ਬਰਮਿੰਘਮ ਵਿੱਚ ਆਪਣੀ ਪਹਿਲੀ ਜਿੱਤ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ, ਇੱਥੇ ਖੇਡੇ ਗਏ 8 ਟੈਸਟਾਂ ਵਿੱਚੋਂ, ਭਾਰਤ 7 ਹਾਰਿਆ ਸੀ ਅਤੇ 1 ਮੈਚ ਡਰਾਅ ਰਿਹਾ ਸੀ।
ਮੈਚ ਦੇ ਆਖਰੀ ਦਿਨ, ਇੰਗਲੈਂਡ ਨੇ ਤਿੰਨ ਵਿਕਟਾਂ 'ਤੇ 72 ਦੌੜਾਂ ਦੇ ਸਕੋਰ ਤੋਂ ਖੇਡਣਾ ਸ਼ੁਰੂ ਕੀਤਾ। ਮੈਚ ਮੀਂਹ ਕਾਰਨ ਲਗਭਗ 90 ਮਿੰਟ ਦੀ ਦੇਰੀ ਨਾਲ ਸ਼ੁਰੂ ਹੋਇਆ। ਦੁਪਹਿਰ ਦੇ ਖਾਣੇ ਤੱਕ, ਇੰਗਲੈਂਡ ਨੇ ਤਿੰਨ ਹੋਰ ਵਿਕਟਾਂ ਗੁਆ ਦਿੱਤੀਆਂ। ਬਾਕੀ ਚਾਰ ਵਿਕਟਾਂ ਦੂਜੇ ਸੈਸ਼ਨ ਵਿੱਚ ਡਿੱਗ ਗਈਆਂ। ਭਾਰਤ ਲਈ, ਆਕਾਸ਼ ਦੀਪ ਨੇ 6 ਵਿਕਟਾਂ ਲਈਆਂ, ਮੁਹੰਮਦ ਸਿਰਾਜ, ਵਾਸ਼ਿੰਗਟਨ ਸੁੰਦਰ, ਪ੍ਰਸਿਧ ਕ੍ਰਿਸ਼ਨਾ ਅਤੇ ਰਵਿੰਦਰ ਜਡੇਜਾ ਨੇ ਇੱਕ-ਇੱਕ ਵਿਕਟ ਲਈ।
ਭਾਰਤ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਹਿਲੀ ਪਾਰੀ ਵਿੱਚ 587 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਨੇ 269 ਦੌੜਾਂ ਦੀ ਪਾਰੀ ਖੇਡੀ। ਜਵਾਬ ਵਿੱਚ, ਇੰਗਲੈਂਡ ਦੀ ਪਹਿਲੀ ਪਾਰੀ 407 ਦੌੜਾਂ 'ਤੇ ਸਿਮਟ ਗਈ। ਭਾਰਤ ਨੇ ਆਪਣੀ ਦੂਜੀ ਪਾਰੀ 6 ਵਿਕਟਾਂ 'ਤੇ 427 ਦੌੜਾਂ ਦੇ ਸਕੋਰ 'ਤੇ ਐਲਾਨ ਦਿੱਤੀ। ਗਿੱਲ ਫਿਰ ਤੋਂ ਸਭ ਤੋਂ ਵੱਧ ਸਕੋਰਰ ਰਿਹਾ ਅਤੇ 161 ਦੌੜਾਂ ਬਣਾਈਆਂ।
ਦੋਵਾਂ ਟੀਮਾਂ ਦੀ ਪਲੇਇੰਗ 11
ਇੰਗਲੈਂਡ: ਬੇਨ ਸਟੋਕਸ (ਕਪਤਾਨ), ਜ਼ੈਕ ਕਰੌਲੀ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਹੈਰੀ ਬਰੂਕ, ਬੇਨ ਸਟੋਕਸ, ਜੈਮੀ ਸਮਿਥ (ਵਿਕਟਕੀਪਰ), ਕ੍ਰਿਸ ਵੋਕਸ, ਬ੍ਰਾਈਡਨ ਕਾਰਸੇ, ਜੋਸ਼ ਟੰਗ ਅਤੇ ਸ਼ੋਏਬ ਬਸ਼ੀਰ।
ਭਾਰਤ: ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜੈਸਵਾਲ, ਕੇਐਲ ਰਾਹੁਲ, ਕਰੁਣ ਨਾਇਰ, ਰਿਸ਼ਭ ਪੰਤ (ਵਿਕਟਕੀਪਰ), ਨਿਤੀਸ਼ ਕੁਮਾਰ ਰੈੱਡੀ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਆਕਾਸ਼ਦੀਪ, ਮੁਹੰਮਦ ਸਿਰਾਜ ਅਤੇ ਪ੍ਰਸੀਦ ਕ੍ਰਿਸ਼ਨ।
Get all latest content delivered to your email a few times a month.