ਤਾਜਾ ਖਬਰਾਂ
ਸਮਰਾਲਾ ਪੁਲਿਸ ਨੇ ਨਸ਼ਾ ਤਸਕਰੀ ਵਿਰੁੱਧ ਚਲਾਈ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕਰਦਿਆਂ ਇਕ ਨੌਜਵਾਨ ਲੜਕੀ ਅਤੇ ਉਸ ਦੇ ਸਾਥੀ ਨੂੰ 300 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ, ਅੰਤਰਰਾਸ਼ਟਰੀ ਬਾਜ਼ਾਰ ਵਿਚ ਇਸ ਹੈਰੋਇਨ ਦੀ ਕੀਮਤ ਲਗਭਗ 70 ਲੱਖ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਪੁਲਿਸ ਨੇ ਸ਼ੱਕ ਜਤਾਇਆ ਹੈ ਕਿ ਦੋਵੇਂ ਦੋਸ਼ੀ ਕਿਸੇ ਵੱਡੇ ਨਸ਼ਾ ਤਸਕਰੀ ਗਿਰੋਹ ਨਾਲ ਸਬੰਧਤ ਹੋ ਸਕਦੇ ਹਨ।
ਥਾਣਾ ਸਮਰਾਲਾ ਦੇ ਕਾਰਜਕਾਰੀ ਇੰਚਾਰਜ ਹਰਜਿੰਦਰ ਸਿੰਘ ਨੇ ਦੱਸਿਆ ਕਿ, ਨਾਰਕੋਟਿਕ ਟੀਮ ਅਤੇ ਸਪੈਸ਼ਲ ਟੀਮ ਵੱਲੋਂ ਚੋਂਕੀ ਹੇਡੋਂ ਦੇ ਬਾਹਰ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਲੁਧਿਆਣਾ ਵੱਲੋਂ ਆ ਰਹੀ ਇਕ ਬੱਸ ਵਿਚੋਂ ਇਕ ਨੌਜਵਾਨ ਜੋੜਾ ਉਤਰ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਸ਼ੱਕ ਦੇ ਆਧਾਰ ਤੇ ਦੋਵੇਂ ਨੂੰ ਕਾਬੂ ਕਰਕੇ ਗਜ਼ਟਿਡ ਅਧਿਕਾਰੀ ਦੀ ਮੌਜੂਦਗੀ ਵਿੱਚ ਤਲਾਸ਼ੀ ਲਈ ਗਈ, ਜਿੱਥੇ 300 ਗ੍ਰਾਮ ਹੈਰੋਇਨ ਬਰਾਮਦ ਹੋਈ।
ਪੁਲਿਸ ਅਨੁਸਾਰ, ਗ੍ਰਿਫ਼ਤਾਰ ਕੀਤੇ ਨੌਜਵਾਨ ਦੀ ਪਛਾਣ 24 ਸਾਲਾ ਦੇਵ ਅਰਜੁਨ ਵਾਸੀ ਸੱਜਣ ਮਹਿਰੋ, ਜ਼ਿਲਾ ਮੋਗਾ ਅਤੇ 20 ਸਾਲਾ ਜਸ਼ਨਪ੍ਰੀਤ ਕੌਰ ਵਾਸੀ ਪਿੰਡ ਮਹਿਣਾ, ਜ਼ਿਲਾ ਮੋਗਾ ਵਜੋਂ ਹੋਈ ਹੈ। ਦੋਵਾਂ ਖ਼ਿਲਾਫ਼ ਐੱਨ.ਡੀ.ਪੀ.ਐਸ. ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਹੈ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਕਬੂਲ ਕੀਤਾ ਹੈ ਕਿ ਉਹ ਮੋਗਾ ਤੋਂ ਖਰੜ ਜਾ ਰਹੇ ਸਨ ਅਤੇ ਇਹ ਹੈਰੋਇਨ ਉੱਥੇ ਕਿਸੇ ਨੂੰ ਸੌਂਪੀ ਜਾਣੀ ਸੀ। ਦੋਵੇਂ ਇੱਕ ਦੂਜੇ ਨੂੰ ਲੰਮੇ ਸਮੇਂ ਤੋਂ ਜਾਣਦੇ ਸਨ। ਪੁਲਿਸ ਦੀ ਜਾਂਚ ਜਾਰੀ ਹੈ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਹੋਰ ਵੱਡੇ ਖੁਲਾਸੇ ਅਤੇ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ।
Get all latest content delivered to your email a few times a month.