ਤਾਜਾ ਖਬਰਾਂ
ਗੜ੍ਹਸ਼ੰਕਰ ਤੋਂ ਕੋਟਫਤੂਹੀ ਵੱਲ ਜਾਣ ਵਾਲੀ ਦੂਆਬਾ ਨਹਿਰ 'ਤੇ ਹਾਦਸਿਆਂ ਦੀ ਲੜੀ ਰੁਕਣ ਦਾ ਨਾਮ ਨਹੀਂ ਲੈ ਰਹੀ। ਬੀਤੀ ਰਾਤ ਰਾਵਲਪਿੰਡੀ ਮੋੜ ਨੇੜੇ ਇੱਕ ਹੋਰ ਭਿਆਨਕ ਹਾਦਸਾ ਵਾਪਰਿਆ, ਜਿੱਥੇ ਇੱਕ ਮਹਿੰਦਰਾ ਪਿਕਅੱਪ ਗੱਡੀ ਨਹਿਰ ਵਿੱਚ ਡਿੱਗ ਪਈ। ਇਹ ਗੱਡੀ ਯੂਪੀ ਦੇ ਵਦਾਇਉਂ ਨੂੰ ਜਾ ਰਹੀ ਸੀ, ਜਿਸ ਵਿੱਚ ਕਈ ਮਜ਼ਦੂਰ ਸਵਾਰ ਸਨ।
ਮਿਲੀ ਜਾਣਕਾਰੀ ਅਨੁਸਾਰ, ਪਿਕਅੱਪ ਵਿੱਚ ਬੱਚਿਆਂ ਸਮੇਤ 30 ਤੋਂ 35 ਮਜ਼ਦੂਰ ਸਵਾਰ ਸਨ। ਇਹ ਸਾਰੇ ਮਜ਼ਦੂਰ ਵੱਖ-ਵੱਖ ਥਾਵਾਂ 'ਤੇ ਕੰਮ ਕਰ ਰਹੇ ਸਨ ਅਤੇ ਆਪਣੇ ਘਰ ਵਾਪਸ ਜਾ ਰਹੇ ਸਨ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਸੜਕ 'ਤੇ ਅਚਾਨਕ ਇੱਕ ਆਵਾਰਾ ਪਸ਼ੂ ਆ ਗਿਆ। ਗੱਡੀ ਡਰਾਈਵਰ ਨੇ ਸੰਤੁਲਨ ਗਵਾ ਦਿੱਤਾ ਅਤੇ ਪੂਰੀ ਗੱਡੀ ਨਹਿਰ ਵਿੱਚ ਜਾ ਡਿੱਗੀ।
ਹਾਦਸੇ ਦੀ ਸੁਚਨਾ ਮਿਲਦਿਆਂ ਨੇੜਲੇ ਲੋਕ ਮੌਕੇ 'ਤੇ ਪਹੁੰਚੇ ਅਤੇ ਬਚਾਅ ਕਾਰਜਾਂ ਵਿੱਚ ਜੁਟ ਗਏ। ਲੋਕਾਂ ਵੱਲੋਂ ਬਹੁਤ ਜਦੋਜਹਿਦ ਨਾਲ ਸਵਾਰਾਂ ਨੂੰ ਬਾਹਰ ਕੱਢਿਆ ਗਿਆ। ਗੰਭੀਰ ਹਾਲਤ ਦੇ ਕਾਰਨ ਇੱਕ 15 ਸਾਲਾ ਨੌਜਵਾਨ ਦੀ ਮੌਤ ਹੋ ਗਈ, ਜਦਕਿ ਹੋਰ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ।
ਮ੍ਰਿਤਕ ਦੀ ਪਹਿਚਾਣ ਆਕਾਸ਼ ਪੁੱਤਰ ਰਾਕੇਸ਼ ਕੁਮਾਰ ਵਜੋਂ ਹੋਈ ਹੈ, ਜੋ ਕਿ ਯੂਪੀ ਦੇ ਵਦਾਇਉਂ ਦਾ ਰਹਿਣ ਵਾਲਾ ਸੀ। ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਆਵਾਰਾ ਪਸ਼ੂਆਂ ਦੇ ਖਿਲਾਫ ਸਖ਼ਤ ਕਦਮ ਚੁੱਕਣ ਦੀ ਮੰਗ ਕੀਤੀ ਜਾ ਰਹੀ ਹੈ।
Get all latest content delivered to your email a few times a month.