IMG-LOGO
ਹੋਮ ਪੰਜਾਬ: ਪੰਜਾਬ 'ਚ ਸਥਾਪਤ ਹੋਣ ਵਾਲੇ ਵੱਡੇ ਪ੍ਰੋਜੈਕਟਾਂ ਸਬੰਧੀ ਸਮੀਖਿਆ ਮੀਟਿੰਗ...

ਪੰਜਾਬ 'ਚ ਸਥਾਪਤ ਹੋਣ ਵਾਲੇ ਵੱਡੇ ਪ੍ਰੋਜੈਕਟਾਂ ਸਬੰਧੀ ਸਮੀਖਿਆ ਮੀਟਿੰਗ ਦੌਰਾਨ ਪੜ੍ਹੋ ਮੁੱਖ ਸਕੱਤਰ ਨੇ ਵਿਭਾਗ ਮੁਖੀਆਂ ਨੂੰ ਕੀ ਦਿੱਤੇ ਨਿਰਦੇਸ਼ ?

Admin User - May 31, 2021 08:49 PM
IMG

ਚੰਡੀਗੜ੍ਹ, 31 ਮਈ:- ਪੰਜਾਬ ਦੀ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਸੂਬੇ ਵਿਚ ਸਥਾਪਤ ਹੋਣ ਵਾਲੇ ਵੱਡੇ ਪ੍ਰੋਜੈਕਟਾਂ ਨੂੰ ਮਿੱਥੇ ਸਮੇਂ ਵਿਚ ਜੰਗੀ ਪੱਧਰ `ਤੇ ਪੂਰਾ ਕਰਕੇ ਲੋਕ ਅਰਪਣ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਲੋਕ ਮਹੱਤਤਾ ਵਾਲੇ ਸਾਰੇ ਪ੍ਰੋਜੈਕਟਾਂ ਨੂੰ ਪਹਿਲ ਦੇ ਆਧਾਰ `ਤੇ ਪੂਰਾ ਕੀਤਾ ਜਾਵੇ ਤਾਂ ਜੋ ਪੰਜਾਬ ਵਾਸੀ ਜ਼ਰੂਰੀ ਸਹੂਲਤਾਂ ਦਾ ਲਾਭ ਲੈ ਸਕਣ।

ਇੱਥੇ ਸਬੰਧਤ ਵਿਭਾਗਾਂ ਦੇ ਪ੍ਰਬੰਧਕੀ ਸਕੱਤਰਾਂ ਨਾਲ ਜਨਤਕ ਨਿਵੇਸ਼ ਪ੍ਰਬੰਧਨ ਕਮੇਟੀ ਦੀ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਹੁਤ ਸਾਰੇ ਲੋਕ ਪੱਖੀ ਪ੍ਰੋਜੈਕਟ ਪੰਜਾਬ ਵਾਸੀਆਂ ਲਈ ਸ਼ੁਰੂ ਕੀਤੇ ਗਏ ਹਨ ਅਤੇ ਇਨ੍ਹਾਂ ਪ੍ਰੋਜੈਕਟਾਂ ਨੂੰ ਸਮੇਂ ਸਿਰ ਲੋਕ ਅਰਪਣ ਕਰਨਾ ਉਨ੍ਹਾਂ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ, ਜਿਸ ਵਿਭਾਗ ਨਾਲ ਇਹ ਪ੍ਰੋਜੈਕਟ ਸਬੰਧਤ ਹਨ।

ਮੁੱਖ ਸਕੱਤਰ ਨੇ ਹਲਵਾਰਾ ਏਅਰਪੋਰਟ ਨੂੰ ਸ਼ੁਰੂ ਕਰਨ ਸਬੰਧੀ ਵਿਸਥਾਰ ਵਿਚ ਜਾਣਕਾਰੀ ਲਈ। ਇਸ ਤੋਂ ਇਲਾਵਾ ਫਾਜ਼ਿਲਕਾ ਵਿਖੇ 100 ਬੈੱਡਾਂ ਵਾਲੇ ਹਸਪਤਾਲ ਅਤੇ ਕੈਂਸਰ ਕੇਅਰ ਸੈਂਟਰ, ਮੋਹਾਲੀ ਵਿਖੇ ਬਣ ਰਹੇ ਨਵੇਂ ਮੈਡੀਕਲ ਕਾਲਜ, ਜਗਤ ਗੁਰੂ ਨਾਨਕ ਦੇਵ ਪੰਜਾਬ ਓਪਨ ਯੂਨੀਵਰਸਿਟੀ, ਵੱਖ-ਵੱਖ ਸ਼ਹਿਰਾਂ ਵਿਖੇ ਬਣਨ ਵਾਲੇ ਸਰਕਾਰੀ ਕਾਲਜਾਂ, ਸਟੇਟ ਕੈਂਸਰ ਸੈਂਟਰ ਅੰਮ੍ਰਿਤਸਰ, ਗੋਇੰਦਵਾਲ ਸਾਹਿਬ ਵਿਖੇ ਬਣਨ ਵਾਲੀ ਨਵੀਂ ਜੇਲ੍ਹ, ਬੱਸੀ ਪਠਾਣਾਂ ਦੇ ਮੈਗਾ ਮਿਲਕ ਪ੍ਰੋਸੈਸਿੰਗ ਪਲਾਂਟ, ਪਲਾਈਵੁੱਡ ਪਾਰਕ ਹੁਸ਼ਿਆਰਪੁਰ ਅਤੇ ਉਦਯੋਗ ਵਿਭਾਗ ਦੇ ਪ੍ਰਮੁੱਖ ਪ੍ਰੋਜੈਕਟ ਜਿਨ੍ਹਾਂ ਵਿਚ ਵੱਖ-ਵੱਖ ਸ਼ਹਿਰਾਂ ਦੇ ਸਨਅਤੀ ਫੋਕਲ ਪੁਆਇੰਟਾਂ ਵੀ ਸ਼ਾਮਲ ਹਨ, ਬਾਬਤ ਮੁੱਖ ਸਕੱਤਰ ਨੇ ਜਾਣਕਾਰੀ ਹਾਸਲ ਕੀਤੀ।

ਉਨ੍ਹਾਂ ਕਿਹਾ ਕਿ ਲੋਕ ਪੱਖੀ ਸਾਰੇ ਪ੍ਰੋਜੈਕਟਾਂ ਨੂੰ ਸਬੰਧਤ ਵਿਭਾਗ ਮਿੱਥੇ ਸਮੇਂ ਵਿਚ ਪੂਰਾ ਕਰੇ ਤਾਂ ਜੋ ਲੋਕਾਂ ਨੂੰ ਇਨ੍ਹਾਂ ਪ੍ਰੋਜੈਕਟਾਂ ਦਾ ਫਾਇਦਾ ਮਿਲ ਸਕੇ।

ਵੱਖ-ਵੱਖ ਸ਼ਹਿਰਾਂ ਦੇ ਸਨਅਤੀ ਫੋਕਲ ਪੁਆਇੰਟਾਂ ਬਾਬਤ ਮੁੱਖ ਸਕੱਤਰ ਨੇ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਸਨਅਤਾਂ ਦੀ ਮਜ਼ਬੂਤੀ ਲਈ ਅਤੇ ਲੋੜੀਂਦਾ ਬੁਨਿਆਦੀ ਢਾਂਚਾ ਮੁਹੱਈਆਂ ਕਰਵਾਉਣ ਲਈ ਉਦਯੋਗ ਵਿਭਾਗ ਸਾਰੇ ਪ੍ਰੋਜੈਕਟਾਂ ਨੂੰ ਸਮੇਂ ਸਿਰ ਲੋਕ ਅਰਪਿਤ ਕਰੇ।

ਇਸ ਤੋਂ ਇਲਾਵਾ ਮੁੱਖ ਸਕੱਤਰ ਨੇ ਵਿੱਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਵੱਖ-ਵੱਖ ਪ੍ਰੋਜੈਕਟਾਂ ਲਈ ਫੰਡ ਸਮੇਂ ਸਿਰ ਮੁਹੱਈਆਂ ਕਰਵਾਏ ਜਾਣੇ ਨਿਸ਼ਚਿਤ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਲੋਕ ਮਹੱਤਤਾ ਵਾਲੇ ਹਨ ਇਸ ਲਈ ਇਨ੍ਹਾਂ ਪ੍ਰੋਜੈਕਟਾਂ ਲਈ ਫੰਡਾਂ ਦੀ ਕੋਈ ਘਾਟ ਨਾ ਆਉਣ ਦਿੱਤੀ ਜਾਵੇ।

ਮੀਟਿੰਗ ਵਿਚ ਯੋਜਨਾ ਵਿਭਾਗ, ਵਿੱਤ ਵਿਭਾਗ, ਉਦਯੋਗ ਵਿਭਾਗ, ਸਿਵਲ ਏਵੀਏਸ਼ਨ, ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਮੈਡੀਕਲ ਸਿੱਖਿਆ ਤੇ ਖੋਜ, ਜੇਲ੍ਹ ਵਿਭਾਗ, ਉਚੇਰੀ ਸਿੱਖਿਆ ਅਤੇ ਖੇਤੀਬਾੜੀ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਹਿੱਸਾ ਲਿਆ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.