ਤਾਜਾ ਖਬਰਾਂ
ਹੁਸ਼ਿਆਰਪੁਰ 31 ਮਈ :- ਜੁਰਮਾਂ ਨੂੰ ਰੋਕਣ ਅਤੇ ਭੈੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਜਿਲਾ ਪੁਲਿਸ ਵੱਲੋਂ ਵੱਡੀ ਕਾਮਯਾਬੀ ਹਾਸਲ ਕਰਦਿਆਂ ਨਾਮੀ ਗੈਂਗਸਟਰ ਗੁਰਵਿੰਦਰ ਸਿੰਘ ਸਿਰਫ ਸੋਨੂੰ ਰੋੜ ਮਜਾਰੀਆ ਨੂੰ ਦੋ ਸਾਥੀਆਂ ਸਮੇਤ ਉੱਤਰ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਹੈ।
ਐਸ. ਐਸ. ਪੀ. ਨਵਜੋਤ ਸਿੰਘ ਮਾਹਲ ਨੇ ਇਸ ਸੰਬੰਧੀ ਸਥਾਨਕ ਪੁਲਿਸ ਲਾਈਨ ਵਿਖੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਏ’ ਕੈਟਾਗਿਰੀ ਖ਼ਤਰਨਾਕ ਗੈਂਗਸਟਰ ਸੋਨੂੰ ਰੋੜ ਮਜਾਰੀਆ ਦੇ ਨਾਲ ਫੜੇ ਗਏ ਉਸਦੇ ਦੋ ਸਾਥੀਆਂ ਦੀ ਸ਼ਨਾਖ਼ਤ ਯੋਗੇਸ਼ ਕੁਮਾਰ ਉਰਫ ਮੋਨੂੰ ਵਾਸੀ ਦਾਰਾਪੁਰ ਅਤੇ ਗੁਰਜੀਤ ਸਿੰਘ ਵਾਸੀ ਟਾਈ ਥਾਣਾ ਤਿਲਹਰ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲਾ ਪੁਲਿਸ ਵੱਲੋਂ ਖੁਫੀਆ ਤੇ ਤਕਨੀਕੀ ਸੂਤਰਾਂ ਦੀ ਜਾਣਕਾਰੀ ਉਪਰੰਤ ਐਸ. ਪੀ. ਪੀ.ਬੀ. ਆਈ. ਮਨਦੀਪ ਸਿੰਘ ਦੀ ਨਿਗਰਾਨੀ ‘ਚ ਏ. ਐਸ. ਪੀ. ਗੜਸ਼ੰਕਰ ਤੁਸ਼ਾਰ ਗੁਪਤਾ ਅਤੇ ਸੀ.ਆਈ. ਏ. ਇੰਚਾਰਜ ਸ਼ਿਵ ਕੁਮਾਰ ਦੀ ਅਗਵਾਈ ਵਿੱਚ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਅਤੇ ਉੱਤਰ ਪ੍ਰਦੇਸ਼ ਤੋਂ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਦੱਸਿਆ ਕਿ ਹਫਤਿਆਂਬੱਧੀ ਯੋਜਨਾ ਅਤੇ ਤਿੰਨ ਦਿਨ ਚੱਲੇ ਆਪ੍ਰੇਸ਼ਨ ਤੋਂ ਬਾਅਦ ਇਨ੍ਹਾਂ ਦੋਸ਼ੀਆਂ ਨੂੰ ਕਾਬੂ ਕਰਕੇ 7 ਪਿਸਤੌਲਾਂ ਅਤੇ 18 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ।
ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਦੋਆਬਾ ਖੇਤਰ ਵਿੱਚਲੇ ਨਾਮੀ ਗੈਂਗਸਟਰ ਸੋਨੂੰ ਰੋੜ ਮਜਾਰੀਆ ਦੀ ਕਪੂਰਥਲਾ ਜੇਲ ਵਿੱਚ ਇਕ ਹੋਰ ਖ਼ਤਰਨਾਕ ਗੈਂਗਸਟਰ ਪ੍ਰੀਤ ਸੇਖੋਂ ਨਾਲ ਮੁਲਾਕਾਤ ਹੋਈ ਸੀ। ਉਨ੍ਹਾਂ ਦੱਸਿਆ ਕਿ ਪ੍ਰੀਤ ਸੇਖੋਂ, ਜਿਸਨੇ ਅੰਮ੍ਰਿਤਸਰ ਅਤੇ ਤਰਨਤਾਰਨ ਖੇਤਰ ਵਿੱਚ ਕਤਲ ਅਤੇ ਗੋਲ਼ੀਆਂ ਬਲਾਂ ਕੇ ਦਹਿਸ਼ਤ ਮਚਾਈ ਸੀ ਅਤੇ ਦੋਵੇਂ ਨੇ ਮਿਲ ਕੇ ਧਰਮਿੰਦਰ ਸਿੰਘ ਵਾਸੀ ਕੁਨੈਲ ਥਾਣਾ ਗੜਸ਼ੰਕਰ ਅਤੇ ਅੰਮ੍ਰਿਤਸਰ ਵਿਖੇ ਜੱਗਾ ਬਾਊਂਸਰ ਨਾਮੀ ਵਿਅਕਤੀ ਦਾ ਕਤਲ ਕੀਤਾ ਸੀ।
ਐਸ. ਐਸ. ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਪਿੱਛੇ ਜਿਹੇ ਪਿੰਡ ਕੁੱਕੜ ਮਜਾਰਾ ਵਿਖੇ ਪੈਟਰੋਲ ਪੰਪ ਦੀ ਭੰਨ ਤੋੜ ਅਤੇ ਪਿੰਡ ਗੜ੍ਹੀ ਮੰਟੋ ਵਿਖੇ ਗੋਲੀ ਚੱਲਣ ਵਾਲੀ ਘਟਨਾ ਵਿੱਚ ਵੀ ਸੋਨੂੰ ਰੋੜ ਮਜਾਰੀਆ ਦਾ ਨਾਂ ਸਾਹਮਣੇ ਆ ਰਿਹਾ ਸੀ, ਜਿਸ ਬਾਰੇ ਉਸ ਤੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗੈਂਗਸਟਰ ਖ਼ਿਲਾਫ਼ ਥਾਣਾ ਗੜਸ਼ੰਕਰ ਵਿੱਚ 5 ਅਤੇ ਅੰਮ੍ਰਿਤਸਰ ਵਿਖੇ ਇਕ ਮਾਮਲਾ ਦਰਜ ਹੈ । ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਗੜਸ਼ੰਕਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੋਂ ਉਨ੍ਹਾਂ ਦਾ 5 ਦਿਨ ਦਾ ਰਿਮਾਂਡ ਦਿੱਤਾ ਗਿਆ।
Get all latest content delivered to your email a few times a month.