ਤਾਜਾ ਖਬਰਾਂ
ਬਰਨਾਲਾ ਦੇ ਪਿੰਡ ਹਰੀਗੜ੍ਹ 'ਚ ਇੱਕ ਵਿਆਹੁਤਾ ਮਹਿਲਾ ਸੁਖਜਿੰਦਰ ਕੌਰ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਦੀ ਮਾਂ ਮਨਜੀਤ ਕੌਰ ਨੇ ਦੱਸਿਆ ਕਿ ਉਸ ਦੀ ਧੀ ਦਾ ਵਿਆਹ 2014 ਵਿੱਚ ਹੋਇਆ ਸੀ। ਵਿਆਹ ਤੋਂ ਬਾਅਦ ਹੀ ਜੋੜੇ ਵਿੱਚ ਲਗਾਤਾਰ ਲੜਾਈਆਂ ਹੋਣ ਲੱਗੀਆਂ। ਪਰਿਵਾਰਕ ਮੈਂਬਰਾਂ ਦੇ ਦਾਵੇ ਮੁਤਾਬਕ, ਮਹਿਲਾ ਨੂੰ ਲਗਾਤਾਰ ਦਾਜ਼ ਲਈ ਤੰਗ ਕੀਤਾ ਜਾਂਦਾ ਸੀ ਅਤੇ ਕੁੱਟਮਾਰ ਵੀ ਕੀਤੀ ਜਾਂਦੀ ਸੀ।
ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਮਹਿਲਾ ਦੀ ਸੱਸ, ਸਹੁਰਾ ਅਤੇ ਦਿਓਰ ਨੇ ਉਸਨੂੰ ਬੇਰਹਮੀ ਨਾਲ ਕੁੱਟ ਕੇ ਮਾਇਕੇ ਭੇਜ ਦਿੱਤਾ ਸੀ। ਪੰਚਾਇਤੀ ਸੌਝੇ ਨਾਲ ਉਸ ਨੂੰ ਮੁੜ ਸਹੁਰੇ ਘਰ ਭੇਜਿਆ ਗਿਆ, ਪਰ ਹਾਲਾਤ ਨਹੀਂ ਸੁਧਰੇ। ਉਨ੍ਹਾਂ ਦੱਸਿਆ ਕਿ ਸਹੁਰਿਆਂ ਨੇ ਮੁੜ ਉਸਨੂੰ ਤੰਗ ਕਰਨਾ ਜਾਰੀ ਰੱਖਿਆ ਅਤੇ ਅੰਤ ਵਿਚ ਜ਼ਹਿਰੀਲੀ ਚੀਜ਼ ਦੇ ਕੇ ਉਸਦੀ ਜਾਨ ਲੈ ਲਈ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਆਰੋਪ ਹੈ ਕਿ ਇਹ ਮੌਤ ਇਤਫ਼ਾਕ ਨਹੀਂ, ਬਲਕਿ ਪੂਰੀ ਯੋਜਨਾ ਅਨੁਸਾਰ ਕੀਤੀ ਗਈ ਹੱਤਿਆ ਹੈ। ਉਨ੍ਹਾਂ ਨੇ ਕਿਹਾ ਕਿ ਲੜਕੀ ਨੂੰ ਲਗਾਤਾਰ ਦਾਜ਼ ਲਈ ਪਰੇਸ਼ਾਨ ਕੀਤਾ ਗਿਆ ਅਤੇ ਆਖ਼ਰਕਾਰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ। ਪਰਿਵਾਰ ਨੇ ਪੁਲਿਸ ਅਤੇ ਪ੍ਰਸ਼ਾਸਨ ਤੋਂ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਧਨੌਲਾ ਥਾਣੇ ਦੇ ਐਸਐਚਓ ਜਗਜੀਤ ਸਿੰਘ ਨੇ ਪੁਸ਼ਟੀ ਕੀਤੀ ਕਿ ਸੁਖਜਿੰਦਰ ਕੌਰ ਦੀ ਮੌਤ ਸਲਫਾਸ ਜਿਹਾ ਜ਼ਹਿਰ ਖਾਣ ਕਾਰਨ ਹੋਈ ਹੈ। ਮੌਕੇ 'ਤੇ ਪਹੁੰਚ ਕੇ ਪੁਲਿਸ ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਬਰਨਾਲਾ ਦੇ ਹਸਪਤਾਲ ਭੇਜਿਆ ਗਿਆ। ਪਰਿਵਾਰਕ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਿਸ ਅਨੁਸਾਰ, ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ। ਪਰ ਪਰਿਵਾਰ ਵੱਲੋਂ ਲਗਾਏ ਗਏ ਗੰਭੀਰ ਦੋਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਦੇ ਦੋ ਬੱਚੇ ਹਨ – ਇੱਕ 11 ਸਾਲ ਦਾ ਪੁੱਤਰ ਅਤੇ ਇੱਕ ਸਾਲ ਦੀ ਧੀ – ਜੋ ਹੁਣ ਮਾਂ ਦੇ ਬਿਨਾਂ ਜੀਵਨ ਜੀਉਣ ਲਈ ਮਜਬੂਰ ਹਨ।
Get all latest content delivered to your email a few times a month.