ਤਾਜਾ ਖਬਰਾਂ
ਪੰਥਕ ਮਸਲਿਆਂ ਨੂੰ ਹੋਰ ਬਾਰੀਕਬੀਨੀ ਨਾਲ ਵਿਚਾਰਨ ਲਈ ਵਿਦੇਸ਼ਾਂ ਦੇ ਸਿੱਖ ਨੁਮਾਇੰਦਿਆਂ ਨੂੰ ਵੀ ਕੀਤਾ ਜਾਵੇ ਕਮੇਟੀ ਵਿੱਚ ਸ਼ਾਮਲ
ਚੰਡੀਗੜ੍ਹ 1 ਜੁਲਾਈ, 2025 :
ਆਲਮੀ ਪੱਧਰ ਦੀਆਂ ਵੱਖ-ਵੱਖ ਸਿੱਖ ਸੰਸਥਾਵਾਂ ਦੀ ਨੁਮਾਇੰਦਗੀ ਕਰ ਰਹੀ ਗਲੋਬਲ ਸਿੱਖ ਕੌਂਸਲ (ਜੀ.ਐਸ.ਸੀ.) ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਲਈ ਸੇਵਾ ਨਿਯਮ ਬਣਾਉਣ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਵੱਲੋਂ ਹਾਲ ਹੀ ਵਿੱਚ ਬਣਾਈ ਗਈ 34 ਮੈਂਬਰੀ ਸਲਾਹਕਾਰ ਕਮੇਟੀ ਉੱਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਜਥੇਦਾਰ ਸਾਹਿਬਾਨ ਲਈ ਯੋਗਤਾਵਾਂ, ਜਿ਼ੰਮੇਵਾਰੀਆਂ, ਨਿਯੁਕਤੀ ਪ੍ਰਕਿਰਿਆ ਅਤੇ ਕਾਰਜਕਾਲ ਸੰਬੰਧੀ ਇੱਕ ਸਪੱਸ਼ਟ ਅਤੇ ਪਾਰਦਰਸ਼ੀ ਢਾਂਚਾ ਸਥਾਪਤ ਕਰਨ ਲਈ ਐਸਜੀਪੀਸੀ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕੌਂਸਲ ਨੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸਿੱਖ ਰਹਿਤ ਮਰਿਆਦਾ ਦੇ ਸਿਧਾਂਤ, ਗੁਰਮਤਿ-ਅਧਾਰਤ ਪਰੰਪਰਾਵਾਂ ਅਤੇ ਇੱਕ ਵਿਅਕਤੀ ਤੇ ਸਿਰਫ਼ ਇੱਕ ਹੀ ਅਹੁਦਾ ਤੇ ਰਹਿੰਦਿਆਂ ਪੰਥ ਦੀ ਸੇਵਾ ਨਿਭਾਉਣ ਵਾਲੇ ਪ੍ਰਗਟਾਏ ਜਨਤਕ ਭਰੋਸੇ ਦਾ ਵੀ ਸਵਾਗਤ ਕੀਤਾ ਹੈ।
ਐਸਜੀਪੀਸੀ ਪ੍ਰਧਾਨ ਨੂੰ ਭੇਜੇ ਇੱਕ ਪੱਤਰ ਵਿੱਚ ਕੌਂਸਲ ਦੀ ਪ੍ਰਧਾਨ ਲੇਡੀ ਸਿੰਘ ਕੰਵਲਜੀਤ ਕੌਰ ਨੇ ਮੌਜੂਦਾ ਕਮੇਟੀ ਦੀ ਬਣਤਰ ਉੱਤੇ ਸਖ਼ਤ ਇਤਰਾਜ਼ ਜਤਾਉਂਦਿਆਂ ਕਿਹਾ ਕਿ ਇਸ ਸਮੇਂ ਕਮੇਟੀ ਦੇ ਬਹੁਤੇ ਮੈਂਬਰ ਕਥਿਤ ਤੌਰ ਤੇ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਦੀ ਪਾਲਣਾ ਨਹੀਂ ਕਰ ਰਹੇ ਅਤੇ ਮੂਲ ਸਿੱਖ ਸਿਧਾਂਤਾਂ ਦੇ ਉਲਟ ਕਰਮ-ਕਾਂਡਾਂ ਨੂੰ ਉਤਸ਼ਾਹਿਤ ਕਰ ਰਹੇ ਹਨ। ਜੀਐਸਸੀ ਨੇ ਕਿਹਾ ਹੈ ਕਿ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਦੀ ਪਾਲਣਾ ਨਾ ਕਰਨ ਵਾਲੇ ਜਾਂ ਆਪਣੇ ਡੇਰਿਆਂ, ਬੁੰਗਿਆਂ ਅਤੇ ਠਾਠਾਂ ਵਿੱਚ ਗੈਰ-ਸਿੱਖ ਪਿਰਤਾਂ ਨੂੰ ਉਤਸ਼ਾਹਿਤ ਕਰਨ ਵਾਲੇ ਵਿਅਕਤੀਆਂ ਨੂੰ ਇਸ ਕਮੇਟੀ ਵਿੱਚ ਸ਼ਾਮਲ ਕਰਨਾ ਨਿਯਮ ਬਣਾਉਣ ਸਬੰਧੀ ਪੂਰੀ ਪ੍ਰਕਿਰਿਆ ਦੀ ਪਵਿੱਤਰਤਾ ਅਤੇ ਭਰੋਸੇਯੋਗਤਾ ਬਾਰੇ ਗੰਭੀਰ ਸਵਾਲ ਖੜੇ ਕਰ ਸਕਦਾ ਹੈ। ਇਸ ਤੋਂ ਇਲਾਵਾ, ਕੌਂਸਲ ਨੇ ਨਿਰਾਸ਼ਾ ਪ੍ਰਗਟਾਈ ਕਿ ਵਿਸ਼ਵਵਿਆਪੀ ਸਿੱਖ ਭਾਈਚਾਰੇ ਦੇ ਪ੍ਰਸਿੱਧ ਵਿਦਵਾਨਾਂ ਅਤੇ ਨੁਮਾਇੰਦਿਆਂ ਨੂੰ ਇਸ ਮਹੱਤਵਪੂਰਨ ਕਮੇਟੀ ਤੋਂ ਪੂਰੀ ਤਰਾਂ ਬਾਹਰ ਕਰ ਦਿੱਤਾ ਗਿਆ ਹੈ। ਕੌਂਸਲ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਅਜਿਹਾ ਵਰਤਾਰਾ ਨਾ ਸਿਰਫ਼ ਖਾਲਸਾ ਪੰਥ ਦੇ ਇੱਕ ਮਹੱਤਵਪੂਰਨ ਹਿੱਸੇ ਨੂੰ ਦੂਰ ਕਰਦਾ ਹੈ ਬਲਕਿ ਸਮੂਹਿਕ ਪੰਥਕ ਸਲਾਹ—ਮਸ਼ਵਰੇ ਦੀ ਭਾਵਨਾ ਨੂੰ ਵੀ ਢਾਹ ਲਾਉਂਦਾ ਹੈ।
ਐਸਜੀਪੀਸੀ ਪ੍ਰਧਾਨ ਨੂੰ ਲਿਖੇ ਆਪਣੇ ਪੱਤਰ ਵਿੱਚ ਗਲੋਬਲ ਸਿੱਖ ਕੌਂਸਲ ਨੇ ਮੰਗ ਕੀਤੀ ਹੈ ਕਿ ਕਮੇਟੀ ਦਾ ਪੁਨਰਗਠਨ ਕੀਤਾ ਜਾਵੇ ਤਾਂ ਜੋ ਉਨ੍ਹਾਂ ਮੈਂਬਰਾਂ ਨੂੰ ਬਾਹਰ ਰੱਖਿਆ ਜਾ ਸਕੇ ਜੋ ਸਿੱਖ ਰਹਿਤ ਮਰਿਆਦਾ ਦੀ ਸਖ਼ਤੀ ਨਾਲ ਪਾਲਣਾ ਨਹੀਂ ਕਰ ਰਹੇ ਹਨ। ਇਸ ਵਿੱਚ ਇਹ ਵੀ ਸੁਝਾਅ ਦਿੱਤਾ ਗਿਆ ਹੈ ਕਿ ਕਮੇਟੀ ਦੇ ਸਾਰੇ ਮੈਂਬਰਾਂ ਤੋਂ ਇੱਕ ਲਿਖਤੀ ਸਵੈ-ਘੋਸ਼ਣਾ ਪੱਤਰ ਉੱਪਰ ਦਸਤਖਤ ਕਰਵਾਏ ਜਾਣ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਦੀ ਪਾਲਣਾ ਕਰਨਾ, ਸਿੱਖ ਰਹਿਤ ਮਰਿਆਦਾ ਵਿੱਚ ਦ੍ਰਿੜਤਾ ਭਰੋਸਾ ਤੇ ਪਾਲਣਾ ਸਮੇਤ ਖਾਲਸਾ ਪੰਥ ਦੀ ਸ਼ਾਨਾਮੱਤੀ ਵਿਰਾਸਤ ਪ੍ਰਤੀ ਆਪਣੀ ਨਿੱਜੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਜਾਵੇ।
ਗਲੋਬਲ ਸਿੱਖ ਕੌਂਸਲ ਨੇ ਐਸਜੀਪੀਸੀ ਨੂੰ ਆਪਣੀ ਇਤਿਹਾਸਕ ਅਤੇ ਧਾਰਮਿਕ ਜਿੰਮੇਵਾਰੀ ਨੂੰ ਪੂਰੀ ਪਾਰਦਰਸ਼ਤਾ, ਪੰਥਕ ਅਖੰਡਤਾ ਅਤੇ ਸੁਹਿਰਦਤਾ ਨਾਲ ਨਿਭਾਉਣ ਦੀ ਵੀ ਅਪੀਲ ਕੀਤੀ। ਇਸ ਮਹੱਤਵਪੂਰਨ ਪਹਿਲਕਦਮੀ ਦਾ ਸਮਰਥਨ ਕਰਨ ਦੀ ਆਪਣੀ ਇੱਛਾ ਦੀ ਪੁਸ਼ਟੀ ਕਰਦਿਆਂ ਕੌਂਸਲ ਨੇ ਐਸਜੀਪੀਸੀ ਨੂੰ ਇੱਕ ਵਿਆਪਕ ਸਲਾਹਕਾਰੀ ਪਹੁੰਚ ਅਪਣਾਉਣ ਦੀ ਅਪੀਲ ਕੀਤੀ ਹੈ ਜੋ ਦੇਸ਼ਾਂ-ਵਿਦੇਸ਼ਾਂ ਵਿੱਚ ਵਸਦੀ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਅਤੇ ਇੱਛਾਵਾਂ ਦੀ ਤਰਜੁਮਾਨੀ ਕਰਦੀ ਹੋਵੇ। ਜੀ.ਐਸ.ਸੀ. ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪੰਥ ਲਈ ਗੁਰਮਤਿ ਦੇ ਸਿਧਾਂਤਾਂ ਤੇ ਪਹਿਰਾ ਦਿੰਦਿਆਂ ਇੱਕਜੁੱਟ ਹੋਣ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨੈਤਿਕ ਅਧਿਕਾਰਾਂ ਨੂੰ ਮਜ਼ਬੂਤ ਕਰਨ ਦਾ ਵੇਲਾ ਹੈ।
Get all latest content delivered to your email a few times a month.