ਤਾਜਾ ਖਬਰਾਂ
ਫ਼ਤਹਿਗੜ੍ਹ ਸਾਹਿਬ- ਪੁਲਿਸ ਨੇ ਇੱਕ ਨਵਜੰਮੇ ਲੜਕੇ ਦੀ ਖਰੀਦੋ-ਫਰੋਖਤ ਦੇ ਗੰਭੀਰ ਮਾਮਲੇ ਨੂੰ ਸੁਲਝਾਉਂਦੇ ਹੋਏ ਮਨੁੱਖੀ ਤਸਕਰੀ ਦੇ ਜਾਲ ਵਿੱਚ ਸ਼ਾਮਲ 8 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਮਾਮਲਾ ਮੰਡੀ ਗੋਬਿੰਦਗੜ੍ਹ ਦੇ ਦੀਪ ਹਸਪਤਾਲ ਨਾਲ ਸਬੰਧਤ ਹੈ, ਜਿੱਥੇ 23 ਜੂਨ ਨੂੰ ਇੱਕ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਸੀ। ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸ਼ੁਭਮ ਅਗਰਵਾਲ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਵਿੱਚ 4 ਔਰਤਾਂ ਸਮੇਤ ਇੱਕ ਆਸ਼ਾ ਵਰਕਰ ਵੀ ਸ਼ਾਮਿਲ ਹੈ।
ਪੁਲਿਸ ਨੂੰ 27 ਜੂਨ ਨੂੰ ਮਿਲੀ ਸੂਚਨਾ ਦੇ ਆਧਾਰ 'ਤੇ ਪਤਾ ਲੱਗਿਆ ਕਿ ਨਵਜੰਮੇ ਬੱਚੇ ਦੇ ਪਿਤਾ ਨੇ ਆਸ਼ਾ ਵਰਕਰ ਕਮਲੇਸ਼ ਕੌਰ, ਉਸ ਦੇ ਪਤੀ ਭੀਮ ਸਿੰਘ, ਦਾਈ ਚਰਨ ਕੌਰ ਅਤੇ ਅਮਨਦੀਪ ਕੌਰ ਨਾਲ ਮਿਲ ਕੇ ਬੱਚਾ ਵੇਚਣ ਦੀ ਯੋਜਨਾ ਬਣਾਈ ਸੀ। ਇਹ ਤਿੰਨੋਂ ਔਰਤਾਂ 23 ਜੂਨ ਨੂੰ 4 ਲੱਖ ਰੁਪਏ ਵਿੱਚ ਰੁਪਿੰਦਰ ਕੌਰ ਅਤੇ ਬੇਅੰਤ ਸਿੰਘ ਨੂੰ ਬੱਚਾ ਵੇਚ ਚੁੱਕੀਆਂ ਸਨ, ਜੋ ਕਿ ਬੱਚੇ ਨੂੰ ਕਾਰ ਰਾਹੀਂ ਲੁਧਿਆਣਾ-ਅੰਮ੍ਰਿਤਸਰ ਵੱਲ ਲੈ ਗਏ।
ਮਾਮਲੇ ਦੀ ਪੁਸ਼ਟੀ ਹੋਣ 'ਤੇ ਮੰਡੀ ਗੋਬਿੰਦਗੜ੍ਹ ਥਾਣੇ ਵਿਖੇ 27 ਜੂਨ ਨੂੰ ਮਨੁੱਖੀ ਤਸਕਰੀ, ਸਾਜ਼ਿਸ਼ ਅਤੇ ਜੁਵੇਨਾਇਲ ਜਸਟਿਸ ਐਕਟ ਅਧੀਨ ਕੇਸ ਨੰਬਰ 157 ਦਰਜ ਕੀਤਾ ਗਿਆ। SHO ਇੰਸਪੈਕਟਰ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਤਲਜਿੰਦਰ ਸਿੰਘ, ਕਮਲੇਸ਼ ਕੌਰ, ਭੀਮ ਸਿੰਘ, ਚਰਨ ਕੌਰ ਅਤੇ ਅਮਨਦੀਪ ਕੌਰ ਨੂੰ ਗ੍ਰਿਫਤਾਰ ਕਰ ਲਿਆ। ਇਨ੍ਹਾਂ ਕੋਲੋਂ 4 ਲੱਖ ਰੁਪਏ ਦੇ ਮਨੋਰੰਜਨ ਨੋਟ ਵੀ ਬਰਾਮਦ ਕੀਤੇ ਗਏ।
ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਰੁਪਿੰਦਰ ਕੌਰ ਅਤੇ ਬੇਅੰਤ ਸਿੰਘ ਨਵਜੰਮੇ ਬੱਚੇ ਨੂੰ ਕੋਲਕਾਤਾ ਲੈ ਗਏ ਹਨ। 29 ਜੂਨ ਨੂੰ ਪੁਲਿਸ ਟੀਮ ਨੇ ਕੋਲਕਾਤਾ ਪਹੁੰਚ ਕੇ ਇਨ੍ਹਾਂ ਦੋਵਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਨਾਲ ਮਿਲੇ ਹੋਰ ਦੋਸ਼ੀ ਪ੍ਰਸ਼ਾਂਤ ਪਰਾਸ਼ਰ ਨੂੰ ਵੀ ਕਾਬੂ ਕੀਤਾ। ਬੱਚੇ ਨੂੰ ਬਾਲ ਸੁਰੱਖਿਆ ਕਮੇਟੀ ਕੋਲਕਾਤਾ ਕੋਲ ਪੇਸ਼ ਕੀਤਾ ਗਿਆ ਤੇ ਤਿੰਨੋਂ ਦੋਸ਼ੀਆਂ ਨੂੰ ਪ੍ਰੋਡਕਸ਼ਨ ਵਰੰਟ ਰਾਹੀਂ ਪੰਜਾਬ ਲਿਆ ਗਿਆ।
ਐਸ.ਐਸ.ਪੀ. ਅਗਰਵਾਲ ਨੇ ਦੱਸਿਆ ਕਿ ਦੋਸ਼ੀਆਂ ਨੇ ਬੱਚੇ ਦੇ ਪਿਤਾ ਨੂੰ 1.5 ਲੱਖ ਰੁਪਏ ਦੇ ਮਨੋਰੰਜਨ ਨੋਟ ਦਿੱਤੇ ਸਨ, ਜਿਸ ਕਰਕੇ ਇਹ ਸਾਰੀ ਸਾਜ਼ਿਸ਼ ਬੇਨਕਾਬ ਹੋਈ। ਨਵਜੰਮੇ ਬੱਚੇ ਦੀ ਰਿਕਵਰੀ ਹੋ ਚੁੱਕੀ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਹੋਰ ਕੋਈ ਵਿਅਕਤੀ ਜਾਂ ਗਿਰੋਹ ਵੀ ਇਸ ਤਸਕਰੀ ਰੈਕਟ ਦਾ ਹਿੱਸਾ ਹੈ।
Get all latest content delivered to your email a few times a month.