ਤਾਜਾ ਖਬਰਾਂ
ਚੰਡੀਗੜ੍ਹ, 31 ਮਈ :- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਅੱਜ ਪੰਜਾਬ ਵਿੱਚੋਂ ਪੰਜਾਬ ਦੀ ਸਰਕਾਰ ਗੈਰ ਹਾਜਰ ਹੈ, ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਂ ਠੰਡੀਆਂ ਵਾਦੀਆਂ ਵਿਚਲੇ ਆਪਣੇ ਮੱਹਲਾਂ ਵਿੱਚ ਬੈਠੇ ਹਨ, ਜਦੋਂ ਕਿ ਮੰਤਰੀ ਤੇ ਵਿਧਾਇਕ ਆਪਣੀਆਂ ਕੁਰਸੀਆਂ ਬਚਾਉਣ ਲਈ ਦਿੱਲੀ ਦੇ ਦਰਬਾਰ ਵਿੱਚ ਬੈਠੇ ਹਨ।
ਸੋਮਵਾਰ ਨੂੰ ਪਾਰਟੀ ਦੇ ਮੁੱਖ ਦਫਤਰ ਵਿੱਚ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਦ ਮੈਂਬਰ ਭਗਵੰਤ ਮਾਨ ਨੇ 'ਚਾਹੁੰਦਾ ਹੈ ਪੰਜਾਬ, ਕੈਪਟਨ ਦੀ ਸਰਕਾਰ' ਨਾਅਰੇ 'ਤੇ ਟਿੱਪਟੀ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਕਹਿੰਦੇ ਹਨ 'ਪਛਤਾਉਂਦਾ ਹੈ ਪੰਜਾਬ, ਬਣਾ ਕੇ ਕੈਪਟਨ ਦੀ ਸਰਕਾਰ।' ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਵੱਲੋਂ 2017 ਵਿੱਚ ਪੇਸ ਕੀਤਾ ਚੋਣ ਮੈਨੀਫੈਸਟੋ ਪੱਤਰਕਾਰਾਂ ਅੱਗੇ ਰੱਖਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਲਿਖਤੀ ਕੀਤੇ ਵਾਅਦੇ ਤਾਂ ਕੀ ਪੂਰੇ ਕਰਨੇ ਸੀ, ਕੈਪਟਨ ਅਮਰਿੰਦਰ ਸਿੰਘ ਤਾਂ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾਹ ਕੇ ਹੀ ਮੁੱਕਰ ਗਏ। ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੂਰਾ ਗੋਲੀਕਾਂਡ ਲਈ ਜੰਿਮੇਵਾਰ ਦੋਸੀਆਂ ਨੂੰ ਅੱਜ ਤੱਕ ਕੋਈ ਸਜਾ ਨਹੀਂ ਮਿਲੀ, ਸਗੋਂ ਇਸ ਦੁਖਦ ਕਾਂਡ ਲਈ ਜੰਿਮੇਵਾਰ ਲੋਕ ਭੰਗੜੇ ਪਾਉਂਦੇ ਫਿਰਦੇ ਹਨ। ਅੱਜ ਵੀ ਸੂਬੇ ਵਿੱਚ ਨਸਾ ਮਾਫੀਆ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ, ਰੇਤ ਤੇ ਮਾਈਨਿੰਗ ਮਾਫੀਆ ਉਸੇ ਤਰ੍ਹਾਂ ਚੱਲ ਰਿਹਾ ਹੈ, ਜਿਵੇਂ ਬਾਦਲਾਂ ਦੀ ਸਰਕਾਰ ਵਿੱਚ ਚੱਲਦਾ ਸੀ।
ਭਗਵੰਤ ਮਾਨ ਨੇ ਕਿਹਾ ਕਿ ਚੰਗਾ ਹੁੰਦਾ ਜੇ ਪੰਜਾਬ ਦੀ ਕਾਂਗਰਸ ਸਰਕਾਰ ਦਿੱਲੀ ਜਾ ਕੇ ਕਾਂਗਰਸ ਹਾਈਕਮਾਂਡ ਨੂੰ ਨਾਲ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਕਿਸਾਨ ਵਿਰੋਧੀ ਖੇਤੀਬਾੜੀ ਬਿੱਲ ਰੱਦ ਕਰਾਉਣ ਲਈ ਜਾਂਦੀ। ਚੰਗਾ ਹੁੰੰਦਾ ਜੇ ਕੈਪਟਨ ਸਰਕਾਰ ਪੰਜਾਬ ਦੇ ਲੋਕਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਉਣ ਲਈ ਦਵਾਈਆਂ, ਵੈਕਸੀਨ, ਵੈਂਟੀਲੇਟਰ ਆਦਿ ਲੈਣ ਲਈ ਕੇਂਦਰ ਦੀ ਭਾਜਪਾ ਸਰਕਾਰ ਕੋਲ ਜਾਂਦੀ, ਪਰ ਕਾਂਗਰਸੀ ਆਗੂ ਤਾਂ ਆਪਣੀਆਂ ਕੁਰਸੀਆਂ ਬਚਾਉਣ ਅਤੇ ਬੈਠਾਉਣ ਲਈ ਹੀ ਦਿੱਲੀ ਜਾ ਕੇ ਬੈਠੇ ਹਨ। ਮਾਨ ਨੇ ਕਿਹਾ ਕਿ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਪੰਜਾਬ ਨੂੰ ਲਾਵਾਰਸ ਛੱਡ ਦਿੱਤਾ ਹੈ ਕਿਉਂਕਿ ਅੱਜ ਪੰਜਾਬ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਜਰੂਰੀ ਟੀਕੇ, ਦਵਾਈਆਂ ਅਤੇ ਆਈ.ਸੀ.ਯੂ ਬੈਡ ਹੀ ਨਹੀਂ ਹਨ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿੰਡਾਂ ਨੂੰ 100 ਫੀਸਦੀ ਵੈਕਸੀਨੇਸਨ ਪ੍ਰਾਪਤ ਕਰਨ 'ਤੇ 10 ਲੱਖ ਰੁਪਏ ਦੀ ਗਰਾਂਟ ਦੇਣ ਦੇ ਬਿਆਨ 'ਤੇ ਟਿਪਣੀ ਕਰਦਿਆ ਭਗਵੰਤ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਇਹ ਤਾਂ ਦੱਸਣ ਕੇ ਟੀਕੇ ਮਿਲਦੇ ਕਿੱਥੋਂ ਨੇ? ਉਨ੍ਹਾਂ ਕਿਹਾ ਕਿ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਹਲਕੇ ਵਿੱਚ ਸਰਕਾਰੀ ਹਸਪਤਾਲ, ਡਿਸਪੈਂਸਰੀਆਂ ਟੀਕੇ ਤੋਂ ਬਿਨਾਂ ਸੁੱਕੇ ਪਏ ਹਨ। ਮਾਨ ਨੇ ਸੁਖਬੀਰ ਸਿੰਘ ਬਾਦਲ 'ਤੇ ਸਬਦੀ ਹਮਲਾ ਕਰਦਿਆਂ ਕਿਹਾ ਕਿ ਬਾਦਲਾਂ ਨੇ 10 ਸਾਲ ਲਗਾਤਾਰ ਰਾਜ ਕਰਕੇ ਸਿਹਤ ਸੇਵਾਵਾਂ, ਟਰਾਂਸਪੋਰਟ ਅਤੇ ਸਾਰੀ ਸਰਕਾਰੀ ਵਿਵਸਥਾ ਬਰਬਾਦ ਹੀ ਕੀਤੀ ਹੈ ਅਤੇ ਹੁਣ ਸੁਖਬੀਰ ਬਾਦਲ ਦਾਅਵਾ ਕਰਦਾ ਕਿ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਸੂਬੇ ਦੀਆਂ ਔਰਤਾਂ ਨੂੰ ਸਰਕਾਰੀ ਏ.ਸੀ ਬੱਸਾਂ ਵਿੱਚ ਮੁਫਤ ਸਫਰ ਦੀ ਸਹੂਲਤ ਦੇਣਗੇ, ਪਰ ਬਾਦਲ ਪਰਿਵਾਰ ਆਪਣੀਆਂ ਏ.ਸੀ ਬੱਸਾਂ ਵਿੱਚ ਹੁਣੇ ਹੀ ਇਹ ਸਹੂਲਤ ਕਿਉਂ ਨਹੀਂ ਦਿੰਦਾ।
ਆਪ ਦੇ ਦਿੱਲੀ ਤੋਂ ਵਿਧਾਇਕ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਆਪਣਾ ਇੱਕ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ। ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਨਾਲ ਬਿਜਲੀ ਦੇਣ ਦਾ ਵਾਅਦਾ ਕਰਕੇ ਕੈਪਟਨ ਨੇ ਪੂਰੇ ਦੇਸ 'ਚੋਂ ਮਹਿੰਗੀ ਬਿਜਲੀ ਉਦਯੋਗਾਂ ਨੂੰ ਦਿੱਤੀ ਹੈ। ਹੁਣ ਚੋਣਾਂ ਨੇੜੇ ਆਉਣ ਕਰਕੇ ਕੈਪਟਨ ਨੇ 50 ਪੈਸੇ ਪ੍ਰਤੀ ਯੂਨਿਟ ਬਿਜਲੀ ਸਸਤੀ ਕੀਤੀ ਹੈ, ਜਦੋਂ ਕਿ ਚਾਰ ਸਾਲਾਂ ਦੌਰਾਨ 10 ਰੁਪਏ ਪ੍ਰਤੀ ਯੂਨਿਟ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਦਲ ਬਾਦਲ ਦੇ ਨਾਲ ਨਾਲ ਕਾਂਗਰਸ ਪਾਰਟੀ ਨੂੰ ਵੀ ਵਾਅਦਿਆਂ ਤੋਂ ਮੁਕਰਨ ਦੀ ਸਜਾ ਜਰੂਰ ਦੇਣਗੇ। ਇਸ ਸਮੇਂ ਪਾਰਟੀ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਸੀਨੀਅਰ ਆਗੂ ਨਰਿੰਦਰ ਸਿੰਘ ਸੇਰਗਿੱਲ ਅਤੇ ਨੀਨਾ ਮਿੱਤਲ ਵੀ ਹਾਜਰ ਸਨ।
Get all latest content delivered to your email a few times a month.