ਤਾਜਾ ਖਬਰਾਂ
• ਸਿਹਤ ਮੰਤਰੀ ਨੇ ਰਾਸ਼ਟਰੀ ਡਾਕਟਰ ਦਿਵਸ ਮੌਕੇ ਇਸ ਅਹਿਮ ਪ੍ਰੋਜੈਕਟ ਕੀਤਾ ਇਸ ਸੂਬਾ ਪੱਧਰੀ ਵਿਸਥਾਰ
• ਡੀਐਮਸੀਐਚ ਲੁਧਿਆਣਾ ਦੇ ਕਾਰਡੀਆਲੋਜਿਸਟ ਡਾ. ਬਿਸ਼ਵ ਮੋਹਨ ਦੀ ਟੀਮ ਨੇ ਸਰਾਕਰੀ ਹਸਪਤਾਲਾਂ ਦੇ 700 ਡਾਕਟਰਾਂ ਅਤੇ ਪੈਰਾਮੈਡਿਕਲ ਸਟਾਫ ਨੂੰ ਦਿੱਤੀ ਸਿਖਲਾਈ
• ਜ਼ਿਲ੍ਹਾ ਅਤੇ ਤਹਿਸੀਲ ਪੱਧਰ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ 30 ਹਜ਼ਾਰ ਦੀ ਕੀਮਤ ਵਾਲਾ ਕਲਾਟ ਬਸਟਰ ਇੰਜੈਕਸ਼ਨ ਮੁਫ਼ਤ ਲਗਾਇਆ ਜਾਵੇਗਾ: ਡਾ. ਬਲਬੀਰ ਸਿੰਘ
• 23 ਜ਼ਿਲ੍ਹਿਆਂ ਦੇ 14 ਹਜ਼ਾਰ ਤੋਂ ਵੱਧ ਮਰੀਜ਼ਾਂ ਦੀ ਕੀਤੀ ਸਕਰੀਨਿੰਗ, 583 ਨੂੰ ਕੀਤਾ ਗਿਆ ਥਰੋਂਬੋਲਾਈਜ਼ਡ
• ਦਿਲ ਦੇ ਦੌਰੇ ਦੇ ਸ਼ੁਰੂਆਤੀ ਲੱਛਣਾਂ ਨੂੰ ਅਣਗੌਲਿਆ ਕਰਨਾ ਹੋ ਸਕਦਾ ਹੈ ਜਾਨਲੇਵਾ, ਲੋਕਾਂ ਲਈ ਜਾਗਰੂਕਤਾ ਜ਼ਰੂਰੀ: ਡਾ. ਬਿਸ਼ਵ ਮੋਹਨ
ਚੰਡੀਗੜ੍ਹ, 1 ਜੁਲਾਈ:
ਰਾਸ਼ਟਰੀ ਡਾਕਟਰ ਦਿਵਸ ਮੌਕੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਮੰਗਲਵਾਰ ਨੂੰ ਪੰਜਾਬ ਸਟੈਮੀ ਪ੍ਰੋਜੈਕਟ ਦਾ ਸੂਬਾਈ ਪੱਧਰ ‘ਤੇ ਵਿਸਥਾਰ ਕਰਨ ਲਈ ਉਦਘਾਟਨ ਕੀਤਾ, ਇਸ ਪ੍ਰੋਜੈਕਟ ਨਾਲ 23 ਜਿਲਿਆਂ ਦੇ ਸਾਰੇ ਜ਼ਿਲ੍ਹਾ ਅਤੇ ਉਪ-ਮੰਡਲ ਹਸਪਤਾਲਾਂ ਨੂੰ ਦਿਲ ਦੇ ਦੌਰੇ ਦੀ ਸਥਿਤੀ ਦੌਰਾਨ ਮਰੀਜ਼ ਦੀ ਜਾਨ ਬਚਾਉਣ ਲਈ ਤੁਰੰਤ ਕਲਾਟ ਬਸਟਰ ਡਰੱਗ ਟੈਨੈਕਟੇਪਲੇਸ ਦੇ ਕੇ ਥਰੋਮੋਲਾਈਸਿਸ ਇਲਾਜ ਦੇਣ ਲਈ ਸਮਰੱਥ ਬਣਾਇਆ ਗਿਆ ਹੈ।
ਇਹ ਮਹੱਤਵਪੂਰਨ ਪਹਿਲ, ਜਿਸਨੂੰ ਮਿਸ਼ਨ ਅੰਮ੍ਰਿਤ (ਐਕਿਊਟ ਮਾਇਓਕਾਰਡੀਅਲ ਰੀਪਰਫਿਊਜ਼ਨ ਇਨ ਟਾਈਮ) ਵੀ ਕਿਹਾ ਜਾਂਦਾ ਹੈ, ਐਸਟੀ—ਸੈਗਮੈਂਟ ਐਲੀਵੇਟਿਡ ਮਾਇਓਕਾਰਡੀਅਲ ਇਨਫਾਰਕਸ਼ਨ (ਸਟੈਮੀ), ਜੋ ਕਿ ਦਿਲ ਦੇ ਦੌਰੇ ਦੀ ਸਭ ਤੋਂ ਗੰਭੀਰ ਕਿਸਮ ਹੈ, ਦਾ ਉਦੇਸ਼ ਮਰੀਜ਼ਾਂ ਨੂੰ ਉਸੇ ਸਮੇਂ ਤੁਰੰਤ ਇਲਾਜ ਮੁਹੱਈਆ ਕਰਵਾਉਣਾ ਹੈ।
ਡਾ. ਬਲਬੀਰ ਸਿੰਘ, ਜੋ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਕੁਮਾਰ ਰਾਹੁਲ ਅਤੇ ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਦੇ ਕਾਰਡੀਆਲੋਜੀ ਵਿਭਾਗ ਦੇ ਮੁਖੀ ਡਾ. ਬਿਸ਼ਵ ਮੋਹਨ ਨਾਲ, ਇੱਥੇ ਪ੍ਰੋਜੈਕਟ ਦੀ ਸ਼ੁਰੂਆਤ ਕਰਨ ਪੁੱਜੇ ਸਨ, ਨੇ ਕਿਹਾ ਕਿ ਟੈਨੈਕਟੇਪਲੇਸ ਟੀਕਾ, ਜਿਸਦੀ ਕੀਮਤ ਲਗਭਗ 30,000 ਰੁਪਏ ਹੈ, ਇਸ ਪ੍ਰੋਜੈਕਟ ਤਹਿਤ ਮੁਫਤ ਉਪਲਬਧ ਕਰਵਾਇਆ ਜਾ ਰਿਹਾ ਹੈ। ਇਹ ਟੀਕਾ ਦਿਲ ਵਿੱਚ ਖੂਨ ਦੇ ਥੱਕਿਆਂ ਨੂੰ ਖੋਰਨ ਵਿੱਚ ਮਦਦ ਕਰਦਾ ਹੈ।
ਪਾਇਲਟ ਪ੍ਰੋਜੈਕਟ ਵਜੋਂ ਸਫਲ ਹੋਣ ਤੋਂ ਬਾਅਦ ਇਹ ਪ੍ਰੋਜੈਕਟ ਰਾਜ ਭਰ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ, ਪਹਿਲੋਂ ਇਹ ਸਿਰਫ਼ ਦੋ ਜ਼ਿਲ੍ਹਿਆਂ ਲੁਧਿਆਣਾ ਅਤੇ ਪਟਿਆਲਾ ਵਿੱਚ ਲਾਗੂ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਨੌਂ ਹੋਰ ਜ਼ਿਲ੍ਹਿਆਂ ਵਿੱਚ ਲਾਗੂ ਕਰ ਦਿੱਤਾ ਗਿਆ ਸੀ। ਸ਼ੁਰੂਆਤੀ ਪੜਾਅ ਵਿੱਚ, ਲਗਭਗ 14,000 ਛਾਤੀ ਵਿੱਚ ਦਰਦ ਵਾਲੇ ਮਰੀਜ਼ਾਂ ਨੂੰ ਦਾਖਲ ਕੀਤਾ ਗਿਆ ਅਤੇ 1305 ਸਟੈਮੀ ਮਰੀਜ਼ਾਂ ਦੀ ਪਛਾਣ ਕੀਤੀ ਗਈ , ਜਿਹਨਾਂ ਵਿੱਚੋਂ 583 ਮਰੀਜ਼ਾਂ ਨੂੰ ਜ਼ਿਲ੍ਹਾ ਸਿਹਤ ਸਹੂਲਤਾਂ ਤੇ ਥਰੋਮੋਬੋਲਾਈਸਿਸ ਦਾ ਇਲਾਜ ਮੁਹੱਈਆ ਕਰਵਾ ਕੇ ਉਹਨਾਂ ਦੀ ਜਾਨ ਬਚਾਈ ਗਈ।
ਪ੍ਰੋਜੈਕਟ ਦੀ ਅਹਿਮੀਅਤ ਅਤੇ ਲੋੜ ਬਾਰੇ ਬੋਲਦੇ ਹੋਏ ਡਾ. ਬਲਬੀਰ ਸਿੰਘ ਨੇ ਕਿਹਾ ਕਿ ਆਮ ਤੌਰ ‘ਤੇ ਦੇਖਿਆ ਗਿਆ ਹੈ ਕਿ ਪੰਜਾਬ ਵਿੱਚ ਛਾਤੀ ਦੇ ਦਰਦ ਤੋਂ ਪੀੜਤ ਮਰੀਜ਼ਾਂ ਨੂੰ ਕਾਫ਼ੀ ਦੇਰੀ ਦਾ ਸਾਹਮਣਾ ਕਰਨਾ ਪੈਂਦਾ ਹੈ, ਅਕਸਰ ਲੱਛਣ ਸ਼ੁਰੂ ਹੋਣ ਤੋਂ ਲਗਭਗ 2-3 ਘੰਟੇ ਬਾਅਦ ਹੀ ਲੋਕ ਮੁੱਢਲੇ ਡਾਕਟਰੀ ਇਲਾਜ ਤੱਕ ਪਹੁੰਚ ਕਰਦੇ ਹਨ। ਬਹੁਤੇ ਸਥਾਨਕ ਹਸਪਤਾਲਾਂ ਅਤੇ ਨਰਸਿੰਗ ਹੋਮਾਂ ਵਿੱਚ ਸਟੈਮੀ ਲਈ ਤੁਰੰਤ ਨਿਦਾਨ ਅਤੇ ਇਲਾਜ ਸਮਰੱਥਾਵਾਂ ਦੀ ਘਾਟ ਹੁੰਦੀ ਹੈ, ਜਿਸਦੇ ਨਤੀਜੇ ਵਜੋਂ ਮਰੀਜ਼ ਨੂੰ ਅੱਗੇ ਟਰਾਂਸਫਰ ਕਰਨ ਵਿੱਚ ਹੋਰ ਦੇਰੀ ਹੋ ਜਾਂਦੀ ਹੈ। ਜਿਸ ਕਾਰਨ ਅਕਸਰ ਮਰੀਜ਼ ਮਹੱਤਵਪੂਰਨ ਥੈਰਪਿਊਟਿਕ ਵਿੰਡੋ ਪੀਰੀਅਡ ਜਾਂ ਗੋਲਡਨ ਆਵਰ ਦੌਰਾਨ ਥਰੋਮਬੋਲਾਈਸਿਸ (ਖੂਨ ਪ੍ਰਵਾਹ ਨੂੰ ਸੁਚਾਰੂ ਕਰਨ ਵਾਲੀ ਥੈਰੇਪੀ) ਤੋਂ ਵਾਂਝੇ ਰਹਿ ਜਾਂਦੇ ਹਨ।
ਸਟੈਮੀ ਪ੍ਰੋਜੈਕਟ ਬਾਰੇ ਹੋਰ ਵੇਰਵੇ ਸਾਂਝੇ ਕਰਦੇ ਹੋਏ, ਸਿਹਤ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਇੱਕ ਨਵੀਨਤਾਕਾਰੀ ਹੱਬ ਅਤੇ ਸਪੋਕ ਮਾਡਲ ਰਾਹੀਂ ਇਨ੍ਹਾਂ ਚੁਣੌਤੀਆਂ ਨੂੰ ਸਿੱਧੇ ਤੌਰ ‘ਤੇ ਹੱਲ ਕਰਦਾ ਹੈ। ਜ਼ਿਲ੍ਹਾ ਅਤੇ ਸਬ—ਡਿਵੀਜ਼ਨਲ ਹਸਪਤਾਲ ਸਪੋਕ ਸੈਂਟਰਾਂ ਵਜੋਂ ਕੰਮ ਕਰਨਗੇ, ਜੋ ਸਟੈਮੀ ਮਰੀਜ਼ਾਂ ਦੇ ਸ਼ੁਰੂਆਤੀ ਨਿਦਾਨ ਅਤੇ ਪ੍ਰਬੰਧਨ ਨੂੰ ਸੰਭਾਲਣ ਲਈ ਲੈਸ ਹਨ। ਇਹ ਸਪੋਕ ਸੈਂਟਰ ਮਾਹਰ ਹੱਬ ਹਸਪਤਾਲਾਂ — ਜਿਸ ਵਿੱਚ ਮੌਜੂਦਾ ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਲੁਧਿਆਣਾ ਅਤੇ ਜੀਐਮਸੀਐਚ—32 ਚੰਡੀਗੜ੍ਹ ਅਤੇ ਚਾਰ ਨਵੇਂ ਹੱਬ ਜਿਨਾਂ ਵਿੱਚ ਪਟਿਆਲਾ, ਫਰੀਦਕੋਟ, ਅੰਮ੍ਰਿਤਸਰ ਅਤੇ ਏਮਜ਼ ਬਠਿੰਡਾ ਦੇ ਸਰਕਾਰੀ ਮੈਡੀਕਲ ਕਾਲਜ ਸ਼ਾਮਲ ਹਨ, ਨਾਲ ਜੁੜੇ ਹਨ।
ਉਹਨਾਂ ਦੱਸਿਆ ਕਿ ਸਪੋਕ ਸੈਂਟਰ ਪਹੁੰਚਣ 'ਤੇ, ਸਟੈਮੀ ਮਰੀਜ਼ਾਂ ਨੂੰ ਟੈਲੀ-ਈਸੀਜੀ ਅਧਾਰਤ ਕੰਸਲਟੇਸ਼ਨ ਰਾਹੀਂ ਨਜ਼ਦੀਕੀ ਹੱਬ ਦੇ ਮਾਹਿਰਾਂ ਦੀ ਸਿੱਧੀ ਅਗਵਾਈ ਹੇਠ ਥ੍ਰੋਮਬੋਲਾਈਸਿਸ ਸਮੇਤ ਮੁੱਢਲੀ ਸਹਾਇਤਾ ਦਿੱਤੀ ਜਾਵੇਗੀ। ਜ਼ਿਲ੍ਹਾ ਸਿਹਤ ਸਹੂਲਤਾਂ 'ਤੇ ਥ੍ਰੋਮਬੋਲਾਈਸਿਸ ਦਵਾਈ, ਇੰਜੈਕਸ਼ਨ ਟੈਨੈਕਟੇਪਲੇਸ 40 ਮਿਲੀਗ੍ਰਾਮ (ਟੀਐਨਕੇ 40 ਮਿਲੀਗ੍ਰਾਮ) ਮੁਫ਼ਤ ਪ੍ਰਦਾਨ ਕੀਤਾ ਜਾ ਰਿਹਾ ਹੈ, ਤਾਂ ਜੋ ਜੀਵਨ-ਰੱਖਿਅਕ ਇਲਾਜ ਲਈ ਵਿੱਤੀ ਰੁਕਾਵਟਾਂ ਦਾ ਹੱਲ ਕੀਤਾ ਜਾ ਸਕੇ। ਉਹਨਾਂ ਅੱਗੇ ਕਿਹਾ ਠੀਕ ਹੋਣ ਉਪਰੰਤ ਮਰੀਜ਼ਾਂ ਨੂੰ ਮਾਹਰਾਂ ਦੀ ਸਲਾਹ ਅਤੇ ਵਿਆਪਕ ਇਲਾਜ ਲਈ ਹੱਬ ਕੇਂਦਰਾਂ ਵਿੱਚ ਭੇਜਿਆ ਜਾਵੇਗਾ।
ਇਸ ਨੂੰ ਪੰਜਾਬ ਵਿੱਚ ਸਿਹਤ ਸੰਭਾਲ ਲਈ ਇੱਕ ਯਾਦਗਾਰੀ ਦਿਨ ਕਰਾਰ ਦਿੰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਟੈਮੀ ਪ੍ਰੋਜੈਕਟ, ਐਸ.ਏ.ਐਸ. ਨਗਰ ਮੋਹਾਲੀ ਅਤੇ ਲੁਧਿਆਣਾ ਵਿੱਚ ਸਾਡੇ ਆਈਸੀਐਮਆਰ ਸਫਲਤਾ ‘ਤੇ ਅਧਾਰਤ ਹੈ, ਜੋ ਹਰ ਨਾਗਰਿਕ, ਭਾਵੇਂ ਉਹ ਕਿਸੇ ਵੀ ਸਥਾਨ ‘ਤੇ ਹੋਣ, ਲਈ ਦਿਲ ਦੇ ਦੌਰੇ ਦੌਰਾਨ ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਦੇਖਭਾਲ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਦਾ ਪ੍ਰਮਾਣ ਹੈ। ਥ੍ਰੋਮਬੋਲਾਈਸਿਸ ਨੂੰ ਸਿੱਧੇ ਜ਼ਿਲ੍ਹਾ ਪੱਧਰ 'ਤੇ ਲਿਆ ਕੇ, ਸੂਬਾ ਸਰਕਾਰ ਸਮੇਂ ਸਿਰ ਇਲਾਜ ਮੁਹੱਈਆ ਕਰਵਾ ਰਹੀ ਹੈ ਅਤੇ ਮਰੀਜ਼ਾਂ ਦੇ ਬਚਾਅ ਅਤੇ ਰਿਕਵਰੀ ਦੀਆਂ ਸੰਭਾਵਨਾਵਾਂ ਨੂੰ ਵਧਾਇਆ ਜਾ ਰਿਹਾ ਹੈ।
ਇਸ ਪ੍ਰੋਜੈਕਟ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਸਿਹਤ ਮੰਤਰੀ ਨੇ ਕਿਹਾ ਕਿ ਸਾਰੇ 23 ਜ਼ਿਲ੍ਹਿਆਂ ਦੇ ਮੈਡੀਕਲ ਸਪੈਸ਼ਲਿਸਟ, ਐਮਰਜੈਂਸੀ ਮੈਡੀਕਲ ਅਫਸਰ (ਈਐਮਓਜ਼) ਅਤੇ ਸਟਾਫ ਨਰਸਾਂ ਸਮੇਤ 700 ਤੋਂ ਵੱਧ ਸਟਾਫ ਮੈਂਬਰਾਂ ਨੇ ਮਾਹਰ ਕਾਰਡੀਓਲੋਜਿਸਟ ਡਾ. ਬਿਸ਼ਵ ਮੋਹਨ ਦੀ ਅਗਵਾਈ ਹੇਠ ਡੀਐਮਸੀਐਚ ਲੁਧਿਆਣਾ ਵਿਖੇ ਸਮਰੱਥਾ-ਨਿਰਮਾਣ ਸਿਖਲਾਈ ਪ੍ਰੋਗਰਾਮਾਂ ਵਿੱਚ ਟ੍ਰੇਨਿੰਗ ਲਈ। ਹਸਪਤਾਲਾਂ ਦੇ ਸਾਰੇ ਐਮਰਜੈਂਸੀ ਕਮਰਿਆਂ ਨੂੰ ਸਟੈਮੀ ਕੇਸਾਂ ਦੇ ਪ੍ਰਬੰਧਨ ਲਈ ਈਸੀਜੀ ਅਤੇ ਡੀਫਿਬ੍ਰਿਲੇਟਰਾਂ ਨਾਲ ਲੈਸ ਕੀਤਾ ਗਿਆ ਹੈ।
ਡੀਐਮਸੀਐਚ ਲੁਧਿਆਣਾ ਦੇ ਪ੍ਰੋਫੈਸਰ ਅਤੇ ਕਾਰਡੀਓਲੋਜੀ ਦੇ ਮੁਖੀ ਡਾ. ਬਿਸ਼ਵ ਮੋਹਨ ਨੇ ਕਿਹਾ ਕਿ ਲੋਕਾਂ ਨੂੰ ਦਿਲ ਦੇ ਦੌਰੇ ਦੇ ਲੱਛਣਾਂ ਬਾਰੇ ਸੰਵੇਦਨਸ਼ੀਲ ਹੋਣ ਦੀ ਜ਼ਰੂਰਤ ਹੈ, ਜਿਨ੍ਹਾਂ ਨੂੰ ਆਮ ਤੌਰ 'ਤੇ ਲੋਕ ਗੈਸਟਰੋਇੰਟੇਸਟਾਈਨਲ ਬੀਮਾਰੀ ਸਮਝ ਕੇ ਅਣਦੇਖਾ ਕਰ ਦਿੰਦੇ ਹਨ। ਉਹਨਾਂ ਅੱਗੇ ਕਿਹਾ ਇਸਕੇਮਿਕ ਦਿਲ ਦੀ ਬਿਮਾਰੀ ਭਾਰਤ ਵਿੱਚ ਮੌਤ ਦਾ ਪ੍ਰਮੁੱਖ ਕਾਰਨ ਹੈ। ਇਹ ਸਹਿਯੋਗੀ ਪਹੁੰਚ ਇਹ ਯਕੀਨੀ ਬਣਾਉਂਦੀ ਹੈ ਕਿ ਮਰੀਜ਼ਾਂ ਨੂੰ ਸਮੇਂ ਸਿਰ ਵਧੀਆ ਇਲਾਜ ਮਿਲੇ, ਜਿਸ ਨਾਲ ਉਨ੍ਹਾਂ ਦੇ ਬਚਣ ਦੀਆਂ ਸੰਭਾਵਨਾਵਾਂ ਵਿੱਚ ਸੁਧਾਰ ਹੋਵੇ।
ਇਸ ਮੌਕੇ ਸਿਹਤ ਮੰਤਰੀ ਵੱਲੋਂ ਰਾਜ ਭਰ ਦੇ 12 ਡਾਕਟਰਾਂ, ਜਿਨ੍ਹਾਂ ਨੇ ਸਮੇਂ ਸਿਰ ਮਰੀਜ਼ਾਂ ਦਾ ਸਫਲਤਾਪੂਰਵਕ ਥ੍ਰੋਮੋਬਲਾਈਸਿਸ ਕੀਤਾ ਹੈ, ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜ ਸੂਚਨਾ ਕਮਿਸ਼ਨਰ ਐਡਵੋਕੇਟ ਹਰਪ੍ਰੀਤ ਸੰਧੂ, ਵਿਸ਼ੇਸ਼ ਸਕੱਤਰ ਸਿਹਤ-ਕਮ-ਐਮਡੀ ਐਨਐਚਐਮ ਘਨਸ਼ਿਆਮ ਥੋਰੀ, ਐਮਡੀ ਪੀਐਚਐਸਸੀ ਅਮਿਤ ਤਲਵਾੜ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਹਿਤਿੰਦਰ ਕੌਰ, ਡਾਇਰੈਕਟਰ ਈਐਸਆਈ ਡਾ. ਜਸਪ੍ਰੀਤ ਕੌਰ, ਡਾਇਰੈਕਟਰ ਪ੍ਰਿੰਸੀਪਲ ਏਮਜ਼ ਮੋਹਾਲੀ ਡਾ. ਭਵਨੀਤ ਭਾਰਤੀ, ਡਾ. ਭੁਪਿੰਦਰ ਸਿੰਘ, ਪ੍ਰੋਫੈਸਰ ਅਤੇ ਮੁਖੀ, ਕਾਰਡੀਓਲੋਜੀ, ਏਮਜ਼ ਬਠਿੰਡਾ; ਡਾ. ਪਰਮਿੰਦਰ ਸਿੰਘ ਮੰਘੇਰਾ, ਸਹਾਇਕ ਪ੍ਰੋਫੈਸਰ, ਕਾਰਡੀਓਲੋਜੀ, ਜੀਐਮਸੀ ਅੰਮ੍ਰਿਤਸਰ; ਡਾ. ਸੌਰਭ ਸ਼ਰਮਾ, ਸਹਾਇਕ ਪ੍ਰੋਫੈਸਰ, ਕਾਰਡੀਓਲੋਜੀ, ਜੀਐਮਸੀ ਪਟਿਆਲਾ, ਸਹਾਇਕ ਡਾਇਰੈਕਟਰ ਕਮ ਸਟੇਟ ਪ੍ਰੋਗਰਾਮ ਅਫਸਰ ਐਨਪੀ-ਐਨਸੀਡੀ ਡਾ. ਗਗਨਦੀਪ ਸਿੰਘ ਗਰੋਵਰ ਅਤੇ ਮੈਡੀਕਲ ਅਫਸਰ ਡਾ. ਆਸ਼ੂ ਵੀ ਮੌਜੂਦ ਸਨ।
ਬਾਕਸ: ਸਟੈਮੀ ਕੀ ਹੈ?
ਐਸਟੀ-ਐਲੀਵੇਸ਼ਨ ਮਾਇਓਕਾਰਡੀਅਲ ਇਨਫਾਰਕਸ਼ਨ (ਸਟੈਮੀ) ਇੱਕ ਕਿਸਮ ਦਾ ਦਿਲ ਦਾ ਦੌਰਾ ਹੈ ਜੋ ਕਿ ਬਹੁਤ ਜ਼ਿਆਦਾ ਗੰਭੀਰ ਹੁੰਦਾ ਹੈ ਅਤੇ ਇਸ ਵਿੱਚ ਗੰਭੀਰ ਪੇਚੀਦਗੀਆਂ ਅਤੇ ਮੌਤ ਦਾ ਵਧੇਰੇ ਜੋਖਮ ਹੁੰਦਾ ਹੈ। ਇਨਫਾਰਕਸ਼ਨ ਮਾਇਓਕਾਰਡੀਅਮ ਦਿਲ ਦੀ ਮਾਸਪੇਸ਼ੀ ਵਿੱਚ ਖੂਨ ਦੇ ਪ੍ਰਵਾਹ ਵਿੱਚ ਰੁਕਾਵਟ ਪਾਉਂਦਾ ਹੈ। ਇਸ ਰੁਕਾਵਟ ਕਾਰਨ ਦਿਲ ਦੀ ਮਾਸਪੇਸ਼ੀ ਕੰਮ ਕਰਨਾ ਬੰਦ ਕਰ ਦਿੰਦੀ ਹੈ। ਇਸ ਲਈ ਖੂਨ ਦੇ ਪ੍ਰਵਾਹ ਨੂੰ ਜਲਦ ਬਹਾਲ ਕਰਨ ਨਾਲ ਸਥਾਈ ਨੁਕਸਾਨ ਹੋਣ ਤੋਂ ਬਚਾਇਆ ਜਾ ਸਕਦਾ ਹੈ ਜਾਂ ਘੱਟੋ-ਘੱਟ ਨੁਕਸਾਨ ਦੀ ਗੰਭੀਰਤਾ ਨੂੰ ਘੱਟ ਕੀਤਾ ਜਾ ਸਕਦਾ ਹੈ।
ਹੱਬ ਅਤੇ ਸਪੋਕ ਮਾਡਲ ਦੀ ਵਰਤੋਂ ਕਰਦਿਆਂ ਪ੍ਰੋਜੈਕਟ ਜ਼ਿਲ੍ਹਾ ਸਿਹਤ ਸਹੂਲਤਾਂ ਨੂੰ ਸਮੇਂ ਸਿਰ ਨਿਦਾਨ, ਟੈਲੀ-ਈਸੀਜੀ ਅਧਾਰਤ ਕੰਸਲਟੇਸ਼ਨ ਅਤੇ ਮੁਫਤ ਥ੍ਰੋਮਬੋਲਾਈਟਿਕ ਥੈਰੇਪੀ ਦੇ ਤੁਰੰਤ ਪ੍ਰਬੰਧਨ ਦੀ ਸਹੂਲਤ ਲਈ ਤੀਜੇ ਦਰਜੇ ਦੇ ਦੇਖਭਾਲ ਹਸਪਤਾਲਾਂ ਨਾਲ ਜੋੜਦਾ ਹੈ, ਜਿਸ ਨੂੰ ਬਾਅਦ ਵਿੱਚ ਉਚ-ਪੱਧਰੀ ਦੇਖਭਾਲ ਲਈ ਟ੍ਰਾਂਸਫਰ ਕੀਤਾ ਜਾਂਦਾ ਹੈ।
Get all latest content delivered to your email a few times a month.