IMG-LOGO
ਹੋਮ ਪੰਜਾਬ: ਮਜੀਠੀਆ ਮਾਮਲੇ ਵਿੱਚ ਐਨਸੀਬੀ ਦੀ ਦਖਲਅੰਦਾਜ਼ੀ ਭਾਜਪਾ ਦੀ ਡਰੱਗ ਮਾਫੀਆ...

ਮਜੀਠੀਆ ਮਾਮਲੇ ਵਿੱਚ ਐਨਸੀਬੀ ਦੀ ਦਖਲਅੰਦਾਜ਼ੀ ਭਾਜਪਾ ਦੀ ਡਰੱਗ ਮਾਫੀਆ ਨੂੰ ਬਚਾਉਣ ਦੀ ਸਾਜ਼ਿਸ਼: ਅਮਨ ਅਰੋੜਾ

Admin User - Jul 01, 2025 06:11 PM
IMG

ਕਿਹਾ- ਕਾਂਗਰਸ ਅਤੇ ਭਾਜਪਾ ਦੇ ਵੱਡੇ ਆਗੂ ਮਜੀਠੀਆ ਦੇ ਸਮਰਥਕ, ਉਹ ਨਸ਼ਿਆਂ ਵਿਰੁੱਧ ਸਰਕਾਰ ਦੀ ਲੜਾਈ ਵਿੱਚ ਰੁਕਾਵਟਾਂ ਪੈਦਾ ਕਰ ਰਹੇ

ਚੰਡੀਗੜ੍ਹ, 1 ਜੁਲਾਈ- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਭਾਜਪਾ ਅਤੇ ਕਾਂਗਰਸ ਪਾਰਟੀ ਵੱਲੋਂ ਬਿਕਰਮ ਮਜੀਠੀਆ ਦਾ ਸਮਰਥਨ ਕਰਨ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਮਜੀਠੀਆ ਨੂੰ ਬਚਾਉਣ ਅਤੇ ਪੰਜਾਬ ਵਿੱਚ ਡਰੱਗ ਮਾਫੀਆ ਵਿਰੁੱਧ ਸਰਕਾਰ ਦੀ ਚੱਲ ਰਹੀ ਲੜਾਈ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।

ਅਰੋੜਾ ਨੇ ਹਾਲ ਹੀ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਵਲੋਂ ਕੀਤੀ ਗਈ ਕਾਰਵਾਈ 'ਤੇ ਸਖ਼ਤ ਇਤਰਾਜ਼ ਜਤਾਇਆ ਜਿਸ ਵਿੱਚ ਐਨਸੀਬੀ  ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਮਜੀਠੀਆ ਵਿਰੁੱਧ ਦਰਜ ਕੀਤੀ ਗਈ ਨਵੀਂ ਐਫਆਈਆਰ ਨਾਲ ਸਬੰਧਤ ਸਾਰੇ ਦਸਤਾਵੇਜ਼ ਮੰਗੇ ਹਨ। ਉਨ੍ਹਾਂ ਕਿਹਾ, "ਐਨਸੀਬੀ ਵੱਲੋਂ ਕੀਤੀ ਗਈ ਇਹ ਮੰਗ ਸਹੀ ਪ੍ਰਕਿਰਿਆ ਦਾ ਹਿੱਸਾ ਨਹੀਂ ਹੈ, ਸਗੋਂ ਮਜੀਠੀਆ ਅਤੇ ਹੋਰ ਡਰੱਗ ਡੀਲਰਾਂ ਨੂੰ ਬਚਾਉਣ ਲਈ ਜਾਣਬੁੱਝ ਕੇ ਕੀਤੀ ਗਈ ਇੱਕ ਚਾਲ ਹੈ। ਇਹ ਭਾਜਪਾ ਦੇ ਡਰੱਗ ਸਿੰਡੀਕੇਟਾਂ ਨੂੰ ਖਤਮ ਕਰਨ ਦੀ ਬਜਾਏ ਉਨ੍ਹਾਂ ਦੀ ਰੱਖਿਆ ਕਰਨ ਦੇ ਅਸਲ ਇਰਾਦੇ ਨੂੰ ਦਰਸਾਉਂਦੀ ਹੈ।"

'ਆਪ' ਆਗੂ ਨੇ ਕਾਂਗਰਸ ਅਤੇ ਭਾਜਪਾ ਆਗੂਆਂ ਦੇ ਪਖੰਡ ਦੀ ਆਲੋਚਨਾ ਕਰਦਿਆਂ ਅਜਿਹੀ ਉਦਾਹਰਣਾਂ ਦਾ ਹਵਾਲਾ ਦਿੱਤਾ ਜਿੱਥੇ ਰਵਨੀਤ ਬਿੱਟੂ ਅਤੇ ਸੁਨੀਲ ਜਾਖੜ ਨੇ ਮਜੀਠੀਆ ਵਿਰੁੱਧ ਪੰਜਾਬ ਸਰਕਾਰ ਦੀ ਕਾਰਵਾਈ ਦਾ ਖੁੱਲ੍ਹ ਕੇ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ, "ਹੁਣ ਇਹ ਸਪੱਸ਼ਟ ਹੋ ਗਿਆ ਕਿ ਕਾਂਗਰਸ ਅਤੇ ਭਾਜਪਾ ਨਸ਼ਿਆਂ ਵਿਰੁੱਧ ਪੰਜਾਬ ਦੀ ਲੜਾਈ ਦਾ ਸਮਰਥਨ ਕਰਨ ਦੀ ਬਜਾਏ, ਸਰਕਾਰ ਦੀ ਕਾਰਵਾਈ ਵਿੱਚ ਵਾਰ-ਵਾਰ ਰੁਕਾਵਟ ਬਣ ਕੇ ਮਜੀਠੀਆ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹਿਆਂ ਹਨ।

ਅਰੋੜਾ ਨੇ ਪੰਜਾਬ ਸਰਕਾਰ ਦੇ ਯਤਨਾਂ ਨੂੰ ਕਮਜ਼ੋਰ ਕਰਨ ਲਈ ਕੇਂਦਰੀ ਏਜੰਸੀਆਂ ਨੂੰ ਸਰਗਰਮ ਕਰਨ ਲਈ ਭਾਜਪਾ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ, "ਭਾਜਪਾ 2014 ਤੋਂ ਪੰਜਾਬ ਵਿੱਚ ਵੱਡੇ ਪੱਧਰ 'ਤੇ ਫੈਲੇ ਨਸ਼ਿਆਂ ਦੇ ਕਾਰੋਬਾਰਾਂ ਬਾਰੇ ਚੰਗੀ ਤਰ੍ਹਾਂ ਜਾਣਦੀ ਹੈ, ਜਿਵੇਂ ਕਿ 2013-14 ਵਿੱਚ ਜਗਦੀਸ਼ ਭੋਲਾ ਦੇ ਬਿਆਨਾਂ ਤੋਂ ਪਤਾ ਲੱਗਦਾ ਹੈ। ਫਿਰ ਵੀ, ਉਨ੍ਹਾਂ ਨੇ ਚੁੱਪ ਰਹਿਣਾ ਚੁਣਿਆ। ਅੱਜ, ਜਦੋਂ ਸਾਡੀ ਸਰਕਾਰ ਸਬੂਤਾਂ ਦੇ ਆਧਾਰ 'ਤੇ ਫੈਸਲਾਕੁੰਨ ਕਾਰਵਾਈ ਕਰ ਰਹੀ ਹੈ, ਤਾਂ ਉਹ ਸਰਗਰਮੀ ਨਾਲ ਕੇਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।"

ਕਾਂਗਰਸ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਦੇ ਬਿਆਨਾਂ ਦੀ ਆਲੋਚਨਾ ਕਰਦਿਆਂ ਅਰੋੜਾ ਨੇ ਕਿਹਾ ਕਿ ਉਨ੍ਹਾਂ ਦੇ ਦੋਹਰੇ ਕਿਰਦਾਰ ਨੇ ਪੰਜਾਬ ਦੇ ਕਾਂਗਰਸੀ ਆਗੂਆਂ ਨੂੰ ਨੈਤਿਕ ਆਧਾਰ 'ਤੇ ਖੜ੍ਹੇ ਹੋਣ ਤੋਂ ਅਸਮਰੱਥ ਬਣਾ ਦਿੱਤਾ ਹੈ। ਉਨ੍ਹਾਂ ਦੇ ਵਾਰ-ਵਾਰ ਰੁਖ਼ ਬਦਲਣ ਨੇਉਨ੍ਹਾਂ ਦੀ ਮੌਕਾਪ੍ਰਸਤ ਰਾਜਨੀਤੀ ਨੂੰ ਵੀ ਬੇਨਕਾਬ ਕਰ ਦਿੱਤਾ ਹੈ। ਬਾਜਵਾ ਦੀ ਮੌਜੂਦਾ ਹਾਲਤ ਦੇਖ ਕੇ ਗਿਰਗਿਟ ਵੀ ਸ਼ਰਮਿੰਦਾ ਹੋ ਜਾਵੇਗਾ। 

ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਅਸੀਂ ਪੰਜਾਬ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਵਚਨਬੱਧ ਹਾਂ। ਕੋਈ ਵੀ, ਭਾਵੇਂ ਉਹ ਰਾਜਨੀਤਿਕ ਨੇਤਾ ਹੋਵੇ, ਅਧਿਕਾਰੀ ਹੋਵੇ ਜਾਂ ਡਰੱਗ ਸਿੰਡੀਕੇਟ ਨਾਲ ਜੁੜਿਆ ਕੋਈ ਵੱਡਾ ਵਿਅਕਤੀ ਹੋਵੇ, ਉਸਨੂੰ ਬਖਸ਼ਿਆ ਨਹੀਂ ਜਾਵੇਗਾ। 'ਆਪ' ਸਰਕਾਰ ਰਾਜਨੀਤਿਕ ਲਾਭ ਅਤੇ ਨੁਕਸਾਨ ਦੀ ਪਰਵਾਹ ਕੀਤੇ ਬਿਨਾਂ ਨਸ਼ਿਆਂ ਵਿਰੁੱਧ ਆਪਣੀ ਲੜਾਈ ਜਾਰੀ ਰੱਖੇਗੀ।"

ਉਨ੍ਹਾਂ ਭਾਜਪਾ ਅਤੇ ਕਾਂਗਰਸ 'ਤੇ ਪੰਜਾਬ ਦੇ ਨੌਜਵਾਨਾਂ ਨਾਲ ਧੋਖਾ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਆਪਣੇ ਪੁਰਾਣੇ ਸਹਿਯੋਗੀ ਨੂੰ ਬਚਾਉਣ ਲਈ ਕੀਤੀ ਗਈ ਇਹ ਕਾਰਵਾਈ ਪੰਜਾਬ ਵਿੱਚ ਨਸ਼ੇ ਫੈਲਾਉਣ ਵਿੱਚ ਉਸ ਦੀ ਮਿਲੀਭੁਗਤ ਦਾ ਸਪੱਸ਼ਟ ਸਬੂਤ ਹੈ। ਉਨ੍ਹਾਂ ਨੇ ਮਿਲ ਕੇ ਇੱਕ ਅਜਿਹਾ ਪਾਪ ਕੀਤਾ ਹੈ ਜਿਸਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਅਕਾਲੀ ਭਾਜਪਾ ਸਰਕਾਰ ਨੇ ਨਸ਼ਾਖੋਰੀ, ਮਾਫੀਆ ਅਤੇ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕਰਕੇ ਪੰਜਾਬ ਨੂੰ ਬਰਬਾਦੀ ਵੱਲ ਧੱਕ ਦਿੱਤਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.