ਤਾਜਾ ਖਬਰਾਂ
ਰਾਜਾਸਾਂਸੀ, 29 ਜੂਨ 2025 – ਆਮ ਆਦਮੀ ਪਾਰਟੀ ਦੀ ਰਾਜਾਸਾਂਸੀ ਹਲਕੇ ਦੀ ਇੰਚਾਰਜ ਮੈਡਮ ਸੋਨੀਆ ਮਾਨ ਨੂੰ ਅੱਜ ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਪੰਜਾਬ ਵੱਲੋਂ ਮੰਗ ਪੱਤਰ ਸੌਂਪਿਆ ਗਿਆ। ਇਹ ਮੰਗ ਪੱਤਰ ਯੂਨੀਅਨ ਦੀ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਦੀ ਅਗਵਾਈ ਵਿੱਚ ਦਿੱਤਾ ਗਿਆ। ਯੂਨੀਅਨ ਨੇ ਦੱਸਿਆ ਕਿ 18 ਜੂਨ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਹੋਣੀ ਸੀ ਮੀਟਿੰਗ ਰੱਦ ਹੋ ਗਈ ਸੀ, ਜਿਸ ਕਰਕੇ ਉਹ ਹੁਣ ਮੁੜ ਤਾਰੀਖ ਨਿਧਾਰਤ ਕਰਨ ਦੀ ਮੰਗ ਕਰ ਰਹੇ ਹਨ ਤਾਂ ਜੋ ਆਪਣੀਆਂ ਮੁੱਖ ਮੰਗਾਂ ਨੂੰ ਸਰਕਾਰ ਅੱਗੇ ਰੱਖ ਸਕਣ।
ਯੂਨੀਅਨ ਨੇ ਕਿਹਾ ਕਿ ਆਂਗਣਵਾੜੀ ਵਰਕਰ ਅਤੇ ਹੈਲਪਰਾਂ ਨੂੰ ਬਿਨਾ ਮੋਬਾਈਲ ਦਿੱਤੇ FRS ਦੀ ਡਿਊਟੀ ਕਰਵਾਈ ਜਾ ਰਹੀ ਹੈ, ਜਿਸ ਨਾਲ ਉਨ੍ਹਾਂ ਲਈ ਕੰਮ ਕਰਨਾ ਔਖਾ ਹੋ ਗਿਆ ਹੈ। ਵਰਕਰਾਂ ਨੂੰ ਆਪਣੀ ਜੇਬ ਤੋਂ 302 ਰੁਪਏ ਰਿਚਾਰਜ ਕਰਨਾ ਪੈਂਦਾ ਹੈ ਜੋ "ਪੋਸ਼ਨ ਟਰੈਕਰ ਐਪ" ਤੇ ਕੰਮ ਕਰਨ ਲਈ ਲਾਜ਼ਮੀ ਹੈ। ਸਰਕਾਰ ਵੱਲੋਂ ਮਾਨ ਭੱਤਾ ਵੀ ਸਮੇਂ ਸਿਰ ਨਹੀਂ ਦਿੱਤਾ ਜਾਂਦਾ ਅਤੇ ਅਧਿਕਾਰੀ ਵਰਕਰਾਂ 'ਤੇ ਮਨੋਵਿਗਿਆਨਕ ਦਬਾਅ ਪਾ ਰਹੇ ਹਨ। ਇਹ ਵੀ ਦੱਸਿਆ ਗਿਆ ਕਿ ਕੁਝ ਵਰਕਰ ਮਾਨਸਿਕ ਤਣਾਅ ਕਰਕੇ ਬੀਮਾਰ ਹੋ ਗਈਆਂ ਹਨ ਅਤੇ ਕੁਝ ਨੇ ਤਣਾਅ ਕਾਰਨ ਆਪਣੀ ਜਾਨ ਵੀ ਗਵਾ ਦਿੱਤੀ।
ਮੈਡਮ ਛੀਨਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮਾਨ ਭੱਤਾ ਦੁੱਗਣਾ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਉਹ ਇਸ ਤੋਂ ਪਿੱਛੇ ਹਟ ਗਈ ਹੈ। ਮੈਡਮ ਸੋਨੀਆ ਮਾਨ ਨੇ ਵਰਕਰਾਂ ਦੀਆਂ ਸਮੱਸਿਆਵਾਂ ਧਿਆਨ ਨਾਲ ਸੁਣੀਆਂ ਅਤੇ ਮੁੱਖ ਮੰਤਰੀ ਨਾਲ ਜਲਦੀ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਸੂਬਾ ਪ੍ਰਧਾਨ ਦੇ ਨਾਲ ਕੈਸ਼ੀਅਰ ਹਰਪ੍ਰੀਤ ਕੌਰ, ਰਾਜਵਿੰਦਰ ਕੌਰ, ਪਰਵਿੰਦਰ ਕੌਰ, ਮਨਜੀਤ ਕੌਰ ਅਤੇ ਹੋਰ ਆਗੂ ਵੀ ਹਾਜ਼ਰ ਰਹੇ। ਯੂਨੀਅਨ ਵੱਲੋਂ ਚੇਤਾਵਨੀ ਦਿੱਤੀ ਗਈ ਕਿ ਜੇਕਰ ਸਰਕਾਰ ਨੇ ਮੰਗਾਂ 'ਤੇ ਗੰਭੀਰਤਾ ਨਾ ਦਿਖਾਈ ਤਾਂ ਵੱਡਾ ਸੰਘਰਸ਼ ਕੀਤਾ ਜਾਵੇਗਾ।
Get all latest content delivered to your email a few times a month.