ਤਾਜਾ ਖਬਰਾਂ
ਗੁਰਦਾਸਪੁਰ, 27 ਜੂਨ – ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਦੋ ਦਿਨਾਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਸਫਲ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦੇ ਦੂਜੇ ਦਿਨ ਦੋ ਮਹੱਤਵਪੂਰਨ ਸੈਸ਼ਨ ਕਰਵਾਏ ਗਏ। ਪਹਿਲੇ ਸੈਸ਼ਨ ਵਿੱਚ ਵਿਸ਼ੇਸ਼ ਤੌਰ 'ਤੇ ਡਾ. ਦੀਪਿਕਾ ਕੋਹਲੀ, ਸਹਾਇਕ ਪ੍ਰੋਫੈਸਰ, ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਅੰਮ੍ਰਿਤਸਰ ਨੇ ਰਚਨਾਤਮਿਕਤਾ ਨੂੰ ਉਤਸ਼ਾਹਿਤ ਕਰਨ ਵਾਲੀਆਂ ਅਧਿਆਪਨ ਵਿਧੀਆਂ 'ਤੇ ਚਰਚਾ ਕੀਤੀ। ਉਨ੍ਹਾਂ ਰਾਸ਼ਟਰੀ ਸਿੱਖਿਆ ਨੀਤੀ ਦਾ ਹਵਾਲਾ ਦਿੰਦਿਆਂ ਵਿਦਿਆਰਥੀ ਕੇਂਦਰਿਤ ਪਾਠਕ੍ਰਮ ਅਤੇ ਅਧਿਆਪਕ-ਵਿਦਿਆਰਥੀ ਸੰਬੰਧਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ।
ਦੂਜੇ ਸੈਸ਼ਨ ਵਿੱਚ ਡਾ. ਪ੍ਰਗਟ ਸਿੰਘ ਗਰਚਾ, ਪ੍ਰਿੰਸੀਪਲ, ਜੀ.ਐੱਚ.ਜੀ. ਕਾਲਜ ਆਫ਼ ਐਜੂਕੇਸ਼ਨ, ਗੁਰੂਸਰ ਸੁਧਾਰ ਨੇ ਮਿਸ਼ਰਤ ਸਿੱਖਿਆ ਅਤੇ ਡਿਜੀਟਲ ਪਾਠਨ ਪਾਠਨ ਸਾਧਨਾਂ ਦੀ ਲੋੜ ਉੱਤੇ ਜੋਰ ਦਿੱਤਾ। ਉਨ੍ਹਾਂ ਕਿਹਾ ਕਿ ਆਨਲਾਈਨ ਅਤੇ ਰਿਵਾਇਤੀ ਅਧਿਆਪਨ ਦੇ ਮਿਲਾਪ ਨਾਲ ਹੀ 21ਵੀਂ ਸਦੀ ਦੇ ਵਿਦਿਆਰਥੀਆਂ ਦੀਆਂ ਸਿੱਖਣ ਸੰਬੰਧੀ ਜ਼ਰੂਰਤਾਂ ਪੂਰੀਆਂ ਹੋ ਸਕਦੀਆਂ ਹਨ।
ਕਾਲਜ ਦੇ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਨੇ ਦੋਵਾਂ ਵਿਸ਼ਾ ਮਾਹਿਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਲਜ ਸੰਸਥਾ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਦੇਣ ਲਈ ਸਦਾ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹਾ ਵਾਤਾਵਰਣ ਉਤਪੰਨ ਕੀਤਾ ਜਾ ਰਿਹਾ ਹੈ ਜਿਸ ਰਾਹੀਂ ਵਿਦਿਆਰਥੀਆਂ ਦੀਆਂ ਯੋਗਤਾਵਾਂ ਨੂੰ ਨਿਖਾਰਿਆ ਜਾ ਸਕੇ।
Get all latest content delivered to your email a few times a month.