ਤਾਜਾ ਖਬਰਾਂ
ਭਿੱਖੀਵਿੰਡ ਤੋਂ ਦਿਆਲਪੁਰ ਵੱਲ ਜਾ ਰਹੇ ਦੋ ਨੌਜਵਾਨ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ, ਜਦੋਂ ਉਨ੍ਹਾਂ ਦੀ ਮੋਟਰਸਾਈਕਲ ਉੱਤੇ ਇੱਕ ਵੱਡਾ ਦਰਖਤ ਡਿੱਗ ਪਿਆ। ਇਹ ਹਾਦਸਾ ਭਿੱਖੀਵਿੰਡ ਦੇ ਪੱਟੀ ਰੋਡ 'ਤੇ ਉਸ ਸਮੇਂ ਵਾਪਰਿਆ ਜਦੋਂ ਇਲਾਕੇ ਵਿੱਚ ਸਵੇਰੇ ਤੋਂ ਭਾਰੀ ਮੀਂਹ ਪੈ ਰਿਹਾ ਸੀ। ਮੀਂਹ ਕਾਰਨ ਮਿੱਟੀ ਢੀਲੀ ਹੋਣ ਅਤੇ ਹਵਾ ਦੇ ਤੀਬਰ ਝੋਕੇ ਨਾਲ ਦਰਖਤ ਜਿੱਥੇ ਡਿੱਗਿਆ, ਓਥੇ ਹੀ ਨੌਜਵਾਨਾਂ ਦੀ ਮੋਟਰਸਾਈਕਲ ਆ ਰਹੀ ਸੀ।
ਇਸ ਹਾਦਸੇ ਵਿੱਚ ਦਵਿੰਦਰ ਸਿੰਘ ਪੁੱਤਰ ਹੀਰਾ ਸਿੰਘ, ਵਾਸੀ ਝੁੱਗੀਆਂ ਨੂਰ ਮੁਹੰਮਦ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੂਜਾ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਜਿਸ ਨੂੰ ਤੁਰੰਤ ਨੇੜਲੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਹਸਪਤਾਲ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਉਸ ਦੀ ਹਾਲਤ ਨਾਜ਼ੁਕ ਹੈ ਤੇ ਡਾਕਟਰਾਂ ਦੀ ਟੀਮ ਵੱਲੋਂ ਉਸ ਦਾ ਇਲਾਜ ਜਾਰੀ ਹੈ।
ਮੌਕੇ ’ਤੇ ਪੁਲਿਸ ਵੀ ਦੌੜੀ ਆਈ, ਜਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਲਾਕੇ ਦੇ ਲੋਕਾਂ ਵਿੱਚ ਵੀ ਇਸ ਦੁੱਖਦਾਈ ਘਟਨਾ ਕਾਰਨ ਸੋਗ ਦੀ ਲਹਿਰ ਹੈ। ਲੋਕਾਂ ਵੱਲੋਂ ਮੌਕੇ ਦੀ ਸਫਾਈ ਅਤੇ ਪੁਰਾਣੇ ਦਰਖਤਾਂ ਦੀ ਜਾਂਚ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ, ਤਾਂ ਜੋ ਅਜਿਹੇ ਹੋਰ ਹਾਦਸਿਆਂ ਤੋਂ ਬਚਿਆ ਜਾ ਸਕੇ।
Get all latest content delivered to your email a few times a month.