ਤਾਜਾ ਖਬਰਾਂ
ਬਿਕਰਮ ਮਜੀਠੀਆ ਗ੍ਰਿਫ਼ਤਾਰ, 540 ਕਰੋੜ ਦੀ ਡਰੱਗ ਮਨੀ ਦੇ ਮਿਲੇ ਸੁਰਾਗ
ਚੰਡੀਗੜ੍ਹ, 25 ਜੂਨ- ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਚੱਲ ਰਹੀ ਮੁਹਿੰਮ ਦਾ ਅੱਜ ਸੁਨਹਿਰਾ ਦਿਨ ਹੈ। ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਿਆ, ਉਨ੍ਹਾਂ ਦਾ ਹਿਸਾਬ ਹੁਣ ਸ਼ੁਰੂ ਹੋ ਗਿਆ ਹੈ।
ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਵਰਗੀਆਂ ਪਾਰਟੀਆਂ ਨੇ ਪੰਜਾਬ ਦਾ ਭਵਿੱਖ ਕਹੇ ਜਾਣ ਵਾਲੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕ ਕੇ ਅਰਬਾਂ ਰੁਪਏ ਦਾ ਕਾਲਾ ਕਾਰੋਬਾਰ ਕੀਤਾ ਅਤੇ ਆਪਣੇ ਮਹਲ ਖੜ੍ਹੇ ਕਰ ਲਈ, ਪਰ ਹੁਣ ਹਾਲਾਤ ਬਦਲ ਚੁੱਕੇ ਹਨ। ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਹੈ, ਉਸ ਦਿਨ ਤੋਂ ਹੀ ਭਗਵੰਤ ਮਾਨ ਦੇ ਨਿਰਦੇਸ਼ਾਂ ਹੇਠ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾਮੁਕਤ ਕਰਨ ਦਾ ਅਡਿੱਗ ਸੰਕਲਪ ਲਿਆ ਗਿਆ ਹੈ ਅਤੇ ਨਸ਼ਿਆਂ ਖ਼ਿਲਾਫ਼ ਇਤਿਹਾਸਕ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
ਇਸੇ ਕੜੀ ਵਿੱਚ ਨਸ਼ਾ ਤਸਕਰ ਬਿਕਰਮ ਸਿੰਘ ਮਜੀਠੀਆ ਨੂੰ ਵੀ ਕਾਨੂੰਨ ਦੇ ਸ਼ਿਕੰਜੇ ‘ਚ ਲਿਆ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਬਿਕਰਮ ਮਜੀਠੀਆ ਵਰਗੇ ਨਸ਼ਾ ਤਸਕਰ ਦੀ ਗ੍ਰਿਫ਼ਤਾਰੀ ਹੋਈ, ਤਾਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਵਰਗੀਆਂ ਪਾਰਟੀਆਂ ਪੰਜਾਬ ਵਿੱਚ ਨਸ਼ਿਆਂ ਨਾਲ ਤਬਾਹ ਹੋਏ ਪਰਿਵਾਰਾਂ ਦਾ ਸਾਥ ਦੇਣ ਦੀ ਬਜਾਏ ਨਸ਼ਾ ਤਸਕਰ ਦੇ ਹੱਕ ਵਿਚ ਉਸ ਨੂੰ ਬਚਾਉਣ ਵਿੱਚ ਆਪਣੀਆਂ ਆਵਾਜ਼ਾਂ ਉਠਾਉਣ ਲੱਗੇ ਗਏ । ਜੇ ਇਹ ਦਲ ਸੱਚਮੁੱਚ ਪੰਜਾਬ ਹਿਤੈਸ਼ੀ ਹੁੰਦੇ, ਤਾਂ ਅੱਜ ਨਸ਼ਿਆਂ ਖ਼ਿਲਾਫ਼ ਜੰਗ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜ੍ਹੇ ਹੁੰਦੇ!
ਬਿਕਰਮ ਮਜੀਠੀਆ ਅੱਜ ਕਹਿ ਰਹੇ ਹਨ ਕਿ ਵਿਜੀਲੈਂਸ ਟੀਮ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਰੋਂਦੇ ਛੱਡ ਕੇ ਲੈ ਗਈ, ਪਰ ਕੀ ਉਸ ਸਮੇਂ ਉਨ੍ਹਾਂ ਨੇ ਕਦੇ ਸੋਚਿਆ ਕਿ ਜਦੋਂ ਉਨ੍ਹਾਂ ਨੇ ਪੰਜਾਬ ਦੀਆਂ ਸੈਂਕੜਿਆਂ-ਹਜ਼ਾਰਾਂ ਮਾਵਾਂ-ਭੈਣਾਂ ਦੇ ਭਰਾਵਾਂ ਅਤੇ ਪੁੱਤਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕ ਕੇ ਉਨ੍ਹਾਂ ਦੀਆਂ ਜਿੰਦਗੀਆਂ ਤਬਾਹ ਕੀਤੀਆਂ, ਤਦ ਕੀ ਬਿਕਰਮ ਮਜੀਠੀਆ ਨੇ ਉਨ੍ਹਾਂ ਪਰਿਵਾਰਾਂ ਦੇ ਹੰਝੂ ਅਤੇ ਚੀਖਾਂ ਸੁਣੀਆਂ ਸਨ? ਜਦੋਂ ਉਨ੍ਹਾਂ ਪਰਿਵਾਰਾਂ ਦੀ ਜ਼ਿੰਦਗੀ ਉਜੜ ਰਹੀ ਸੀ, ਕੀ ਮਜੀਠੀਆ ਦਾ ਦਿਲ ਤਦ ਕਦੇ ਪਸੀਜਿਆ ਸੀ? ਅੱਜ ਜਦ ਪੰਜਾਬ ਦੀ ਇਮਾਨਦਾਰ ਸਰਕਾਰ ਨਸ਼ਿਆਂ ਦੇ ਦਲਾਲਾਂ ਖ਼ਿਲਾਫ਼ ਸਖ਼ਤ ਐਕਸ਼ਨ ਲੈ ਰਹੀ ਹੈ, ਤਾਂ ਮਜੀਠੀਆ ਅਤੇ ਉਨ੍ਹਾਂ ਦੇ ਸਮਰਥਕ ਘਬਰਾਏ ਹੋਏ ਕਿਉਂ ਹਨ?
ਪੰਜਾਬ ਹੁਣ ਬਦਲ ਰਿਹਾ ਹੈ, ਪੰਜਾਬ ਹੁਣ ਨਸ਼ਿਆਂ ਖ਼ਿਲਾਫ਼ ਸਿੱਧੀ ਜੰਗ ਲੜ ਰਿਹਾ ਹੈ! ਇਹ ਜੰਗ ਉਸ ਸਮੇਂ ਤੱਕ ਜਾਰੀ ਰਹੇਗੀ ਜਦ ਤੱਕ ਪੰਜਾਬ ਪੂਰੀ ਤਰ੍ਹਾਂ ਨਸ਼ਾਮੁਕਤ ਹੋ ਕੇ ਆਪਣੇ ਨੌਜਵਾਨਾਂ ਅਤੇ ਪਰਿਵਾਰਾਂ ਨੂੰ ਇੱਕ ਸੁਰੱਖਿਅਤ, ਚਮਕਦਾਰ ਭਵਿੱਖ ਨਹੀਂ ਦੇ ਦਿੰਦਾ। ਇਹ ਆਮ ਆਦਮੀ ਪਾਰਟੀ ਦਾ ਪੰਜਾਬ ਲਈ ਅਡਿੱਗ ਅਤੇ ਅਟੱਲ ਸੰਕਲਪ ਹੈ।
ਪੁਲਿਸ ਥਾਣਾ ਪੰਜਾਬ ਸਟੇਟ ਕ੍ਰਾਈਮ ਵਿਖੇ ਸਾਲ 2021 ‘ਚ ਦਰਜ ਐਫਆਈਆਰ ਨੰਬਰ 02 ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਅਤੇ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਜਾਂਚ ਵਿੱਚ ਬਿਕਰਮ ਸਿੰਘ ਮਜੀਠੀਆ ਵੱਲੋਂ ਡਰੱਗ ਮਨੀ ਦੀ ਵੱਡੀ ਪੱਧਰ 'ਤੇ ਲਾਂਡਰਿੰਗ ਦਾ ਖੁਲਾਸਾ ਹੋਇਆ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਕੇਸ ਵਿੱਚ 540 ਕਰੋੜ ਰੁਪਏ ਤੋਂ ਵੱਧ ਦੀ ਡਰੱਗ ਮਨੀ ਦਾ ਕਈ ਗੈਰ-ਕਾਨੂੰਨੀ ਤਰੀਕਿਆਂ ਨਾਲ ਲੈਣ-ਦੇਣ ਕੀਤਾ ਗਿਆ, ਜਿਸ ਵਿੱਚ
ਬਿਕਰਮ ਸਿੰਘ ਮਜੀਠੀਆ ਦੇ ਕੰਟਰੋਲ ਵਾਲੀਆਂ ਕੰਪਨੀਆਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ 161 ਕਰੋੜ ਰੁਪਏ ਦੀ ਵੱਡੀ ਬੇਹਿਸਾਬੀ ਨਕਦੀ, ਸ਼ੱਕੀ ਵਿਦੇਸ਼ੀ ਸੰਸਥਾਵਾਂ ਰਾਹੀਂ 141 ਕਰੋੜ ਰੁਪਏ ਦਾ ਲੈਣ-ਦੇਣ, ਕੰਪਨੀ ਦੇ ਵਿੱਤੀ ਵੇਰਵਿਆਂ (ਸਟੇਟਮੈਂਟਾਂ) ਵਿੱਚ ਬਿਨਾਂ ਕਿਸੇ ਜਾਣਕਾਰੀ/ਸਪੱਸ਼ਟੀਕਰਨ ਦੇ 236 ਕਰੋੜ ਰੁਪਏ ਦੀ ਵਾਧੂ ਜਮ੍ਹਾਂ ਰਾਸ਼ੀ ਅਤੇ ਬਿਕਰਮ ਸਿੰਘ ਮਜੀਠੀਆ ਵੱਲੋਂ ਆਮਦਨ ਦੇ ਕਿਸੇ ਜਾਇਜ਼ ਸਰੋਤ ਤੋਂ ਬਿਨਾਂ ਚੱਲ/ਅਚੱਲ ਜਾਇਦਾਦ ਦੀ ਪ੍ਰਾਪਤੀ ਸ਼ਾਮਲ ਹੈ
ਵਿਜੀਲੈਂਸ ਬਿਊਰੋ ਨੇ ਪੁਲਿਸ ਥਾਣਾ ਪੰਜਾਬ ਸਟੇਟ ਕ੍ਰਾਈਮ ਐਸਏਐਸ ਨਗਰ ਵਿਖੇ ਐਨਡੀਪੀਐਸ ਐਕਟ 1985 ਦੀ ਧਾਰਾ 25, 27-ਏ ਅਤੇ 29 ਤਹਿਤ ਦਰਜ ਐਫਆਈਆਰ ਨੰਬਰ 02 ਮਿਤੀ 20-12-2021 ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੀ ਰਿਪੋਰਟ ਦੇ ਆਧਾਰ 'ਤੇ ਕੇਸ ਦਰਜ ਕੀਤਾ ਹੈ, ਜਿਸ ਵਿੱਚ ਬਿਕਰਮ ਸਿੰਘ ਮਜੀਠੀਆ ਵੱਲੋਂ ਵੱਡੀ ਪੱਧਰ 'ਤੇ ਡਰੱਗ ਮਨੀ ਦੀ ਲਾਂਡਰਿੰਗ ਨੂੰ ਦਰਸਾਉਂਦੇ ਠੋਸ ਸਬੂਤ ਮਿਲੇ ਹਨ।
ਇਸ ਕੇਸ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਹਰ ਤਰ੍ਹਾਂ ਦੇ ਲੈਣ-ਦੇਣ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਐਸ.ਆਈ.ਟੀ. ਦੁਆਰਾ ਕੀਤੀ ਗਈ ਜਾਂਚ ਤੋਂ ਸਪੱਸ਼ਟ ਤੌਰ 'ਤੇ ਪਤਾ ਚੱਲਦਾ ਹੈ ਕਿ ਇਹ ਫੰਡ ਬਿਕਰਮ ਸਿੰਘ ਮਜੀਠੀਆ ਦੇ ਕੰਟਰੋਲ ਵਾਲੀ ਸਰਾਇਆ ਇੰਡਸਟਰੀਜ਼ ਦੇ ਖਾਤੇ ਵਿੱਚ ਜਮ੍ਹਾ ਕੀਤੀ ਗਈ ਡਰੱਗ ਮਨੀ ਨਾਲ ਸਬੰਧਤ ਹਨ।
ਹੁਣ ਤੱਕ ਗੈਰ-ਕਾਨੂੰਨੀ ਢੰਗ ਨਾਲ 540 ਕਰੋੜ ਰੁਪਏ ਦੀ ਡਰੱਗ ਮਨੀ ਦੀ ਲਾਂਡਰਿੰਗ ਬਾਰੇ ਪਤਾ ਚੱਲਿਆ ਹੈ, ਜਿਸਨੂੰ ਬਿਕਰਮ ਸਿੰਘ ਮਜੀਠੀਆ ਵੱਲੋਂ ਤਤਕਾਲੀ ਪੰਜਾਬ ਸਰਕਾਰ ਵਿੱਚ ਇੱਕ ਵਿਧਾਇਕ ਵਜੋਂ ਅਤੇ ਸਾਬਕਾ ਕੈਬਨਿਟ ਮੰਤਰੀ ਦੇ ਅਹੁਦੇ ਦੇ ਪ੍ਰਭਾਵ ਅਤੇ ਗਲਤ ਢੰਗ ਨਾਲ ਵਰਤੋਂ ਜ਼ਰੀਏ ਜਮ੍ਹਾ ਕੀਤਾ ਗਿਆ ਸੀ।
ਬਿਕਰਮ ਸਿੰਘ ਮਜੀਠੀਆ ਅਤੇ ਉਨ੍ਹਾਂ ਦੀ ਪਤਨੀ ਗਿਨੀਵ ਕੌਰ ਦੇ ਨਾਮ 'ਤੇ ਚੱਲ/ਅਚੱਲ ਜਾਇਦਾਦਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ ਜਿਸ ਲਈ ਆਮਦਨ ਦਾ ਕੋਈ ਜਾਇਜ਼ ਸਰੋਤ ਪੇਸ਼ ਨਹੀਂ ਕੀਤਾ ਗਿਆ।
ਐਸਆਈਟੀ ਵੱਲੋਂ 22 ਵਿਅਕਤੀਆਂ ਦੇ ਟਿਕਾਣਿਆਂ ਅਤੇ ਵਿਜੀਲੈਂਸ ਬਿਊਰੋ ਵੱਲੋਂ 3 ਥਾਵਾਂ 'ਤੇ ਤਲਾਸ਼ੀ ਅਤੇ ਬਰਾਮਦਗੀ ਦੀਆਂ ਦੀਆਂ ਕਾਰਵਾਈਆਂ ਕੀਤੀਆਂ ਗਈਆਂ ਜਿਸ ਵਿੱਚ 30 ਤੋਂ ਵੱਧ ਮੋਬਾਈਲ ਫੋਨ, 5 ਲੈਪਟਾਪ, 3 ਆਈਪੈਡ, 2 ਡੈਸਕਟਾਪ, ਕਈ ਡਾਇਰੀਆਂ, ਸੰਪਤੀ ਦੇ ਕਈ ਦਸਤਾਵੇਜ਼ ਅਤੇ ਸਰਾਇਆ ਇੰਡਸਟਰੀਜ਼ ਨਾਲ ਸਬੰਧਤ ਕਈ ਦਸਤਾਵੇਜ਼ ਮਿਲੇ ਹਨ।
ਬਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਬਿਊਰੋ ਵੱਲੋਂ ਕਾਨੂੰਨ ਅਨੁਸਾਰ ਢੁਕਵੀਂ ਪ੍ਰਕਿਰਿਆ ਦੀ ਪਾਲਣਾ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਕੇਸ ਦੀ ਜਾਂਚ ਜਾਰੀ ਹੈ, ਜਿਸ ਵਿੱਚ ਹੋਰ ਗ੍ਰਿਫ਼ਤਾਰੀਆਂ, ਤਲਾਸ਼ੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ। ਬੁਲਾਰੇ ਨੇ ਅੱਗੇ ਕਿਹਾ ਕਿ ਜਾਂਚ ਨੂੰ ਤਰਕਪੂਰਨ ਸਿੱਟੇ ‘ਤੇ ਲਿਜਾਣ ਅਤੇ ਨਿਆਂਇਕ ਫੈਸਲੇ ਲਈ ਸਾਰੇ ਇਕੱਠੇ ਕੀਤੇ ਸਬੂਤਾਂ ਨੂੰ ਸਬੰਧਤ ਅਦਾਲਤ ਸਾਹਮਣੇ ਰੱਖਿਆ ਜਾਵੇਗਾ ਅਤੇ ਢੁਕਵੀਂ ਪ੍ਰਕਿਰਿਆ ਦੀ ਪਾਲਣਾ ਕੀਤੀ ਜਾਵੇਗੀ।
Get all latest content delivered to your email a few times a month.