ਤਾਜਾ ਖਬਰਾਂ
ਸਮਰਾਲਾ ਦੇ ਨਜ਼ਦੀਕੀ ਪਿੰਡ ਬਘੌਰ ਵਿੱਚ ਇੱਕ ਪੁਰਾਣੇ ਬਰੋਟੇ ਦੇ ਦਰੱਖਤ ਹੇਠਾਂ ਮਿਲੇ ਗਊ ਦੇ ਸਿਰ ਨੇ ਇਲਾਕੇ 'ਚ ਹੜਕੰਪ ਮਚਾ ਦਿੱਤਾ। ਪਿੰਡ ਦੇ ਪਤਵੰਤ ਲੋਕਾਂ ਨੇ ਦੱਸਿਆ ਕਿ ਜਦੋਂ ਉਹ ਪੰਚਾਇਤ ਦੀ ਥਾਂ ਦੀ ਨਿਸ਼ਾਨਦੇਹੀ ਲਈ ਛੱਪੜ ਦੇ ਨੇੜੇ ਪਹੁੰਚੇ, ਤਾਂ ਉਥੋਂ ਤੋਂ ਪਸ਼ੂ ਦੇ ਮਾਸ ਦੀ ਤੇਜ਼ ਬਦਬੂ ਆ ਰਹੀ ਸੀ। ਤਸਦੀਕ ਕਰਨ 'ਤੇ ਪਤਾ ਲੱਗਾ ਕਿ ਇਹ ਗਊ ਦਾ ਸਿਰ ਸੀ, ਜਿਸ ਦੇ ਨੇੜੇ ਤਮਾਖੂ, ਬੀੜੀਆਂ ਆਦਿ ਵੀ ਪਏ ਮਿਲੇ। ਇਸ ਤੋਂ ਇਲਾਵਾ, ਪਿੰਡ ਦੇ ਸ਼ਹੀਦ ਸਥਾਨ 'ਤੇ ਵੀ ਮਾਸ ਦੇ ਟੁਕੜੇ ਲਿਫਾਫੇ ਵਿੱਚ ਰੱਖੇ ਮਿਲੇ – ਜਿੱਥੇ ਹਰ ਧਰਮ ਦੇ ਲੋਕ ਮੱਥਾ ਟੇਕਣ ਆਉਂਦੇ ਹਨ।
ਪੰਚਾਇਤ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ, ਪਰ ਪੁਲਿਸ ਨੇ ਇਹ ਦੱਸ ਕੇ ਮਾਮਲੇ ਨੂੰ ਹਲਕਾ ਕਰਨਾ ਚਾਹਿਆ ਕਿ ਇਹ ਗਊ ਦੀ ਥਾਂ ਮੱਝ ਦਾ ਸਿਰ ਹੈ। ਪੁਲਿਸ ਦੇ ਇਸ ਰੁਖ ਨੇ ਨਿਹੰਗ ਸਿੰਘਾਂ, ਸਿੱਖ ਜਥੇਬੰਦੀਆਂ, ਸ਼ਿਵ ਸੈਨਾ ਅਤੇ ਹੋਰ ਸਮਾਜ ਸੇਵੀ ਸੰਗਠਨਾਂ ਨੂੰ ਗੁੱਸੇ 'ਚ ਲਿਆ ਦਿੱਤਾ। ਉਨ੍ਹਾਂ ਨੇ ਮੀਂਹ ਵਿੱਚ ਹੀ ਲੁਧਿਆਣਾ-ਚੰਡੀਗੜ੍ਹ ਰੋਡ 'ਤੇ ਧਰਨਾ ਲਾ ਦਿੱਤਾ। ਧਰਨੇ ਦੌਰਾਨ ਸ਼ਿਵ ਸੈਨਾ ਯੂਥ ਵਿੰਗ ਦੇ ਪ੍ਰਧਾਨ ਰਮਨ ਵਡੇਰਾ ਅਤੇ ਨੀਰਜ ਸਿਹਾਲਾ ਨੇ ਪੁਲਿਸ 'ਤੇ ਮਾਮਲੇ ਨੂੰ ਖੁਰਦ-ਬੁਰਦ ਕਰਨ ਦਾ ਦੋਸ਼ ਲਗਾਇਆ ਅਤੇ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਰੱਖੀ।
ਐਸਐਚਓ ਨਿਤੀਸ਼ ਚੌਧਰੀ ਨੇ ਦੱਸਿਆ ਕਿ ਮਾਮਲੇ 'ਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਾਸ ਦੇ ਟੁਕੜੇ ਸ਼ਮਸ਼ਾਨ ਘਾਟ 'ਚ ਵੀ ਮਿਲੇ ਹਨ, ਜਿਸ ਨਾਲ ਮਾਮਲਾ ਹੋਰ ਵੀ ਗੰਭੀਰ ਹੋ ਜਾਂਦਾ ਹੈ। ਬਾਅਦ ਵਿੱਚ ਪੁਲਿਸ ਵੱਲੋਂ ਦੋਸ਼ੀ ਨੂੰ ਜਲਦ ਕਾਬੂ ਕਰਨ ਦੇ ਭਰੋਸੇ ਉੱਤੇ ਧਰਨਾ ਅਸਥਾਈ ਤੌਰ 'ਤੇ ਖਤਮ ਕੀਤਾ ਗਿਆ, ਪਰ ਜਥੇਬੰਦੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਦੋਸ਼ੀ ਨੂੰ ਕੱਲ੍ਹ ਸਵੇਰੇ 10 ਵਜੇ ਤੱਕ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਹੋਰ ਵੱਡਾ ਰੋਸ ਪ੍ਰਗਟਾਇਆ ਜਾਵੇਗਾ।
ਇਲਾਕਾ ਵਾਸੀਆਂ ਅਤੇ ਪਿੰਡ ਦੀ ਪੰਚਾਇਤ ਨੇ ਪੁਲਿਸ ਤੋਂ ਮਾਮਲੇ ਦੀ ਡੂੰਘੀ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਹ ਘਟਨਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਦਿਸ ਰਹੀ ਹੈ, ਜਿਸ ਕਾਰਨ ਹਾਲਾਤ ਸੰਵੇਦਨਸ਼ੀਲ ਬਣੇ ਹੋਏ ਹਨ।
Get all latest content delivered to your email a few times a month.