ਤਾਜਾ ਖਬਰਾਂ
ਗੁਰਦਾਸਪੁਰ, 20 ਜੂਨ – ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਗੁਰਦਾਸਪੁਰ 'ਚ ਨਸ਼ਾ ਛੁਡਾਊ ਕੇਂਦਰ ਦਾ ਦੌਰਾ ਕਰਕੇ ਇਲਾਜ ਲੈ ਰਹੇ ਮਰੀਜ਼ਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਛੁਟਕਾਰਾ ਪਾ ਕੇ ਤੰਦਰੁਸਤ ਜੀਵਨ ਵੱਲ ਵਧਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਹੇਠ ਚਲ ਰਹੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਰਾਜ ਨੂੰ ਨਸ਼ਾ ਮੁਕਤ ਬਣਾਉਣ ਵੱਲ ਪੱਕੇ ਕਦਮ ਚੁੱਕ ਰਹੀ ਹੈ।
ਇਸ ਦੌਰੇ ਦੌਰਾਨ ਡਾ. ਬਲਬੀਰ ਸਿੰਘ ਨੇ ‘ਹਰ ਸ਼ੁੱਕਰਵਾਰ ਡੇਂਗੂ ਤੇ ਵਾਰ’ ਮੁਹਿੰਮ ਤਹਿਤ ਕੋਟਲੀ ਨੰਗਲ ਅਤੇ ਗੀਤਾ ਭਵਨ ਇਲਾਕਿਆਂ 'ਚ ਘਰ-ਘਰ ਜਾ ਕੇ ਜਾਗਰੂਕਤਾ ਫੈਲਾਈ। ਲਾਰਵੇ ਦੀ ਜਾਂਚ ਕਰਕੇ ਉਨ੍ਹਾਂ ਨੂੰ ਮੌਕੇ 'ਤੇ ਨਸ਼ਟ ਕੀਤਾ ਗਿਆ। ਉਨ੍ਹਾਂ ਲੋਕਾਂ ਨੂੰ ਮੱਛਰ-ਜਨਿਤ ਰੋਗਾਂ ਤੋਂ ਬਚਾਅ ਲਈ ਜਰੂਰੀ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ।
ਡਾ. ਬਲਬੀਰ ਸਿੰਘ ਨੇ ਡਿਪਟੀ ਕਮਿਸ਼ਨਰ ਅਤੇ ਹੋਰ ਜ਼ਿਲ੍ਹਾ ਅਧਿਕਾਰੀਆਂ ਨਾਲ ਰੰਗਲਾ ਪੰਜਾਬ ਯੋਜਨਾ, ਨਸ਼ਾ ਰੋਕਥਾਮ ਅਤੇ ਚਿਕਨਗੁਨੀਆ-ਡੇਂਗੂ ਰੋਕਥਾਮ ਉੱਤੇ ਵਿਸਥਾਰਤ ਮੀਟਿੰਗ ਕੀਤੀ। ਉਨ੍ਹਾਂ ਨੇ ਨਸ਼ਾ ਛੁਡਾਊ ਕੇਂਦਰਾਂ ਦੀ ਬੈੱਡ ਸੰਖਿਆ ਵਧਾਉਣ, ਸਰਕਾਰੀ ਖਾਲੀ ਇਮਾਰਤਾਂ ਜਾਂ ਨਿੱਜੀ ਹਸਪਤਾਲਾਂ 'ਚ ਨਵੇਂ ਕੇਂਦਰ ਖੋਲ੍ਹਣ ਅਤੇ ਮਰੀਜ਼ਾਂ ਨੂੰ ਸਲਾਹ-ਮਸ਼ਵਰਾ, ਯੋਗਾ, ਸਿੱਖਲਾਈ ਅਤੇ ਰੁਜ਼ਗਾਰ ਨਾਲ ਜੋੜਣ ਦੀਆਂ ਕੋਸ਼ਿਸ਼ਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਦੇ ਹੁਕਮ ਦਿੱਤੇ।
ਵਿਕਾਸ ਪੱਖ ਤੋਂ, ਉਨ੍ਹਾਂ ਨੇ ਘੋਸ਼ਣਾ ਕੀਤੀ ਕਿ ਰੰਗਲਾ ਪੰਜਾਬ ਯੋਜਨਾ ਤਹਿਤ ਜ਼ਿਲ੍ਹੇ ਵਿਚ ₹35 ਕਰੋੜ ਦੇ ਵਿਕਾਸ ਕਾਰਜ ਕਰਵਾਏ ਜਾਣਗੇ, ਜਿਸ ਵਿੱਚ ਹਰ ਵਿਧਾਨ ਸਭਾ ਹਲਕੇ ਲਈ ₹5 ਕਰੋੜ ਦਾ ਪ੍ਰਬੰਧ ਕੀਤਾ ਗਿਆ ਹੈ।
ਡੇਂਗੂ-ਚਿਕਨਗੁਨੀਆ ਰੋਕਥਾਮ ਵਿਚ ਆਸ਼ਾ ਵਰਕਰਾਂ ਅਤੇ ਨਰਸਿੰਗ ਵਿਦਿਆਰਥੀਆਂ ਦੀ ਭੂਮਿਕਾ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਦੇ ਯੋਗਦਾਨ ਨੂੰ ਹੋਰ ਮਜ਼ਬੂਤ ਕਰਨ ਅਤੇ ਉਨ੍ਹਾਂ ਨੂੰ ਸਨਮਾਨਤ ਕਰਨ ਦੀ ਵੀ ਗੱਲ ਕੀਤੀ। ਨਾਲ ਹੀ ਜਲ ਸਪਲਾਈ ਵਿਭਾਗ ਨੂੰ ਪੀਣ ਯੋਗ ਪਾਣੀ ਦੀ ਲਗਾਤਾਰ ਜਾਂਚ ਅਤੇ ਆਰ.ਓ. ਸਿਸਟਮ ਦੀ ਸਹੀ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਕਿਹਾ।
ਇਸ ਮੀਟਿੰਗ ਵਿੱਚ ਕਈ ਵਿਧਾਇਕ, ਚੇਅਰਮੈਨ, ਐੱਸ.ਐੱਸ.ਪੀ., ਐੱਸ.ਡੀ.ਐੱਮ., ਸਿਵਲ ਸਰਜਨ, ਸਿਹਤ ਵਿਭਾਗ ਦੇ ਕਈ ਅਧਿਕਾਰੀ ਅਤੇ ਆਸ਼ਾ ਵਰਕਰਾਂ ਦੀ ਭਰਪੂਰ ਹਾਜ਼ਰੀ ਰਹੀ। ਗੁਰਦਾਸਪੁਰ ਜ਼ਿਲ੍ਹੇ ਵੱਲੋਂ ਨਸ਼ਾ ਮੁਕਤੀ ਅਤੇ ਸਿਹਤ ਬਚਾਅ ਮੁਹਿੰਮਾਂ ਨੂੰ ਲਾਗੂ ਕਰਨ ਵਿੱਚ ਅਹੰਮ ਭੂਮਿਕਾ ਨਿਭਾਈ ਜਾ ਰਹੀ ਹੈ ਅਤੇ ਇਹ ਜ਼ਿਲ੍ਹਾ ਪੰਜਾਬ ਨੂੰ ਨਸ਼ਾ ਰਹਿਤ ਅਤੇ ਤੰਦਰੁਸਤ ਬਣਾਉਣ ਵਿਚ ਅੱਗੇ ਰਹੇਗਾ।
Get all latest content delivered to your email a few times a month.