ਤਾਜਾ ਖਬਰਾਂ
ਫ਼ਿਰੋਜ਼ਪੁਰ, 19 ਜੂਨ 2025 – ਪੰਜਾਬ ਵਿੱਚ ਨਸ਼ਾ ਵਿਰੋਧੀ ਮੁਹਿੰਮ ਹੇਠ ਸਰਕਾਰ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਕੜੀ ਵਿੱਚ ਫ਼ਿਰੋਜ਼ਪੁਰ ਦੇ ਪਿੰਡ ਸ਼ੇਰਖਾ ਵਿੱਚ ਇੱਕ ਨਸ਼ਾ ਤਸਕਰ ਵੱਲੋਂ ਨਾਜਾਇਜ਼ ਤੌਰ ‘ਤੇ ਸਰਕਾਰੀ ਪੰਚਾਇਤੀ ਜ਼ਮੀਨ ‘ਤੇ ਬਣਾਈ ਗਈ ਦੋ ਮੰਜ਼ਿਲਾ ਆਲੀਸ਼ਾਨ ਘਰ ਨੂੰ ਅੱਜ ਪੁਲਿਸ ਅਤੇ ਪ੍ਰਸ਼ਾਸਨ ਨੇ ਜੇਸੀਬੀ ਦੀ ਮਦਦ ਨਾਲ ਢਾਹ ਦਿੱਤਾ।
ਇਹ ਕਾਰਵਾਈ ਐਸਐਸਪੀ ਭੁਪਿੰਦਰ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਹ ਇਮਾਰਤ ਨਸ਼ੀਲੇ ਪਦਾਰਥਾਂ ਦੀ ਵਿਕਰੀ ਤੋਂ ਪ੍ਰਾਪਤ ਕੀਤੇ ਗਏ ਪੈਸਿਆਂ ਨਾਲ ਤਿਆਰ ਕੀਤੀ ਗਈ ਸੀ। ਮਾਲ ਵਿਭਾਗ ਵੱਲੋਂ ਮਦਦ ਮੰਗੇ ਜਾਣ ‘ਤੇ ਇਹ ਕਾਰਵਾਈ ਅੰਜਾਮ ਦਿੱਤੀ ਗਈ। ਦੋਸ਼ੀਆਂ ਦੀ ਪਹਿਚਾਣ ਸੁਖਦੇਵ ਸਿੰਘ ਉਰਫ਼ ਸੁੱਖਾ ਅਤੇ ਗੁਰਮੁਖ ਸਿੰਘ ਉਰਫ਼ ਈਲੂ ਵਜੋਂ ਹੋਈ ਹੈ, ਜਿਨ੍ਹਾਂ ਖ਼ਿਲਾਫ਼ ਪਹਿਲਾਂ ਤੋਂ ਕਈ ਗੰਭੀਰ ਮਾਮਲੇ ਦਰਜ ਹਨ।
ਤਹਿਸੀਲਦਾਰ ਹਰਮਿੰਦਰ ਸਿੰਘ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਨਾਜਾਇਜ਼ ਕਬਜ਼ਾ ਕੁੱਲ 15 ਮਰਲੇ ਵਿੱਚੋਂ 10 ਮਰਲੇ ਸਰਕਾਰੀ ਜ਼ਮੀਨ ‘ਤੇ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਪਹਿਲਾਂ ਹੀ ਨੋਟਿਸ ਦਿੱਤਾ ਗਿਆ ਸੀ, ਪਰ ਉਨ੍ਹਾਂ ਵੱਲੋਂ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ, ਜਿਸ ਤੋਂ ਬਾਅਦ ਅੱਜ ਇਹ ਘਰ ਢਾਹ ਦਿੱਤਾ ਗਿਆ।
ਦੂਜੇ ਪਾਸੇ, ਦੋਸ਼ੀਆਂ ਵੱਲੋਂ ਨੁਮਾਇੰਦਗੀ ਕਰ ਰਹੇ ਵਕੀਲ ਨੇ ਦਲੀਲ ਦਿੰਦਿਆਂ ਕਿਹਾ ਕਿ ਪ੍ਰਸ਼ਾਸਨ ਨੂੰ ਸਿਰਫ਼ ਕਬਜ਼ਾ ਲੈਣਾ ਚਾਹੀਦਾ ਸੀ, ਘਰ ਢਾਹਣ ਦੀ ਲੋੜ ਨਹੀਂ ਸੀ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਅਪੀਲ ਕਰਨ ਲਈ ਸਮਾਂ ਦਿੱਤਾ ਜਾਣਾ ਚਾਹੀਦਾ ਸੀ।
ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ‘ਚ ਆਉਣ ਤੋਂ ਬਾਅਦ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਵਾਅਦਾ ਕੀਤਾ ਸੀ। ਹੁਣ 2027 ਦੀਆਂ ਚੋਣਾਂ ਤੋਂ ਪਹਿਲਾਂ ਇਹ ਮੁਹਿੰਮ ਹੋਰ ਤੇਜ਼ ਕਰ ਦਿੱਤੀ ਗਈ ਹੈ। ਪਹਿਲਾਂ ਜਿੱਥੇ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਰਹੀਆਂ ਸਨ, ਹੁਣ ਉਨ੍ਹਾਂ ਦੀਆਂ ਨਾਜਾਇਜ਼ ਇਮਾਰਤਾਂ ਨੂੰ ਵੀ ਢਾਹਿਆ ਜਾ ਰਿਹਾ ਹੈ।
Get all latest content delivered to your email a few times a month.