ਤਾਜਾ ਖਬਰਾਂ
ਪਟਿਆਲਾ, 18 ਜੂਨ 2025 – ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਮਨੋਵਿਗਿਆਨ ਵਿਭਾਗ ਦੇ ਮੁਖੀ ਪ੍ਰੋ. ਦਮਨਜੀਤ ਸੰਧੂ ਨੂੰ ਯੂਨਾਈਟਡ ਕਿੰਗਡਮ ਦੀ ਪ੍ਰਸਿੱਧ ਰਾਇਲ ਹਾਲੋਵੇ ਯੂਨੀਵਰਸਿਟੀ, ਲੰਡਨ ਵੱਲੋਂ ਤਿੰਨ ਸਾਲਾਂ ਲਈ ਆਨਰੇਰੀ ਰਿਸਰਚ ਫੈਲੋ ਨਿਯੁਕਤ ਕੀਤਾ ਗਿਆ ਹੈ। ਇਹ ਮਾਣਯੋਗ ਸਨਮਾਨ ਉਨ੍ਹਾਂ ਨੂੰ ਬਾਲ ਵਿਕਾਸ ਅਤੇ ਤੰਦਰੁਸਤੀ ਦੇ ਖੇਤਰ ਵਿੱਚ ਉਨ੍ਹਾਂ ਦੀ ਵਿਸ਼ੇਸ਼ ਰਿਸਰਚ ਅਤੇ ਅਕਾਦਮਿਕ ਯੋਗਦਾਨ ਦੇ ਮੱਦੇਨਜ਼ਰ ਦਿੱਤਾ ਗਿਆ ਹੈ।
ਇਹ ਫੈਲੋਸ਼ਿਪ ਉਨ੍ਹਾਂ ਦੇ ਬਾਲ ਮਨੋਵਿਗਿਆਨ, ਮਨੁੱਖੀ ਤੰਦਰੁਸਤੀ ਅਤੇ ਸਮਾਜਿਕ ਵਿਕਾਸ ਸਬੰਧੀ ਕੀਤੇ ਉਚੇ ਪੱਧਰ ਦੇ ਖੋਜਕਾਰਜਾਂ ਦੀ ਪਹਿਚਾਣ ਹੈ। ਪ੍ਰੋ. ਸੰਧੂ ਨੇ ਦੱਸਿਆ ਕਿ ਰੋਇਲ ਹਾਲੋਵੇ ਯੂਨੀਵਰਸਿਟੀ ਨੇ ਉਨ੍ਹਾਂ ਦੇ ਵਿਦਿਅਕ ਯੋਗਦਾਨ ਅਤੇ ਖੋਜ ਅਭਿਆਸ ਨੂੰ ਮੱਦੇਨਜ਼ਰ ਰੱਖਦਿਆਂ ਉਨ੍ਹਾਂ ਨੂੰ ਅੰਤਰਰਾਸ਼ਟਰੀ ਖੇਤਰ ਵਿੱਚ ਆਪਣਾ ਅਨੁਭਵ ਸਾਂਝਾ ਕਰਨ, ਵਿਦਿਆਰਥੀਆਂ ਦੀ ਮਦਦ ਕਰਨ, ਅਤੇ ਖੋਜ-ਅਧਾਰਤ ਗਤੀਵਿਧੀਆਂ 'ਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਹੈ।
ਉਹ ਇਸ ਨਵੀਂ ਭੂਮਿਕਾ ਤਹਿਤ ਯੂਨੀਵਰਸਿਟੀ ਦੇ ਵੱਖ-ਵੱਖ ਖੋਜ ਪ੍ਰੋਜੈਕਟਾਂ ਨਾਲ ਜੁੜਣਗੇ, ਵਿਦਿਆਰਥੀਆਂ ਲਈ ਸਲਾਹਕਾਰ ਸੇਵਾਵਾਂ ਦੇਣਗੇ, ਭਾਸ਼ਣਾਂ, ਵਰਕਸ਼ਾਪਾਂ ਅਤੇ ਸੈਮੀਨਾਰਾਂ ਰਾਹੀਂ ਆਪਣਾ ਗਿਆਨ ਪ੍ਰਸਤੁਤ ਕਰਨਗੇ। ਇਹ ਨਿਯੁਕਤੀ ਰੋਇਲ ਹਾਲੋਵੇ ਯੂਨੀਵਰਸਿਟੀ ਵੱਲੋਂ ਸਿਰਫ਼ ਉਨ੍ਹਾਂ ਵਿਅਕਤੀਆਂ ਨੂੰ ਮਿਲਦੀ ਹੈ ਜੋ ਆਪਣੇ ਖੇਤਰ ਵਿੱਚ ਅਸਧਾਰਨ ਯੋਗਦਾਨ ਦੇਣ ਵਿੱਚ ਕਾਮਯਾਬ ਰਹੇ ਹੋਣ।
ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਗਦੀਪ ਸਿੰਘ ਨੇ ਇਸ ਉਪਲਬਧੀ 'ਤੇ ਪ੍ਰੋ. ਦਮਨਜੀਤ ਸੰਧੂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਯੂਨੀਵਰਸਿਟੀ ਲਈ ਮਾਣ ਦੀ ਗੱਲ ਹੈ ਅਤੇ ਇਹ ਗਲੋਬਲ ਅਕਾਦਮਿਕ ਨੈੱਟਵਰਕ 'ਚ ਪੰਜਾਬੀ ਯੂਨੀਵਰਸਿਟੀ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰੇਗੀ।
Get all latest content delivered to your email a few times a month.