ਤਾਜਾ ਖਬਰਾਂ
ਗੁਰਦਾਸਪੁਰ, 18 ਜੂਨ 2025 – ਗਰਮੀਆਂ ਦੀਆਂ ਛੁੱਟੀਆਂ ਦਾ ਅਧਾ ਸਮਾਂ ਲੰਘ ਚੁੱਕਾ ਹੈ, ਪਰ ਪੰਜਾਬ ਦੇ ਪੇਂਡੂ ਤੇ ਸ਼ਹਿਰੀ ਖਿਡਾਰੀ ਖੇਡ ਮੈਦਾਨਾਂ ਦੀ ਥਾਂ ਘਰਾਂ ਵਿੱਚ ਬੇਹਾਲ ਅਤੇ ਵਿਹਲੇ ਪਏ ਹਨ। ਖੇਡਾਂ ਦੀ ਥਾਂ ਉਨ੍ਹਾਂ ਦੀ ਦਿਲਚਸਪੀ ਹੁਣ ਮੋਬਾਈਲ ਰੀਲਾਂ ਬਣਾਉਣ ਅਤੇ ਸਮਾਰਟਫੋਨ ਉਤੇ ਗੁਜ਼ਰ ਰਹੀ ਹੈ। ਪੰਜਾਬ ਸਰਕਾਰ ਲੁਧਿਆਣਾ ਜ਼ਿਮਨੀ ਚੋਣਾਂ ਵਿੱਚ ਰੁੱਝੀ ਹੋਈ ਹੈ, ਜਦਕਿ ਖੇਡਾਂ ਨਾਲ ਜੁੜੇ ਅਧਿਆਪਕ ਅਤੇ ਕੋਚ ਸੈਰ-ਸਪਾਟੇ ਜਾਂ ਨਿੱਜੀ ਕੰਮਾਂ ਵਿੱਚ ਲੱਗੇ ਹੋਏ ਹਨ। ਹਾਲਾਂਕਿ ਅਪ੍ਰੈਲ ਮਹੀਨੇ ਵਿੱਚ ਗੈਰ-ਰਿਹਾਇਸ਼ੀ ਅਤੇ ਰਿਹਾਇਸ਼ੀ ਖੇਡ ਵਿੰਗਾਂ ਲਈ ਚੋਣ ਕੀਤੀ ਗਈ ਸੀ, ਪਰ ਗਰਮੀਆਂ ਦੌਰਾਨ ਖਿਡਾਰੀਆਂ ਲਈ ਖੇਡ ਕੈਂਪ ਜਾਂ ਕਿਸੇ ਵੀ ਸਰਗਰਮੀ ਦੀ ਕੋਈ ਢੰਗ ਦੀ ਯੋਜਨਾ ਨਾ ਬਣਾਉਣੀ, ਸਰਕਾਰੀ ਅਣਗੰਭੀਰਤਾ ਨੂੰ ਸਾਫ਼ ਦਰਸਾਉਂਦੀ ਹੈ।
ਜੂਡੋ ਕੋਚ ਅਮਰਜੀਤ ਸ਼ਾਸਤਰੀ ਨੇ ਖੇਡ ਮੰਤਰੀ ਅਤੇ ਸਿਖਿਆ ਮੰਤਰੀ ਦੀ ਖੇਡਾਂ ਪ੍ਰਤੀ ਲਾਪਰਵਾਹੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਅੱਜ ਪੰਜਾਬ ਵਿੱਚ ਖਿਡਾਰੀਆਂ ਦੇ ਭਵਿੱਖ ਲਈ ਕੋਈ ਵੀ ਢਾਂਚਾਬੱਧ ਯੋਜਨਾ ਨਹੀਂ ਬਣਾਈ ਗਈ। ਪਿਛਲੇ ਸਮਿਆਂ ਵਿੱਚ ਪੰਜਾਬ ਸਰਕਾਰ ਵੱਲੋਂ ਪਹਾੜੀ ਇਲਾਕਿਆਂ ਵਿੱਚ ਫਿਟਨੈੱਸ ਕੈਂਪ ਲਗਾਉਣ ਦੀ ਰੀਤ ਸੀ, ਜਿਸ ਨੇ ਪੰਜਾਬ ਨੂੰ ਨੈਸ਼ਨਲ ਸਕੂਲ ਖੇਡਾਂ ਵਿੱਚ ਮਾਣਯੋਗ ਮੈਡਲ ਜਿਤਾਉਣ ਵਿੱਚ ਮਦਦ ਕੀਤੀ ਸੀ। ਪਰ ਅੱਜ ਦੇ ਹਾਲਾਤਾਂ ਨੇ ਪੰਜਾਬ ਨੂੰ ਖੇਲੋ ਇੰਡੀਆ ਯੂਥ ਖੇਡਾਂ ਵਿੱਚ 13ਵੀਂ ਰੈਂਕ ’ਤੇ ਲਿਆ ਖੜਾ ਕੀਤਾ ਹੈ ਜੋ ਕਿ ਨਿਰਾਸ਼ਾਜਨਕ ਅਤੇ ਚਿੰਤਾਜਨਕ ਹੈ।
ਖੇਡ ਵਿਭਾਗ ਦੀ ਤਬਾਹੀ ਸਿਰਫ ਯੋਜਨਾਵਾਂ ਦੀ ਘਾਟ ਤੱਕ ਸੀਮਤ ਨਹੀਂ, ਸਗੋਂ ਕੋਚਾਂ ਦੀ ਭਰਤੀ ਪ੍ਰਣਾਲੀ ਵੀ ਖ਼ਾਸੀ ਵਿਵਾਦਤ ਬਣ ਚੁੱਕੀ ਹੈ। ਪਿਛਲੇ ਦਸ ਸਾਲਾਂ ਤੋਂ ਘੱਟ ਤਨਖਾਹਾਂ ’ਤੇ ਕੰਮ ਕਰ ਰਹੇ ਤਜਰਬੇਕਾਰ ਕੋਚਾਂ ਨੂੰ ਪੱਕਾ ਕਰਨ ਦੀ ਬਜਾਏ, ਖੇਡ ਵਿਭਾਗ ਨੇ ਉਨ੍ਹਾਂ ਦੇ ਟ੍ਰੇਂਡ ਸਟੂਡੈਂਟਾਂ ਨੂੰ ਹੀ ਰੈਗੂਲਰ ਆਸਾਮੀਆਂ ’ਤੇ ਨਿਯੁਕਤ ਕਰ ਦਿੱਤਾ ਹੈ। ਇਸ ਨਾਲ ਨਾ ਸਿਰਫ਼ ਮਾਹਰ ਅਧਿਆਪਕਾਂ ਦੀ ਉਮੀਦਾਂ ਮਰੀਆਂ ਹਨ, ਸਗੋਂ ਬੱਚਿਆਂ ਦੇ ਭਵਿੱਖ ਨਾਲ ਵੀ ਖਿਡਾਰੀ ਪੱਧਰ ’ਤੇ ਖਿਲਵਾੜ ਹੋ ਰਿਹਾ ਹੈ। ਅੱਜ ਕੋਚ ਆਪਣੀ ਮਨਮਰਜ਼ੀ ਨਾਲ ਕੰਮ ਕਰ ਰਹੇ ਹਨ, ਜਿਸ ਦੇ ਨਤੀਜੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਖੇਡ ਨਤੀਜਿਆਂ ਉਤੇ ਵੱਡਾ ਪ੍ਰਭਾਵ ਪਾਉਣਗੇ।
Get all latest content delivered to your email a few times a month.