ਤਾਜਾ ਖਬਰਾਂ
ਬਿਹਾਰ, 16 ਜੂਨ- ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਵਿਚ ਅੱਜ ਸਵੇਰੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਨੇ ਪੰਜ ਪਰਿਵਾਰਾਂ ਦੀ ਜ਼ਿੰਦਗੀ ਹਮੇਸ਼ਾਂ ਲਈ ਬਦਲ ਦਿੱਤੀ। ਇਹ ਮਾੜੀ ਘਟਨਾ ਬਾਜਿਤਪੁਰ ਨੇੜਲੇ ਨਯਾਗਾਂਵ ਦੀ ਚਾਰ ਲੇਨ ਸੜਕ ’ਤੇ ਵਾਪਰੀ, ਜਿਥੇ ਮੱਕੀ ਨਾਲ ਲੋਡ ਕੀਤੀ ਪਿਕਅੱਪ ਵੈਨ ਟਾਇਰ ਫਟਣ ਕਾਰਨ ਅਚਾਨਕ ਉਲਟ ਗਈ।
ਇਹ ਵੈਨ ਸਾਰਨ ਜ਼ਿਲ੍ਹੇ ਤੋਂ ਲਗਭਗ 25 ਮਜ਼ਦੂਰਾਂ ਨੂੰ ਲੈ ਕੇ ਵੈਸ਼ਾਲੀ ਵੱਲ ਜਾ ਰਹੀ ਸੀ। ਮਜ਼ਦੂਰ ਕਿਸੇ ਖੇਤੀਬਾੜੀ ਕੰਮ ਲਈ ਜਾ ਰਹੇ ਸਨ ਅਤੇ ਵਾਹਨ ਵਿੱਚ ਉਨ੍ਹਾਂ ਨਾਲ ਨਾਲ ਮੱਕੀ ਦੀ ਲੋਡ ਵੀ ਸੀ। ਹਾਦਸਾ ਉਸ ਵੇਲੇ ਹੋਇਆ ਜਦੋਂ ਵੈਨ ਦੀ ਗਤੀ ਤੇਜ਼ ਸੀ ਅਤੇ ਅਚਾਨਕ ਇੱਕ ਟਾਇਰ ਫਟ ਗਿਆ। ਸੰਤੁਲਨ ਖੋ ਬੈਠੀ ਵੈਨ ਨੇ ਚਾਰ ਲੇਨ ਸੜਕ ’ਤੇ ਉਲੱਟ ਜਾਂਦਿਆਂ ਮਜਦੂਰਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਹਾਦਸਾ ਇੰਨਾ ਭਿਆਨਕ ਸੀ ਕਿ ਪੰਜ ਮਜ਼ਦੂਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਕਈ ਹੋਰ ਗੰਭੀਰ ਜ਼ਖਮੀ ਹੋ ਗਏ।
ਜਿਵੇਂ ਹੀ ਹਾਦਸੇ ਦੀ ਖ਼ਬਰ ਨੇੜਲੇ ਪਿੰਡਾਂ ਵਿੱਚ ਪਹੁੰਚੀ, ਲੋਕ ਗਹਿਰੀ ਚਿੰਤਾ ਵਿੱਚ ਡੁੱਬ ਗਏ। ਪਿੰਡ ਵਾਸੀ ਮੌਕੇ ’ਤੇ ਦੌੜੇ ਅਤੇ ਜ਼ਖਮੀਆਂ ਦੀ ਸਹਾਇਤਾ ਕਰਨ ਲੱਗ ਪਏ। ਐਂਬੂਲੈਂਸ ਦੀ ਟੀਮ ਅਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਜ਼ਖਮੀਆਂ ਨੂੰ ਸੋਨਪੁਰ ਸਬ-ਡਿਵੀਜ਼ਨ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਪੰਜ ਲੋਕਾਂ ਨੂੰ ਮ੍ਰਿਤਕ ਘੋਸ਼ਤ ਕਰ ਦਿੱਤਾ।
ਦੱਸਣਯੋਗ ਹੈ ਕਿ ਮਾਰੇ ਗਏ ਸਾਰੇ ਮਜ਼ਦੂਰ ਇਕੋ ਹੀ ਪਿੰਡ ਨਾਲ ਸਬੰਧਤ ਸਨ, ਜਿਸ ਕਾਰਨ ਪਿੰਡ ’ਚ ਸੋਗ ਦੀ ਲਹਿਰ ਛਾ ਗਈ ਹੈ। ਪਰਿਵਾਰਾਂ ਤੇ ਦੁਖ ਦਾ ਪਹਾੜ ਟੁੱਟ ਪਿਆ ਹੈ। ਪੁਲਿਸ ਵਲੋਂ ਹਾਦਸੇ ਦੀ ਜਾਂਚ ਚਲ ਰਹੀ ਹੈ ਅਤੇ ਵੈਨ ਦੇ ਮਾਲਿਕ ਅਤੇ ਡਰਾਈਵਰ ਦੇ ਖਿਲਾਫ ਕਾਰਵਾਈ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਇਹ ਹਾਦਸਾ ਨਾ ਸਿਰਫ ਸੜਕਾਂ ਦੀ ਸੁਰੱਖਿਆ ਤੇ ਪ੍ਰਸ਼ਾਸਨਕ ਚੌਕਸੀ ਉੱਤੇ ਸਵਾਲ ਖੜੇ ਕਰਦਾ ਹੈ, ਬਲਕਿ ਇਹ ਮਜ਼ਦੂਰ ਵਰਗੇ ਆਮ ਲੋਕਾਂ ਦੀ ਜ਼ਿੰਦਗੀ ਵਿੱਚ ਆਉਂਦੇ ਸੰਗਰਾਮ ਅਤੇ ਅਣਮਿੱਥੇ ਦਰਦਾਂ ਨੂੰ ਵੀ ਉਜਾਗਰ ਕਰਦਾ ਹੈ।
Get all latest content delivered to your email a few times a month.