ਤਾਜਾ ਖਬਰਾਂ
ਅੰਮ੍ਰਿਤਸਰ, 12 ਜੂਨ: ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਅੰਤਰਿੰਗ ਕਮੇਟੀ ਦੀ ਅਹਿਮ ਮੀਟਿੰਗ ਅੰਮ੍ਰਿਤਸਰ ਵਿਖੇ ਹੋਈ। ਮੀਟਿੰਗ ਤੋਂ ਬਾਅਦ SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਿੰਘ ਸਾਹਿਬਾਨ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਸਬੰਧੀ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਅਤੇ ਸਰਲ ਬਣਾਉਣ ਲਈ ਸਿੱਖ ਜਥੇਬੰਦੀਆਂ ਤੋਂ ਮਿਲੇ ਸੁਝਾਵਾਂ ਦੀ ਬੁਨਿਆਦ 'ਤੇ ਇਕ ਉੱਚ ਪੱਧਰੀ ਵਿਦਵਾਨਾਂ ਦੀ ਕਮੇਟੀ ਬਣਾਈ ਜਾਵੇਗੀ। ਇਹ ਕਮੇਟੀ ਆਪਣੀ ਰਾਏ SGPC ਨੂੰ ਦੇਵੇਗੀ, ਜੋ ਅਗਲੇ ਫੈਸਲੇ ਲਈ ਆਧਾਰ ਬਣੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਵੱਡੇ ਪੱਧਰ ਉਤੇ ਮਨਾਉਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਇਸ ਮੌਕੇ ਲਈ SGPC ਨੇ ਆਪਣੇ ਬਜਟ ਇਜਲਾਸ ਵਿਚ ਪੰਜ ਕਰੋੜ ਰੁਪਏ ਦਾ ਵਿਸ਼ੇਸ਼ ਫੰਡ ਰਾਖਵਾਂ ਰੱਖਿਆ ਹੈ। ਧਾਮੀ ਨੇ ਜ਼ੋਰ ਦਿੱਤਾ ਕਿ ਐਤਿਹਾਸਿਕ ਸ਼ਤਾਬਦੀਆਂ ਮਨਾਉਣ ਦੀ ਜ਼ਿੰਮੇਵਾਰੀ SGPC ਵਰਗੀਆਂ ਸਿੱਖ ਜਥੇਬੰਦੀਆਂ ਦੀ ਹੁੰਦੀ ਹੈ, ਨਾ ਕਿ ਸਰਕਾਰਾਂ ਦੀ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਇਸ ਤਰ੍ਹਾਂ ਦੇ ਸਮਾਗਮਾਂ ਲਈ ਯਾਦਗਾਰਾਂ ਬਣਾਉਣ ਤੇ ਤਕਨੀਕੀ ਸਹਿਯੋਗ ਦੇਣ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ।
ਡਾ. ਮਨਮੋਹਨ ਸਿੰਘ ਦੀ ਤਸਵੀਰ ਸਿੱਖ ਅਜਾਇਬਘਰ ਵਿਚ ਲਗਾਉਣ ਦੇ ਫੈਸਲੇ ਬਾਰੇ ਪੁੱਛੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਇਸ ਮਾਮਲੇ ਉਤੇ ਮੁੜ ਵਿਚਾਰ ਕੀਤਾ ਜਾ ਰਿਹਾ ਹੈ।
ਧਾਮੀ ਨੇ 6 ਜੂਨ ਨੂੰ ਹੋਏ ਘੱਲੂਘਾਰਾ ਸਮਾਗਮ ਵਿਚ ਭਾਗ ਲੈਣ ਅਤੇ ਸਹਿਯੋਗ ਦੇਣ ਲਈ ਦਮਦਮੀ ਟਕਸਾਲ, ਨਿਹੰਗ ਜਥੇਬੰਦੀਆਂ ਅਤੇ ਹੋਰ ਸਿੱਖ ਸੰਸਥਾਵਾਂ ਦਾ ਧੰਨਵਾਦ ਵੀ ਕੀਤਾ। ਅੰਤ ਵਿੱਚ, ਅੱਜ ਦੀ ਮੀਟਿੰਗ ਦੌਰਾਨ SGPC ਨੇ ਸੋਗ ਮਤਾ ਪਾਸ ਕਰਦਿਆਂ ਸ. ਸੁਖਦੇਵ ਸਿੰਘ ਢੀਂਡਸਾ, ਭਾਈ ਇੰਦਰਜੀਤ ਸਿੰਘ ਰਾਗੀ ਅਤੇ ਸਾਬਕਾ ਮੈਂਬਰ ਹਰਦਿਆਲ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।
Get all latest content delivered to your email a few times a month.