ਤਾਜਾ ਖਬਰਾਂ
ਅੰਮ੍ਰਿਤਸਰ, 11 ਜੂਨ- ਅੰਮ੍ਰਿਤਸਰ ਦੇ ਵੇਰਕਾ ਚੌਕ ਬਾਈਪਾਸ ਨੇੜੇ ਅਭਿਚਲ ਨਾਂ ਦੀ ਕੱਪੜਾ ਫੈਕਟਰੀ ਵਿਚ ਬੀਤੀ ਰਾਤ ਦੇਰ ਨਾਲ ਇੱਕ ਭਿਆਨਕ ਅੱਗ ਲੱਗ ਗਈ। ਮਿਲੀ ਜਾਣਕਾਰੀ ਅਨੁਸਾਰ ਅੱਗ ਸ਼ਾਰਟ ਸਰਕਟ ਕਾਰਨ ਲੱਗੀ। ਇਸ ਘਟਨਾ ਕਾਰਨ ਫੈਕਟਰੀ ਵਿੱਚ ਰੱਖਿਆ ਲੱਖਾਂ ਰੁਪਏ ਦਾ ਕੱਪੜਾ ਅਤੇ ਹੋਰ ਸਮਾਨ ਸੜ ਕੇ ਰਾਖ ਹੋ ਗਿਆ।
ਫੈਕਟਰੀ ਦੇ ਬਾਹਰੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖ ਕੇ ਨੇੜੇ ਰਹਿੰਦੇ ਲੋਕਾਂ ਨੇ ਤੁਰੰਤ ਅਲਾਰਮ ਵਜਾਇਆ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਉਹ ਸਿੱਧਾ ਤੇਲ ਦੇ ਬਾਇਲਰ ਤੱਕ ਪਹੁੰਚ ਗਈ, ਜਿਸ ਕਾਰਨ ਇੱਕ ਜ਼ੋਰਦਾਰ ਧਮਾਕਾ ਵੀ ਹੋਇਆ।
ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਮੌਕੇ 'ਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਉਣ ਵਿੱਚ ਲੱਗ ਗਈਆਂ। ਕਰੀਬ 2-3 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ਨੂੰ ਨਿਯੰਤਰਣ ਵਿੱਚ ਲਿਆਂਦਾ ਗਿਆ। ਅੱਗ ਫੈਕਟਰੀ ਦੀ ਉਪਰਲੀ ਮੰਜਿਲ ਤੱਕ ਪਹੁੰਚ ਚੁੱਕੀ ਸੀ, ਪਰ ਕਿਸੇ ਵੱਡੇ ਹਾਦਸੇ ਤੋਂ ਬਚਾਅ ਹੋ ਗਿਆ ਕਿਉਂਕਿ ਅੱਗ ਲੱਗਣ ਸਮੇਂ ਫੈਕਟਰੀ ਦੇ ਅੰਦਰ ਕੋਈ ਵੀ ਕਰਮਚਾਰੀ ਮੌਜੂਦ ਨਹੀਂ ਸੀ।
ਮੌਕੇ 'ਤੇ ਪਹੁੰਚੇ ਸਬ-ਇੰਸਪੈਕਟਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਫੈਕਟਰੀ ਵਿੱਚ ਤਕਨੀਕੀ ਖਰਾਬੀ ਹੋਣ ਕਰਕੇ ਇਹ ਅੱਗ ਲੱਗੀ। ਫਿਲਹਾਲ ਜਾਨੀ ਨੁਕਸਾਨ ਨਹੀਂ ਹੋਇਆ ਹੈ, ਪਰ ਮਾਲੀ ਨੁਕਸਾਨ ਕਾਫੀ ਜ਼ਿਆਦਾ ਹੋਣ ਦੀ ਸੰਭਾਵਨਾ ਹੈ।
Get all latest content delivered to your email a few times a month.