ਤਾਜਾ ਖਬਰਾਂ
ਲੁਧਿਆਣਾ, 2 ਜੂਨ- ਜ਼ਿਮਨੀ ਚੋਣਾਂ 2024 ਦੇ ਮੱਦੇਨਜ਼ਰ ਲੁਧਿਆਣਾ ਪੱਛਮੀ ਹਲਕੇ ਵਿੱਚ ਚੋਣੀ ਗਤੀਵਿਧੀਆਂ ਦੀ ਨਿਗਰਾਨੀ ਕਰਦੇ ਹੋਏ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਚੋਣ ਅਫਸਰ ਹਿਮਾਂਸ਼ੂ ਜੈਨ ਨੇ ਲੁਧਿਆਣਾ ਦੇ ਸਾਰੇ ਪ੍ਰਿੰਟਿੰਗ ਪ੍ਰੈਸ ਮਾਲਕਾਂ ਨੂੰ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਸਖ਼ਤ ਹਿਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਚੋਣੀ ਸਮੱਗਰੀ, ਜਿਵੇਂ ਕਿ ਪੋਸਟਰ, ਪੈਂਫਲੈਟ ਤੇ ਹੈਂਡਬਿੱਲ ਆਦਿ ਨੂੰ ਛਾਪਦੇ ਸਮੇਂ ਪ੍ਰਕਾਸ਼ਕ ਅਤੇ ਪ੍ਰਿੰਟਰ ਦੇ ਨਾਮ, ਛਾਪੀਆਂ ਗਈਆਂ ਕਾਪੀਆਂ ਦੀ ਗਿਣਤੀ, ਅਤੇ ਘੋਸ਼ਣਾ ਪੱਤਰ ਜਿਸ 'ਚ ਪ੍ਰਕਾਸ਼ਨ ਸਬੰਧੀ ਪੂਰੀ ਜਾਣਕਾਰੀ ਹੋਵੇ, ਨੂੰ ਉਨ੍ਹਾਂ 'ਤੇ ਸਾਫ਼ ਤੌਰ 'ਤੇ ਦਰਸਾਉਣਾ ਲਾਜ਼ਮੀ ਹੋਵੇਗਾ। ਛਾਪਣ ਤੋਂ ਪਹਿਲਾਂ ਪ੍ਰਿੰਟਰ ਨੂੰ ਵਿਅਕਤੀ ਜਾਂ ਸੰਸਥਾ ਪਾਸੋਂ ਘੋਸ਼ਣਾ ਪੱਤਰ ਲੈਣਾ ਹੋਵੇਗਾ ਜਿਸ ਵਿੱਚ ਪ੍ਰਸਾਰ ਸਮੱਗਰੀ ਦੀ ਲਾਗਤ ਦਾ ਵੀ ਜ਼ਿਕਰ ਹੋਵੇ, ਜੋ ਕਿ ਚੋਣ ਅਧਿਕਾਰੀ ਦੇ ਦਫ਼ਤਰ ਨੂੰ ਰਿਪੋਰਟ ਕਰਨੀ ਲਾਜ਼ਮੀ ਹੋਏਗੀ।
ਹਿਮਾਂਸ਼ੂ ਜੈਨ ਨੇ ਇਹ ਵੀ ਕਿਹਾ ਕਿ ਕੋਈ ਵੀ ਇਤਰਾਜ਼ਯੋਗ ਜਾਂ ਨਫ਼ਰਤ ਫੈਲਾਉਣ ਵਾਲੀ ਸਮੱਗਰੀ ਜਿਸ ਵਿੱਚ ਕਿਸੇ ਵੀ ਧਰਮ, ਜਾਤ, ਨਸਲ, ਭਾਈਚਾਰੇ ਜਾਂ ਭਾਸ਼ਾ ਆਧਾਰਤ ਟਿੱਪਣੀਆਂ ਜਾਂ ਵਿਰੋਧੀਆਂ ਦੀ ਚਰਿੱਤਰ ਹੱਤਿਆ ਕਰਨ ਵਾਲੀ ਭਾਸ਼ਾ ਹੋਵੇ, ਉਸ ਦੀ ਛਪਾਈ ਸਖ਼ਤੀ ਨਾਲ ਮਨਾਂ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਆਖਿਆ ਕਿ ਛਾਪਣ ਤੋਂ ਪਹਿਲਾਂ ਪ੍ਰਕਾਸ਼ਕ ਤੋਂ ਦਸਤਖਤ ਕੀਤੀਆਂ ਦੋ ਕਾਪੀਆਂ ਵਾਲਾ ਘੋਸ਼ਣਾ ਪੱਤਰ ਲਿਆ ਜਾਣਾ ਲਾਜ਼ਮੀ ਹੈ, ਜਿਸ ਦੀ ਤਸਦੀਕ ਦੋ ਹੋਰ ਵਿਅਕਤੀਆਂ ਦੁਆਰਾ ਕੀਤੀ ਜਾਣੀ ਚਾਹੀਦੀ ਹੈ ਜੋ ਪ੍ਰਕਾਸ਼ਕ ਨੂੰ ਜਾਣਦੇ ਹੋਣ। ਛਪਾਈ ਤੋਂ ਬਾਅਦ, ਸਮੱਗਰੀ ਦੀਆਂ ਕਾਪੀਆਂ, ਲਾਗਤ ਦੇ ਵੇਰਵਿਆਂ ਅਤੇ ਪ੍ਰਿੰਟਰ ਦੇ ਦਸਤਖਤ ਸਮੇਤ ਚੋਣ ਖਰਚ ਨਿਗਰਾਨੀ ਟੀਮ ਨੂੰ ਭੇਜਣੀਆਂ ਲਾਜ਼ਮੀ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਹੋਵੇਗੀ।
Get all latest content delivered to your email a few times a month.