ਤਾਜਾ ਖਬਰਾਂ
ਨਵੀਂ ਦਿੱਲੀ, 2 ਜੂਨ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਵਿੱਚ ਇੱਕ ਮਹੱਤਵਪੂਰਨ ਬਦਲਾਅ ਹੋਣ ਜਾ ਰਿਹਾ ਹੈ, ਜਿਥੇ ਤਜਰਬੇਕਾਰ ਪ੍ਰਸ਼ਾਸਕ ਅਤੇ ਮੌਜੂਦਾ ਉਪ-ਪ੍ਰਧਾਨ ਰਾਜੀਵ ਸ਼ੁਕਲਾ ਨੂੰ ਅੰਤਰਿਮ ਪ੍ਰਧਾਨ ਵਜੋਂ ਜ਼ਿੰਮੇਵਾਰੀ ਸੌਂਪੀ ਜਾਣ ਦੀ ਤਿਆਰੀ ਚੱਲ ਰਹੀ ਹੈ। ਇਹ ਬਦਲਾਅ ਮੌਜੂਦਾ ਪ੍ਰਧਾਨ ਅਤੇ ਸਾਬਕਾ ਭਾਰਤੀ ਕ੍ਰਿਕਟਰ ਰੋਜਰ ਬਿੰਨੀ ਦੀ ਉਮਰ-ਸੀਮਾ ਨੂੰ ਪੂਰਾ ਕਰਣ ਕਾਰਨ ਹੋ ਰਿਹਾ ਹੈ। ਰੋਜਰ ਬਿੰਨੀ 19 ਜੁਲਾਈ ਨੂੰ 70 ਸਾਲ ਦੇ ਹੋ ਰਹੇ ਹਨ, ਜੋ ਕਿ ਬੀ.ਸੀ.ਸੀ.ਆਈ. ਦੇ ਸੰਵਿਧਾਨ ਅਨੁਸਾਰ ਪ੍ਰਧਾਨ ਅਹੁਦੇ ਲਈ ਨਿਰਧਾਰਤ ਉਮਰ-ਹੱਦ ਹੈ। ਬੋਰਡ ਦੇ ਨਿਯਮ ਅਨੁਸਾਰ, 70 ਸਾਲ ਦੀ ਉਮਰ ਪੂਰੀ ਕਰਨ ਵਾਲਾ ਕੋਈ ਵੀ ਵਿਅਕਤੀ ਬੀ.ਸੀ.ਸੀ.ਆਈ. ਵਿੱਚ ਕੋਈ ਪ੍ਰਸ਼ਾਸਕੀ ਅਹੁਦਾ ਨਹੀਂ ਰੱਖ ਸਕਦਾ।
ਇਸ ਸੰਧਰਭ ਵਿੱਚ, ਬੀ.ਸੀ.ਸੀ.ਆਈ. ਦੇ ਨਿਯਮ ਇਹ ਵੀ ਦੱਸਦੇ ਹਨ ਕਿ ਜਦੋਂ ਪ੍ਰਧਾਨ ਉਪਲਬਧ ਨਹੀਂ ਹੁੰਦਾ, ਤਾਂ ਉਪ-ਪ੍ਰਧਾਨ ਅਸਥਾਈ ਤੌਰ 'ਤੇ ਉਸਦੀ ਜ਼ਿੰਮੇਵਾਰੀ ਸੰਭਾਲ ਸਕਦਾ ਹੈ। ਇਸ ਨਿਯਮ ਦੇ ਅਧਾਰ 'ਤੇ ਰਾਜੀਵ ਸ਼ੁਕਲਾ ਦੇ ਅੰਤਰਿਮ ਪ੍ਰਧਾਨ ਬਣਨ ਦਾ ਰਾਹ ਸਾਫ਼ ਹੋ ਜਾਂਦਾ ਹੈ। ਬੋਰਡ ਦੇ ਨਿਯਮਾਂ ਅਨੁਸਾਰ ਉਪ-ਪ੍ਰਧਾਨ ਨਾ ਸਿਰਫ਼ ਪ੍ਰਧਾਨ ਦੀ ਗੈਰਹਾਜ਼ਰੀ ਵਿੱਚ ਅਹੁਦਾ ਸੰਭਾਲ ਸਕਦਾ ਹੈ, ਬਲਕਿ ਉਹ ਉਹ ਕਾਰਜ ਵੀ ਕਰ ਸਕਦਾ ਹੈ ਜਿਨ੍ਹਾਂ ਲਈ ਉਸਨੂੰ ਬੋਰਡ ਦੀ ਜਨਰਲ ਬਾਡੀ ਵੱਲੋਂ ਅਧਿਕਾਰਿਤ ਕੀਤਾ ਗਿਆ ਹੋਵੇ। ਰਾਜੀਵ ਸ਼ੁਕਲਾ ਦਾ ਵਿਅਪਕ ਤਜਰਬਾ ਅਤੇ ਪਿਛਲੇ ਸਾਲਾਂ ਦੌਰਾਨ ਉਨ੍ਹਾਂ ਦੀ ਪ੍ਰਸ਼ਾਸਕੀ ਯੋਗਤਾ ਨੇ ਉਨ੍ਹਾਂ ਨੂੰ ਇਸ ਮਹੱਤਵਪੂਰਣ ਜ਼ਿੰਮੇਵਾਰੀ ਲਈ ਮਜ਼ਬੂਤ ਉਮੀਦਵਾਰ ਬਣਾਇਆ ਹੈ।
Get all latest content delivered to your email a few times a month.