IMG-LOGO
ਹੋਮ ਪੰਜਾਬ: 🔴ਫ਼ਰਜ਼ੀ ਐਨਕਾਊਂਟਰ ਮਾਮਲੇ 'ਚ 3 ਪੁਲਿਸ ਕਰਮਚਾਰੀ ਦੋਸ਼ੀ ਕਰਾਰ, 2...

🔴ਫ਼ਰਜ਼ੀ ਐਨਕਾਊਂਟਰ ਮਾਮਲੇ 'ਚ 3 ਪੁਲਿਸ ਕਰਮਚਾਰੀ ਦੋਸ਼ੀ ਕਰਾਰ, 2 ਨੂੰ 8 ਸਾਲ ਅਤੇ 1 ਨੂੰ 3 ਸਾਲ ਦੀ ਕੈਦ...

Admin User - Jun 01, 2025 12:55 PM
IMG

ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ 32 ਸਾਲ ਪੁਰਾਣੇ ਇਕ ਫਰਜ਼ੀ ਪੁਲਿਸ ਮੁਕਾਬਲੇ ਦੇ ਮਾਮਲੇ ਵਿੱਚ ਤਿੰਨ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਸਜ਼ਾ ਸੁਣਾਈ ਹੈ। 1993 ਵਿੱਚ ਰਾਵਲਪਿੰਡੀ (ਕਪੂਰਥਲਾ) ਤੋਂ ਦੋ ਸਿੱਖ ਨੌਜਵਾਨਾਂ ਪਲਵਿੰਦਰ ਸਿੰਘ ਅਤੇ ਬਲਬੀਰ ਸਿੰਘ ਨੂੰ ਗੈਰਕਾਨੂੰਨੀ ਤੌਰ 'ਤੇ ਪੁਲਿਸ ਹਿਰਾਸਤ 'ਚ ਲੈ ਕੇ ਝੂਠੇ ਮੁਕਾਬਲੇ 'ਚ ਮਾਰ ਦਿੱਤਾ ਗਿਆ ਸੀ। ਅਦਾਲਤ ਨੇ ਤਤਕਾਲੀ ਐੱਸਐੱਚਓ ਮਨਜੀਤ ਸਿੰਘ ਅਤੇ ਸਬ-ਇੰਸਪੈਕਟਰ ਗੁਰਮੇਜ ਸਿੰਘ ਨੂੰ ਧਾਰਾ 364 ਅਧੀਨ 8-8 ਸਾਲ ਦੀ ਕੈਦ ਅਤੇ 50-50 ਹਜ਼ਾਰ ਰੁਪਏ ਜੁਰਮਾਨਾ, ਜਦਕਿ ਧਾਰਾ 120ਬੀ ਅਧੀਨ 5-5 ਸਾਲ ਦੀ ਕੈਦ ਅਤੇ ਵਾਧੂ ਜੁਰਮਾਨਾ ਸੁਣਾਇਆ। ਤਤਕਾਲੀ ਏਐੱਸਆਈ ਕਰਮਜੀਤ ਸਿੰਘ ਨੂੰ 3 ਸਾਲ ਦੀ ਸਜ਼ਾ ਹੋਈ। ਦੋ ਹੋਰ ਪੁਲਿਸ ਮੁਲਾਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ, ਜਦਕਿ ਮੁੱਖ ਦੋਸ਼ੀ ਮੋਹਨ ਸਿੰਘ ਅਤੇ ਇਕਬਾਲ ਸਿੰਘ ਦੀ ਜਾਂਚ ਦੌਰਾਨ ਮੌਤ ਹੋ ਚੁੱਕੀ ਸੀ।

ਪੀੜਤ ਪਰਿਵਾਰ ਨੇ ਅਦਾਲਤ ਦੇ ਫੈਸਲੇ ਉਤੇ ਨਾਖੁਸ਼ੀ ਜਤਾਈ ਹੈ। ਪਲਵਿੰਦਰ ਸਿੰਘ ਦੀ ਧੀ ਭੁਪਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਤਿੰਨ ਦਸ਼ਕਾਂ ਤੋਂ ਇਨਸਾਫ ਦੀ ਲੜਾਈ ਲੜ ਰਿਹਾ ਸੀ, ਪਰ ਜਿਹੜੀ ਸਜ਼ਾ ਹੁਣ ਮਿਲੀ ਹੈ ਉਹ ਕਾਫੀ ਨਹੀਂ। ਉਹ ਹਾਈ ਕੋਰਟ ਵਿੱਚ ਅਪੀਲ ਕਰਕੇ ਦੋਸ਼ੀਆਂ ਨੂੰ ਉਮਰ ਕੈਦ ਜਾਂ ਮੌਤ ਦੀ ਸਜ਼ਾ ਦੀ ਮੰਗ ਕਰਨਗੇ। ਭੁਪਿੰਦਰ ਕੌਰ ਅਨੁਸਾਰ ਉਨ੍ਹਾਂ ਦੇ ਦਾਦਾ, ਦਾਦੀ ਅਤੇ ਭਰਾ ਇਸ ਲੜਾਈ ਵਿਚ ਦੌਰਾਨ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਕਿ 1993 ਵਿੱਚ ਉਹ ਸਿਰਫ਼ 3 ਸਾਲ ਦੀ ਸੀ ਜਦੋਂ ਪੁਲਿਸ ਉਨ੍ਹਾਂ ਦੇ ਪਿਤਾ ਨੂੰ ਘਰੋਂ ਲੈ ਗਈ ਅਤੇ ਉਸ ਤੋਂ ਬਾਅਦ ਕਦੇ ਵਾਪਸ ਨਹੀਂ ਆਏ।

ਇਸ ਮਾਮਲੇ ਵਿਚ 1995 ਵਿੱਚ ਪਰਿਵਾਰ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਸੀ, ਜਿਸ ਵਿੱਚ ਪੁਲਿਸ ਨੇ ਜਵਾਬ ਦਿੱਤਾ ਕਿ ਪਲਵਿੰਦਰ ਸਿੰਘ ਲੋਕਅਪ ਤੋਂ ਭੱਜ ਗਏ। ਹਾਈ ਕੋਰਟ ਨੇ ਮਾਮਲਾ ਸੀਬੀਆਈ ਦੇ ਹਵਾਲੇ ਕੀਤਾ, ਜਿਸ ਨੇ 2005 ਵਿੱਚ ਚਾਰਜਸ਼ੀਟ ਫਾਇਲ ਕੀਤੀ। ਜਾਂਚ ਵਿੱਚ ਸਾਹਮਣੇ ਆਇਆ ਕਿ 27 ਮਾਰਚ 1993 ਨੂੰ ਕਰਮਜੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਪਲਵਿੰਦਰ ਸਿੰਘ ਨੂੰ ਰਾਵਲਪਿੰਡੀ ਤੋਂ ਤੇ ਮਨਜੀਤ ਸਿੰਘ ਨੇ ਬਲਬੀਰ ਸਿੰਘ ਨੂੰ ਫਗਵਾੜਾ ਤੋਂ ਗ੍ਰਿਫ਼ਤਾਰ ਕੀਤਾ ਸੀ। ਦੋਹਾਂ ਨੂੰ ਗੈਰਕਾਨੂੰਨੀ ਹਿਰਾਸਤ ਵਿੱਚ ਰੱਖਣ ਤੋਂ ਬਾਅਦ 5 ਅਪ੍ਰੈਲ ਨੂੰ ਝੂਠੇ ਮੁਕਾਬਲੇ 'ਚ ਮਾਰ ਦਿੱਤਾ ਗਿਆ ਅਤੇ ਉਨ੍ਹਾਂ ਦੀਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਵੀ ਪੁਲਿਸ ਨੇ ਆਪਣੇ ਪਾਸੋਂ ਕਰ ਦਿੱਤਾ। ਹੁਣ 32 ਸਾਲ ਬਾਅਦ ਮਿਲੇ ਇਨਸਾਫ਼ ਨੂੰ ਪਰਿਵਾਰ ਅਧੂਰਾ ਮੰਨ ਰਿਹਾ ਹੈ ਅਤੇ ਉਮਰ ਕੈਦ ਜਾਂ ਮੌਤ ਦੀ ਸਜ਼ਾ ਦੀ ਮੰਗ ਕਰ ਰਿਹਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.