ਤਾਜਾ ਖਬਰਾਂ
ਚੰਡੀਗੜ੍ਹ, 31 ਮਈ: ਪੰਜਾਬ ਯੂਨੀਵਰਸਿਟੀ ਦੇ ਕੈਂਪਸ ਸਟੂਡੈਂਟ ਕੌਂਸਲ ਦੇ ਪ੍ਰਧਾਨ ਅਨੁਰਾਗ ਦਲਾਲ ਵੱਲੋਂ ਯੂਨੀਵਰਸਿਟੀ ਦੇ ਨਾਮ ਵਿੱਚ ਬਦਲਾਅ ਕਰਨ ਦੀ ਮੰਗ ਉਠਾਈ ਗਈ ਸੀ। ਉਨ੍ਹਾਂ ਨੇ ਵਾਈਸ ਚਾਂਸਲਰ ਨੂੰ ਪੱਤਰ ਲਿਖ ਕੇ ਯੂਨੀਵਰਸਿਟੀ ਦਾ ਨਾਮ 'ਪੰਜਾਬ ਅਤੇ ਹਰਿਆਣਾ ਯੂਨੀਵਰਸਿਟੀ' ਕਰਨ ਦੀ ਸੁਝਾਵਨਾ ਦਿੱਤੀ। ਇਸ ਮੰਗ ਦੇ ਸਾਹਮਣੇ ਆਉਂਦਿਆਂ ਹੀ ਵਿਦਿਆਰਥੀਆਂ ਨੇ ਸਖ਼ਤ ਵਿਰੋਧ ਸ਼ੁਰੂ ਕਰ ਦਿੱਤਾ। ਵਿਦਿਆਰਥੀਆਂ ਦੇ ਵਿਰੋਧ ਅਤੇ ਦਬਾਅ ਕਾਰਨ ਅਨੁਰਾਗ ਦਲਾਲ ਨੇ ਟੈਲੀਫੋਨ ‘ਤੇ ਗੱਲਬਾਤ ਦੌਰਾਨ ਆਪਣਾ ਫੈਸਲਾ ਵਾਪਸ ਲੈਣ ਦਾ ਐਲਾਨ ਕੀਤਾ। ਵਿਦਿਆਰਥੀਆਂ ਦਾ ਸਪੱਸ਼ਟ ਸਟੈਂਡ ਸੀ ਕਿ ਪੰਜਾਬ ਯੂਨੀਵਰਸਿਟੀ ਦੇ ਨਾਮ ਵਿੱਚੋਂ ਇੱਕ ਅੱਖਰ ਵੀ ਨਹੀਂ ਬਦਲਣ ਦਿੱਤਾ ਜਾਵੇਗਾ, ਕਿਉਂਕਿ ਇਹ ਪੰਜਾਬ ਦੀ ਵਿਰਾਸਤ ਅਤੇ ਸਭਿਆਚਾਰ ਦਾ ਪ੍ਰਤੀਕ ਹੈ।
ਵਿਦਿਆਰਥੀ ਅਤੇ ਸਥਾਨਕ ਸੰਗਠਨਾਂ ਨੇ ਇਸ ਮੰਗ ਨੂੰ ਪੰਜਾਬ ਵਿਰੋਧੀ ਕਦਮ ਵਜੋਂ ਦੇਖਿਆ ਅਤੇ ਕਿਹਾ ਕਿ ਇਹ ਕੇਂਦਰ ਪੱਖੀ ਸਿਆਸਤ ਦਾ ਹਿੱਸਾ ਹੈ ਜੋ ਪੰਜਾਬ ਦੀ ਪਛਾਣ ਨੂੰ ਨੁਕਸਾਨ ਪਹੁੰਚਾਉਂਦੀ ਹੈ। ਯੂਨੀਵਰਸਿਟੀ ਦੀ ਸ਼ੁਰੂਆਤ ਲਾਹੌਰ ਤੋਂ ਹੋਣ ਅਤੇ ਬਾਅਦ ਵਿੱਚ ਚੰਡੀਗੜ੍ਹ ਵਿਚ ਆਉਣ ਕਾਰਨ ਇਸ ਦਾ ਨਾਮ ਪੰਜਾਬ ਦਾ ਅਹਿਮ ਹਿੱਸਾ ਹੈ ਜੋ ਚੰਡੀਗੜ੍ਹ ਤੇ ਪੰਜਾਬ ਦੇ ਦਾਅਵੇ ਨੂੰ ਮਜ਼ਬੂਤ ਕਰਦਾ ਹੈ।
ਵਿਦਿਆਰਥੀਆਂ ਨੇ ਅਨੁਰਾਗ ਦਲਾਲ ਉੱਤੇ ਹਰਿਆਣਾ ਦੀ ਸਿਆਸਤ ਦੀ ਦਲਾਲੀ ਕਰਨ ਦੇ ਦੋਸ਼ ਵੀ ਲਗਾਏ ਅਤੇ ਕਿਹਾ ਕਿ ਅਜਿਹੇ ਕਦਮ ਪੰਜਾਬ ਦੇ ਨੌਜਵਾਨਾਂ ਵਿੱਚ ਵਿਰੋਧ ਦੀ ਭਾਵਨਾ ਪੈਦਾ ਕਰਦੇ ਹਨ। ਸਥਾਨਕ ਸੰਗਠਨ ਸੱਥ ਨੇ ਵੀ ਇਸ ਮੰਗ ਦਾ ਜਬਰਦਸਤ ਵਿਰੋਧ ਕੀਤਾ ਅਤੇ ਪੰਜਾਬ ਦੀਆਂ ਸਾਰੀਆਂ ਧਿਰਾਂ ਨੂੰ ਇਕਜੁਟ ਹੋ ਕੇ ਯੂਨੀਵਰਸਿਟੀ ਦੇ ਨਾਮ ਅਤੇ ਚੰਡੀਗੜ੍ਹ 'ਤੇ ਪੰਜਾਬ ਦਾ ਦਾਅਵਾ ਮਜ਼ਬੂਤ ਕਰਨ ਲਈ ਅਪੀਲ ਕੀਤੀ।
ਨੌਜਵਾਨਾਂ ਨੂੰ ਸੁਚੇਤ ਕਰਦਿਆਂ ਸੱਥ ਨੇ ਕਿਹਾ ਕਿ ਕੇਂਦਰ ਪੱਖੀ ਪਾਰਟੀਆਂ ਦੇ ਲਾਲਚਾਂ ‘ਚ ਨਾ ਆਉਣ ਅਤੇ ਪੰਜਾਬ ਪੱਖੀ ਸਿਆਸਤ ਅਪਣਾਉਣ। ਉਨ੍ਹਾਂ ਨੇ ਅਜਿਹੇ ਪ੍ਰਧਾਨਾਂ ਅਤੇ ਵਿਅਕਤੀਆਂ ਨੂੰ ਚੁਣੌਤੀ ਦਿੱਤੀ, ਜੋ ਪੰਜਾਬ ਦੇ ਹਿੱਤਾਂ ਵਿਰੁੱਧ ਕੰਮ ਕਰਦੇ ਹਨ, ਅਤੇ ਐਲਾਨ ਕੀਤਾ ਕਿ ਅਜਿਹੀਆਂ ਹਰਕਤਾਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ।
ਇਸ ਮਾਮਲੇ ਨੇ ਸਪੱਸ਼ਟ ਕੀਤਾ ਕਿ ਪੰਜਾਬ ਯੂਨੀਵਰਸਿਟੀ ਸਿਰਫ ਸਿੱਖਿਆ ਦਾ ਕੇਂਦਰ ਨਹੀਂ, ਸਗੋਂ ਪੰਜਾਬ ਦੀਆਂ ਸਾਂਝੀਆਂ ਵਿਰਾਸਤਾਂ ਅਤੇ ਸਿਆਸੀ ਸ਼ਨਾਖਤਾਂ ਦੀ ਜੜ ਹੈ। ਇਸ ਵਿਰੋਧ ਨਾਲ ਇਹ ਸਾਬਤ ਹੋਇਆ ਕਿ ਪੰਜਾਬ ਦੀ ਜਨਤਾ ਆਪਣੀ ਪਹਿਚਾਣ ਅਤੇ ਸੰਸਕ੍ਰਿਤੀ ਨੂੰ ਬਚਾਉਣ ਲਈ ਇੱਕਜੁੱਟ ਹੈ ਅਤੇ ਕੋਈ ਵੀ ਯਤਨ ਜੋ ਪੰਜਾਬ ਦੇ ਹੱਕਾਂ ਨੂੰ ਨੁਕਸਾਨ ਪਹੁੰਚਾਵੇ, ਉਸ ਦਾ ਉਹਨਾਂ ਵੱਲੋਂ ਜਬਰਦਸਤ ਵਿਰੋਧ ਕੀਤਾ ਜਾਵੇਗਾ।
Get all latest content delivered to your email a few times a month.