ਤਾਜਾ ਖਬਰਾਂ
ਜਲੰਧਰ, 29 ਮਈ- ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਵੱਲੋਂ 5 ਦਿਨਾਂ ਦੇ ਰਿਮਾਂਡ ਮੁਕੰਮਲ ਹੋਣ ਤੋਂ ਬਾਅਦ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਵਿਜੀਲੈਂਸ ਟੀਮ ਨੇ ਰਮਨ ਅਰੋੜਾ ਦੇ 7 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ, ਪਰ ਅਦਾਲਤ ਨੇ ਇਹ ਮੰਗ ਖਾਰਜ ਕਰਦੇ ਹੋਏ ਵਿਧਾਇਕ ਨੂੰ ਸਿਰਫ 4 ਦਿਨਾਂ ਦੇ ਰਿਮਾਂਡ 'ਤੇ ਭੇਜਣ ਦਾ ਫ਼ੈਸਲਾ ਦਿੱਤਾ। ਇਸ ਮਾਮਲੇ ਵਿੱਚ ਦੋਵਾਂ ਧਿਰਾਂ ਦੇ ਵਕੀਲਾਂ ਨੇ ਅਦਾਲਤ ਵਿੱਚ ਆਪਣੀਆਂ-ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਰਮਨ ਅਰੋੜਾ ਦੇ ਵਕੀਲ ਦਰਸ਼ਨ ਸਿੰਘ ਦਿਆਲ ਨੇ ਦੱਸਿਆ ਕਿ ਪੁਰਾਣੀਆਂ ਦਲੀਲਾਂ ਪੇਸ਼ ਕੀਤੀਆਂ ਗਈਆਂ ਹਨ ਤੇ ਵਿਜੀਲੈਂਸ ਵੱਲੋਂ ਕੋਈ ਨਵੀਂ ਜਾਂ ਮਜ਼ਬੂਤ ਦਲੀਲ ਨਹੀਂ ਦਿੱਤੀ ਗਈ। ਵਿਜੀਲੈਂਸ ਨੇ ਜਾਇਦਾਦ ਸਬੰਧੀ ਕੁਝ ਲੋਕਾਂ ਦੇ ਬਿਆਨ ਦਰਜ ਕਰਵਾਏ ਪਰ ਅਦਾਲਤ ਵਿੱਚ ਉਹਨਾਂ ਬਿਆਨਾਂ ਦੀ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ।
ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਆਪਣਾ ਫ਼ੈਸਲਾ ਸੁਰੱਖਿਅਤ ਰੱਖਿਆ ਅਤੇ ਰਮਨ ਅਰੋੜਾ ਨੂੰ 4 ਦਿਨਾਂ ਲਈ ਰਿਮਾਂਡ 'ਤੇ ਭੇਜਿਆ। ਇਸ ਦੌਰਾਨ ਅਦਾਲਤ ਦੇ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ ਰਹੀ, ਜਿਸ ਨਾਲ ਮਾਮਲੇ ਦੀ ਗੰਭੀਰਤਾ ਦਾ ਪਤਾ ਲੱਗਦਾ ਹੈ। ਵਿਜੀਲੈਂਸ ਨੇ 7 ਦਿਨਾਂ ਦਾ ਰਿਮਾਂਡ ਮੰਗਿਆ ਸੀ, ਪਰ ਅਦਾਲਤ ਨੇ ਸਿਰਫ ਚਾਰ ਦਿਨਾਂ ਦਾ ਰਿਮਾਂਡ ਮੰਨਿਆ। ਇਸ ਮਾਮਲੇ ਵਿੱਚ ਅਜੇ ਵੀ ਅੱਗੇ ਕੀ ਕਾਰਵਾਈ ਹੁੰਦੀ ਹੈ, ਇਸ ਦੀ ਉਡੀਕ ਕੀਤੀ ਜਾ ਰਹੀ ਹੈ।
Get all latest content delivered to your email a few times a month.