ਤਾਜਾ ਖਬਰਾਂ
ਰੂਪਨਗਰ, 25 ਮਈ: ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਨਸ਼ਿਆ ਵਿਰੁੱਧ ਇੱਕ ਯੁੱਧ ਦਾ ਐਲਾਨ ਕੀਤਾ ਹੈ। ਇਸ ਨੂੰ ਅਪਾਰ ਸਫਲਤਾ ਮਿਲ ਰਹੀ ਹੈ, ਪ੍ਰੰਤੂ ਇਹ ਮੁਹਿੰਮ ਲਗਾਤਾਰ ਜਾਰੀ ਰੱਖਣ ਲਈ ਸਾਨੂੰ ਸਾਰਿਆ ਨੂੰ ਸਾਂਝੇ ਤੌਰ ਤੇ ਆਪਣਾ ਯੋਗਦਾਨ ਪਾਉਣਾ ਪਵੇਗਾ। ਭੋਲੇ-ਭਾਲੇ ਨੌਜਵਾਨਾਂ ਨੂੰ ਨਸ਼ੇ ਦੀ ਗ੍ਰਿਫਤ ਵਿੱਚ ਜਕੜਨ ਵਾਲੇ ਨਸ਼ਿਆ ਦੇ ਸੌਦਾਗਰਾਂ ਨੂੰ ਜੇਲ੍ਹਾਂ ਵਿੱਚ ਡੱਕਣਾ ਬਹੁਤ ਜਰੂਰੀ ਹੈ। ਇਸ ਦੇ ਲਈ ਪੰਜਾਬ ਸਰਕਾਰ ਨੇ ਇੱਕ ਵਿਆਪਕ ਅਭਿਆਨ ਸ਼ੁਰੂ ਕਰ ਦਿੱਤਾ ਹੈ ਜਿਸਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਪਰੰਤੂ ਨਸ਼ੇ ਦੇ ਕੋਹੜ ਨੂੰ ਜੜ੍ਹੋਂ ਖਤਮ ਕਰਨ ਲਈ ਆਮ ਜਨਤਾ ਦੇ ਸਹਿਯੋਗ ਦੀ ਵੀ ਅਹਿਮ ਲੋੜ ਹੈ।
ਉਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਜਾਗਰੂਕਤਾ ਯਾਤਰਾ ਦੇ ਪਿੰਡ ਦੁੱਗਰੀ, ਨਵਾਂ ਮਲਕਪੁਰ ਅਤੇ ਧਲੋ ਵਿਖੇ ਪਹੁੰਚਣ ਤੇ ਆਮ ਲੋਕਾਂ ਨੂੰ ਸੰਬੋਧਨ ਕਰਦਿਆਂ ਪੇਸ਼ ਕੀਤੇ।
ਵਿਧਾਇਕ ਚੱਢਾ ਨੇ ਕਿਹਾ ਕਿ ਇਸ ਅਭਿਆਨ ਤਹਿਤ ਹਰ ਪਿੰਡ, ਸ਼ਹਿਰ ਗਲੀ ਮੁਹੱਲੇ ਦੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਕਿ ਉਹ ਨਸ਼ਾ ਵਿਕਰੇਤਾਵਾਂ ਦੀ ਸੂਚਨਾ ਬੇਖ਼ੌਫ ਹੋ ਕੇ ਦੇਣ ਤੇ ਇਹ ਵੀ ਭਰੋਸਾ ਦੇ ਰਹੇ ਹਾਂ ਕਿ ਉਨ੍ਹਾਂ ਵੱਲੋਂ ਦਿੱਤੀ ਜਾਣਕਾਰੀ ਗੁਪਤ ਰੱਖੀ ਜਾਵੇਗੀ।
ਉਨ੍ਹਾਂ ਕਿਹਾ ਕਿ ਨਸ਼ਿਆ ਦੀ ਜਕੜਨ ਵਿਚ ਆਏ ਭੋਲੇ ਭਾਲੇ ਲੋਕਾਂ ਨਾਲ ਹਮਦਰਦੀ ਨਾਲ ਨਜਿੱਠਿਆ ਜਾਵੇਗਾ, ਉਨ੍ਹਾਂ ਦੇ ਇਲਾਜ ਉਤੇ ਭਾਵੇ ਜਿਸ ਤਰਾਂ ਪ੍ਰਬੰਧ ਕਰਨੇ ਪੈਣ ਸਰਕਾਰ ਸੰਜੀਦਗੀ ਨਾਲ ਕੰਮ ਕਰੇਗੀ, ਪ੍ਰੰਤੂ ਇਹ ਮਿਸ਼ਨ ਸਿਰਫ ਸਰਕਾਰ ਅਤੇ ਪੁਲਿਸ ਵਿਭਾਗ ਵੱਲੋਂ ਸਫਲ ਨਹੀ ਬਣਾਇਆ ਜਾ ਸਕਦਾ। ਇਸ ਵਿੱਚ ਹਰ ਨਾਗਰਿਕ ਦਾ ਸਹਿਯੋਗ ਬਹੁਤ ਜਰੂਰੀ ਹੈ।
ਹਲਕਾ ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਵਿਆਪਕ ਕੰਮ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਹੋਰ ਦੱਸਿਆ ਕਿ ਨਸ਼ਿਆ ਦੇ ਕਾਰੋਬਾਰ ਨਾਲ ਹੋਈ ਆਮਦਨ ਤੋਂ ਜਾਇਦਾਦਾਂ ਖੜੀਆਂ ਕਰਨ ਵਾਲਿਆਂ ਵਿਰੁੱਧ ਕਾਰਵਾਈ ਚੱਲ ਰਹੀ ਹੈ। ਕਈ ਥਾਵਾਂ ਤੋਂ ਨਸ਼ਾ ਤਸਕਰ ਘਰਾਂ ਨੂੰ ਤਾਲੇ ਲਗਾ ਕੇ ਫਰਾਰ ਹੋ ਗਏ ਹਨ, ਪ੍ਰੰਤੂ ਅਸੀ ਅਜਿਹੇ ਦੋਸ਼ੀਆਂ ਨੂੰ ਹੁਣ ਬਖਸ਼ਣ ਦੀ ਥਾਂ ਜੇਲ੍ਹਾ ਦੇ ਅੰਦਰ ਡੱਕ ਰਹੇ ਹਾਂ।
ਇਸ ਮੌਕੇ ਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਬਾਲਾ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਮੁਹਿੰਮ ਦੇ ਤਹਿਤ ਉਨ੍ਹਾਂ ਦੀ ਸਮੁੱਚੀ ਟੀਮ ਹਲਕੇ ਦੀ ਹਰੇਕ ਪਿੰਡ ਤੇ ਜਾ ਕੇ ਅਲਖ ਜਗਾ ਰਹੀ ਹੈ ਤਾਂ ਜੋ ਨਸ਼ੇ ਦੀ ਇਸ ਨਾਮ ਮੁਰਾਦ ਬਿਮਾਰੀ ਨੂੰ ਜੜ ਤੋਂ ਖਤਮ ਕੀਤਾ ਜਾ ਸਕੇ।
ਇਸ ਮੌਕੇ ਐਸਡੀਐਮ ਸੰਜੀਵ ਕੁਮਾਰ, ਐਸਐਚਓ ਸਿਮਰਨਜੀਤ ਸਿੰਘ, ਕੋਆਰਡੀਨੇਟਰ ਅਵਤਾਰ ਸਿੰਘ ਕੂਨਰ, ਕ੍ਰਿਸ਼ਨ ਸਿੰਘ, ਐਡਵੋਕੇਟ ਗੌਰਵ ਕਪੂਰ, ਸਰਪੰਚ ਵਿਕਰਾਂਤ ਚੌਧਰੀ, ਬਿਕਰਮਜੀਤ ਸਿੰਘ ਘਨੌਲੀ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ।
Get all latest content delivered to your email a few times a month.