ਤਾਜਾ ਖਬਰਾਂ
ਪਟਿਆਲਾ, 24 ਮਈ:
ਪੰਜਾਬ ਦੇ ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਭਾਸ਼ਾ ਵਿਭਾਗ ਪੰਜਾਬ ਦੀ ਕਾਰਗੁਜ਼ਾਰੀ ਦਾ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨਾਲ ਮੀਟਿੰਗ ਕਰਕੇ ਸਮੀਖਿਆ ਕੀਤੀ। ਸ. ਬੈਂਸ ਨੇ ਵਿਭਾਗ ਵੱਲੋਂ ਵੱਡਮੁੱਲੀਆਂ ਕਿਤਾਬਾਂ ਦੀ ਡਿਜੀਟਾਈਜੇਸ਼ਨ ਦੇ ਯਤਨਾਂ ਨੂੰ ਬਹੁਤ ਮਹੱਤਵਪੂਰਨ ਅਤੇ ਪੰਜਾਬੀ ਭਾਈਚਾਰੇ ਲਈ ਲਾਭਦਾਇਕ ਘੋਸ਼ਿਤ ਕੀਤਾ। ਉਨ੍ਹਾਂ ਨੇ ਵੈੱਬਸਾਈਟ ਰਾਹੀਂ ਈ-ਪੁਸਤਕਾਂ, ਆਡੀਓ ਪੁਸਤਕਾਂ ਅਤੇ ਸ਼ਬਦ ਕੋਸ਼ਾਂ ਦੇ ਜ਼ਰੀਏ ਪੰਜਾਬੀ ਪਾਠਕਾਂ ਨੂੰ ਮਿਆਰੀ ਸਮੱਗਰੀ ਮੁਹੱਈਆ ਕਰਵਾਉਣ ਦੇ ਕਾਰਜ ਦੀ ਵੀ ਸਰਾਹਣਾ ਕੀਤੀ।
ਮੰਤਰੀ ਨੇ ਰਾਜ ਭਾਸ਼ਾ ਐਕਟ ਅਧੀਨ ਪੰਜਾਬੀ ਭਾਸ਼ਾ ਨੂੰ ਸਰਕਾਰੀ ਦਫਤਰਾਂ ਵਿੱਚ ਲਾਗੂ ਕਰਨ ਵਾਲੀ ਮੁਹਿੰਮ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਮਸ਼ੀਨੀ ਬੁੱਧੀਮਾਨਤਾ ਖੇਤਰ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਹੋ ਰਹੀਆਂ ਵਰਕਸ਼ਾਪਾਂ ਅਤੇ ਤਕਨੀਕੀ ਕਾਰਜਾਂ ਨੂੰ ਜਾਰੀ ਰੱਖਣ ਦਾ ਹੁਕਮ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਭਾਸ਼ਾ ਵਿਭਾਗ ਦੇ ਵਿਲੱਖਣ ਯਤਨਾਂ ਨੂੰ ਪੂਰੀ ਤਰ੍ਹਾਂ ਸਹਿਯੋਗ ਦੇਵੇਗੀ ਅਤੇ ਲੰਬੇ ਸਮੇਂ ਤੋਂ ਰੁਕੇ ਹੋਏ ਕਾਰਜ ਜਲਦੀ ਮੁਕੰਮਲ ਕਰਨ ਲਈ ਮਦਦ ਕਰੇਗੀ।
ਸ. ਬੈਂਸ ਨੇ ਵਿਭਾਗ ਨੂੰ ਸੁਝਾਇਆ ਕਿ ਨਾਮਵਰ ਲੇਖਕਾਂ ਨਾਲ ਵੱਧ ਤੋਂ ਵੱਧ ਮੁਲਾਕਾਤਾਂ ਕਰਨ ਅਤੇ ਸੋਸ਼ਲ ਮੀਡੀਆ ਰਾਹੀਂ ਨਵੀਂ ਪੀੜ੍ਹੀ ਨੂੰ ਸਾਹਿਤ ਨਾਲ ਜੋੜਨ ਦੇ ਉਪਰਾਲੇ ਕੀਤੇ ਜਾਣ। ਉਨ੍ਹਾਂ ਪੰਜਾਬ ਤੋਂ ਬਾਹਰ ਪੰਜਾਬੀ ਸਮਾਗਮਾਂ ਦੇ ਆਯੋਜਨ ਬੜੇ ਪੱਧਰ ਤੇ ਕਰਨ ਦੀ ਗੱਲ ਵੀ ਕੀਤੀ ਤਾਂ ਜੋ ਵਿਦੇਸ਼ਾਂ ਵਿੱਚ ਰਹਿਣ ਵਾਲੇ ਪੰਜਾਬੀਆਂ ਨੂੰ ਭਾਸ਼ਾ ਅਤੇ ਸੱਭਿਆਚਾਰ ਨਾਲ ਜੋੜਿਆ ਜਾ ਸਕੇ। ਪੰਜਾਬੀਆਂ ਨੂੰ ਕਿਤਾਬਾਂ ਨੂੰ ਤੋਹਫ਼ੇ ਵਜੋਂ ਦੇਣ ਦਾ ਰੁਝਾਨ ਵਧਾਉਣ ਦੀ ਅਪੀਲ ਵੀ ਕੀਤੀ ਗਈ।
ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਸ. ਬੈਂਸ ਨੂੰ ਵਿਭਾਗ ਦੇ ਮਾਮਲਿਆਂ ਬਾਰੇ ਜਾਣੂ ਕਰਵਾਇਆ, ਜਿਵੇਂ ਕਿ ਖਾਲੀ ਅਸਾਮੀਆਂ ਭਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨਾ, ਪੁਸਤਕਾਂ ਅਤੇ ਰਸਾਲਿਆਂ ਦੀ ਛਪਾਈ ਦੇ ਬਕਾਇਆ ਕਾਰਜ ਪੂਰੇ ਕਰਵਾਉਣ ਅਤੇ ਸਾਹਿਤ ਸਦਨ ਨਾਲ ਸਬੰਧਤ ਮੁੱਦਿਆਂ ਨੂੰ ਹੱਲ ਕਰਨਾ। ਮੰਤਰੀ ਨੇ ਜਲਦੀ ਰਿਪੋਰਟ ਲੈ ਕੇ ਲੋੜੀਦੀ ਕਾਰਵਾਈ ਕਰਨ ਦਾ ਭਰੋਸਾ ਦਿਤਾ ਅਤੇ ਛਪਾਈ ਸਬੰਧੀ ਮੀਟਿੰਗ ਕਰਨ ਦੇ ਆਦੇਸ਼ ਜਾਰੀ ਕੀਤੇ।
Get all latest content delivered to your email a few times a month.